ਆਪ ਸਰਕਾਰ ਵਿਚ ਜਿਆਦਾਤਰ ਦੂਜੀ ਵਾਰ ਜਿੱਤੇ ਵਿਧਾਇਕ ਬਣ ਸਕਦੇ ਹਨ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਮਾਰਚ: ਅਪਣੀ ਹਰਮਨਪਿਆਰਤਾ ਦੀ ਬਦੌਲਤ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਹੂੰਝਾ ਫ਼ੇਰ ਜਿੱਤ ਦਿਵਾਉਣ ਵਾਲੇ ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਦੇ ਅਹੁੱਦੇ ਦੀ ਸਹੁੰ ਚੁੱਕਣਗੇ। ਇਸਦੇ ਲਈ ਅੱਜ ਉਨ੍ਹਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਕੇ ਆਪ ਵਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਬੀਤੇ ਕੱਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਪਣੀ ਕੈਬਨਿਟ ਸਮੇਤ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਆਪ ਆਗੂਆਂ ਮੁਤਾਬਕ ਇਸ ਸਹੁੰ ਚੁੱਕ ਸਮਾਗਮ ਵਿਚ ਵਿਸੇਸ ਤੌਰ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਤੇ ਉਨ੍ਹਾਂ ਦੀ ਕੈਬਨਿਟ ਪੁੱਜ ਰਹੀ ਹੈ ਜਦੋਂਕਿ ਹਾਲੇ ਤੱਕ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਦੇ ਆਉਣ ਦੀ ਪੁਸ਼ਟੀ ਨਹੀਂ ਹੋਈ ਹੈ। ਇਸਤੋਂ ਇਲਾਵਾ ਸ਼ੁੱਕਰਵਾਰ ਨੂੰ ਦਿੱਲੀ ਵਿੱਚ ‘ਆਪ‘ ਆਗੂਆਂ ਦੀ ਬੈਠਕ ‘ਚ ਫ਼ੈਸਲਾ ਕੀਤਾ ਗਿਆ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ 13 ਮਾਰਚ ਨੂੰ ਗੁਰੂ ਦੀ ਨਗਰੀ ਅੰਮਿ੍ਰਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਮੰਦਰ ਦੇ ਦਰਸ਼ਨ ਕਰਨਗੇ ਅਤੇ ਇਤਿਹਾਸਕ ਜਿੱਤ ਲਈ ਮੱਥਾ ਟੇਕ ਕੇ ਪ੍ਰਮਾਤਮਾ ਦਾ ਸ਼ੁਕਰੀਆ ਕਰਨਗੇ। ਇਸ ਤੋਂ ਬਾਅਦ ਦੋਵੇਂ ਆਗੂ ਪੰਜਾਬ ਵਾਸੀਆਂ ਦਾ ਧੰਨਵਾਦ ਕਰਨ ਲਈ ਅੰਮਿ੍ਰਤਸਰ ‘ਚ ਰੋਡ ਸ਼ੋਅ ਕਰਨਗੇ। ਦਸਣਾ ਬਣਦਾ ਹੈ ਕਿ ਦੋ ਤਿਹਾਈ ਤੋਂ ਵੀ ਵੱਧ ਸੀਟਾਂ ਮਿਲਣ ਤੋਂ ਬਾਅਦ ਭਗਵੰਤ ਮਾਨ ਨੇ ਬੀਤੇ ਕੱਲ ਹੀ ਦਿੱਲੀ ਪੁੱਜ ਕੇ ਸ੍ਰੀ ਕੇਜ਼ਰੀਵਾਲ ਨੂੰ ਵਧਾਈ ਦਿੱਤੀ ਸੀ। ਇਸ ਦੌਰਾਨ ਸ: ਮਾਨ ਦੀ ਅਗਵਾਈ ਹੇਠ ਪੰਜਾਬ ਦੀ ਅਗਲੀ ਬਣਨ ਵਾਲੀ ਕੈਬਨਿਟ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ। ਚਰਚਾ ਮੁਤਾਬਕ ਭਗਵੰਤ ਮਾਨ ਤੇ ਕੇਜ਼ਰੀਵਾਲ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਨਾਲ ਡਟੇ ਖੜੇ ਵਿਧਾਇਕਾਂ ਤੇ ਖ਼ਾਸਤੌਰ ’ਤੇ ਦੂਜੀ ਵਾਰ ਜਿੱਤੇ ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਲੈਣ ਨੂੰ ਤਰਜੀਹ ਦੇਣਗੇ। ਪਾਰਟੀ ਦੀਆਂ ਦੋ ਮਹਿਲਾਂ ਵਿਧਾਇਕ ਪ੍ਰੋ ਬਲਜਿੰਦਰ ਕੌਰ ਤੇ ਸਰਬਜੀਤ ਕੌਰ ਮਾਣੂਕੇ ਦਾ ਮੰਤਰੀ ਬਣਨਾ ਤੈਅ ਹੈ। ਇਸੇ ਤਰ੍ਹਾਂ ਸਾਬਕਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਯੂਥ ਆਗੂ ਮੀਤ ਹੇਅਰ, ਹਰਜੌਤ ਸਿੰਘ ਬੈਂਸ, ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ, ਫ਼ਰੀਦਕੋਟ ਤੋਂ ਕੁਲਤਾਰ ਸਿੰਘ ਸੰਧਵਾ ਦਾ ਨਾਮ ਵੀ ਮੰਤਰੀ ਬਣਨ ਵਾਲਿਆਂ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
Share the post "16 ਨੂੰ ਚੁੱਕਣਗੇ ਭਗਵੰਤ ਮਾਨ ਮੁੱਖ ਮੰਤਰੀ ਅਹੁਦੇ ਦੀ ਸਹੁੰ, ਰਾਜਪਾਲ ਕੋਲ ਜਤਾਇਆ ਦਾਅਵਾ"