9 Views
ਬੇ-ਭਰੋਸਗੀ ਦੇ ਮਤੇ ਉਪਰ ਵੋਟਿੰਗ ਕਰਵਾਉਣ ਲਈ ਸੱਦੀ ਮੀਟਿੰਗ
ਬਠਿੰਡਾ, 3 ਨਵੰਬਰ: ਪਿਛਲੇ ਲੰਬੇ ਸਮੇਂ ਤੋਂ ਬਠਿੰਡਾ ਦੀ ਮੇਅਰ ਵਿਰੁੱਧ ਚੱਲ ਰਹੀ ਸਿਆਸੀ ਕਸ਼ਮਕਸ਼ ਦੌਰਾਨ ਕਾਂਗਰਸ ਪਾਰਟੀ ਦੇ ਕੌਂਸਲਰਾਂ ਵੱਲੋਂ ਦਿੱਤੇ ਬੇਭਰੋਸਗੀ ਦੇ ਮਤੇ ਉੱਪਰ ਆਗਾਮੀ 15 ਨਵੰਬਰ ਨੂੰ ਫੈਸਲਾ ਹੋਵੇਗਾ। ਇਸ ਸਬੰਧ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਕਮ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਮੀਟਿੰਗ ਬੁਲਾਉਣ ਸਬੰਧੀ ਅੱਜ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਮੀਟਿੰਗ ਵਿੱਚ ਬੇਭਰੋਸਗੀ ਦੇ ਮਤੇ ਦੌਰਾਨ ਕਾਂਗਰਸੀ ਕੌਂਸਲਰਾਂ ਵੱਲੋਂ ਮੇਅਰ ਨੂੰ ਗੱਦੀਓ ਉਤਾਰਨ ਦੇ ਲਈ ਆਪਣੇ ਹੱਕ ਵਿਚ ਦੋ ਤਿਹਾਈ ਮੈਂਬਰ ਭੁਗਤਾਉਣਾ ਪੈਣਗੇ। ਜਦਕਿ ਮੇਅਰ ਨੂੰ ਆਪਣੀ ਗੱਦੀ ਬਰਕਰਾਰ ਰੱਖਣ ਲਈ ਸਿਰਫ 17 ਕੌਂਸਲਰਾਂ ਦੀ ਹੀ ਜ਼ਰੂਰਤ ਹੋਵੇਗੀ। ਦੱਸਣਾ ਬਣਦਾ ਹੈ ਕਿ 17 ਅਕਤੂਬਰ ਵਾਲੇ ਦਿਨ ਢਾਈ ਦਰਜਨ ਦੇ ਕਰੀਬ ਕੌਂਸਲਰਾਂ ਨੇ ਮੇਅਰ ਵਿਰੁੱਧ ਬੇਭਰੋਸਗੀ ਦਾ ਮਤਾ ਕਮਿਸ਼ਨਰ ਨੂੰ ਸੌਂਪਿਆ ਸੀ ਅਤੇ ਜਲਦੀ ਹੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਸੀ।
ਨਿਯਮਾਂ ਦੇ ਤਹਿਤ ਮਤੇ ਉਪਰ ਇਕ ਮਹੀਨੇ ਅੰਦਰ ਮੀਟਿੰਗ ਸੱਦਣੀ ਜ਼ਰੂਰੀ ਹੈ, ਜਿਸਤੋਂ ਬਾਅਦ ਹੁਣ ਇਹ ਮੀਟਿੰਗ ਰੱਖੀ ਗਈ ਹੈ। ਗੌਰਤਲਬ ਹੈ ਕਿ ਸਾਲ 2021 ਵਿੱਚ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਈ ਚੋਣ ਵਿੱਚ ਬਠਿੰਡਾ ਨਗਰ ਨਿਗਮ ਦੇ ਕੁੱਲ 50 ਵਾਰਡਾਂ ਵਿੱਚੋਂ 43 ਵਿੱਚ ਕਾਂਗਰਸ ਪਾਰਟੀ ਨਾਲ ਸੰਬੰਧਿਤ ਕੌਂਸਲਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਇਸ ਦੌਰਾਨ ਤਤਕਾਲੀ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਤੇ ਪੰਜਾਬ ਸਰਕਾਰ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੈਡਮ ਰਮਨ ਗੋਇਲ ਨੂੰ ਮੇਅਰ ਦੀ ਕੁਰਸੀ ‘ਤੇ ਬਿਰਾਜਮਾਨ ਕਰ ਦਿੱਤਾ ਸੀ। ਜਿਸਦੇ ਕਾਰਨ ਮੌਜੂਦਾ ਵਿਧਾਇਕ ਤੇ ਤਤਕਾਲੀ ਸੀਨੀਅਰ ਕਾਂਗਰਸੀ ਕੌਂਸਲਰ ਜਗਰੂਪ ਸਿੰਘ ਗਿੱਲ ਸਹਿਤ ਕਈ ਸੀਨੀਅਰ ਕਾਂਗਰਸੀ ਕੌਂਸਲਰ ਨਰਾਜ਼ ਹੋ ਗਏ ਸਨ ਪਰੰਤੂ ਮਨਪ੍ਰੀਤ ਬਾਦਲ ਦੇ ਪ੍ਰਭਾਵ ਦੇ ਚੱਲਦਿਆਂ ਮਾਮਲਾ ਦਬ ਗਿਆ ਹਾਲਾਂਕਿ ਸ: ਗਿੱਲ ਨੇ ਰੋਸ ਵਜੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਪ ਵਿਚ ਸ਼ਮੂਲੀਅਤ ਕਰ ਲਈ ਸੀ ਤੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਹਰਾ ਦਿੱਤਾ ਸੀ। ਇਸ ਦੌਰਾਨ ਮਨਪ੍ਰੀਤ ਬਾਦਲ ਦੀ ਹੋਈ ਹਾਰ ਕਾਰਨ ਕਾਂਗਰਸ ਪਾਰਟੀ ਦੇ ਜਿਆਦਾਤਰ ਕੌਂਸਲਰਾਂ ਨੇ ਮੇਅਰ ਵਿਰੁੱਧ ਬਗਾਵਤ ਦਾ ਝੰਡਾ ਚੁੱਕ ਲਿਆ ਸੀ।
ਸਾਲ 2023 ਦੇ ਸ਼ੁਰੂ ਵਿੱਚ ਸ: ਬਾਦਲ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਸੀ। ਜਿਸ ਤੋਂ ਬਾਅਦ ਮਨਪ੍ਰੀਤ ਦੇ ਹੱਕ ਵਿੱਚ ਹਾਮੀ ਭਰਨ ਵਾਲੀ ਮੇਅਰ ਰਮਨ ਗੋਇਲ ਸਹਿਤ ਕੁਝ ਕੌਂਸਲਰਾਂ ਨੂੰ ਕਾਂਗਰਸ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਜਦਕਿ ਕੁਝ ਕੌਂਸਲਰਾਂ ਨੇ ਇਸਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਨੂੰ ਖੁਦ ਹੀ ਅਲਵਿਦਾ ਕਹਿ ਦਿੱਤਾ ਸੀ। ਮੌਜੂਦਾ ਸਮੇਂ ਕਾਂਗਰਸ ਪਾਰਟੀ ਵੱਲੋਂ ਆਪਣੇ ਹੱਕ ਵਿੱਚ 33 ਕੌਂਸਲਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਹਾਲਾਂਕਿ ਮਨਪ੍ਰੀਤ ਬਾਦਲ ਦੇ ਖੇਮੇ ਵਲੋਂ ਵੀ ਆਪਣੇ ਨਾਲ ਡੇਢ ਦਰਜਨ ਕੌਂਸਲਰ ਹੋਣ ਦਾ ਦਮ ਭਰਿਆ ਜਾ ਰਿਹਾ ਹੈ ਪਰੰਤੂ ਦੋਨਾਂ ਧਿਰਾਂ ਵਿਚੋਂ ਕਿਸਦੀ ਝੋਲੀ ਵਿਚ ਜ਼ਿਆਦਾ ਦਾਣੇ ਹਨ, ਇਸਦਾ ਪਤਾ 15 ਨਵੰਬਰ ਨੂੰ ਬਾਅਦ ਦੁਪਹਿਰ ਹੋਣ ਵਾਲੀ ਮੀਟਿੰਗ ਵਿੱਚ ਹੀ ਚੱਲੇਗਾ। ਇਸਤੋਂ ਇਲਾਵਾ ਬੇਭਰੋਸਗੀ ਦੇ ਮਤੇ ਉਪਰ ਹੋਣ ਵਾਲੀ ਵੋਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਅੱਧੀ ਦਰਜਨ ਦੇ ਕਰੀਬ ਕੌਂਸਲਰਾਂ ਦੀ ਭੂਮਿਕਾ ਵੀ ਵੱਡਾ ਪ੍ਰਭਾਵ ਦਿਖਾਵੇਗੀ।