ਜਿਸ ਬੀਬੀ ਨੂੰ ਵਿਧਾਇਕ, ਮੰਤਰੀ ਤੇ ਪ੍ਰਧਾਨ ਬਣਾਇਆ, ਉਸੇ ਨੇ ਅੱਜ ਮੁੜ ਇਤਿਹਾਸ ਦੁਹਰਾਇਆ
ਆਖ਼ਰਕਾਰ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਦਿਖਾਇਆ ਬਾਹਰ ਦਾ ਰਾਸਤਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ‘ਤੇ ਅੜੀ ਬੀਬੀ ਵਿਰੁੱਧ ਕੀਤੀ ਸਖਤ ਕਾਰਵਾਈ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 7 ਨਵੰਬਰ: ਜੇਕਰ ਸਿੱਖ ਇਤਿਹਾਸ ਦੇ ਕੁੱਝ ਪੁਰਾਣੇ ਵਰਕਿਆਂ ਨੂੰ ਫ਼ਰੋਲਿਆਂ ਜਾਵੇ ਤਾਂ ਸੱਤਾ ਦੇ ਨਸ਼ੇ ’ਚ ਚੂਰ ਬਾਦਲਾਂ ਨੇ ਜਿਸ ਬੀਬੀ ਲਈ ਬੇਦਾਗ ਸਖ਼ਸੀਅਤ ਮੰਨੇ ਜਾਂਦੇ ਪੰਥ ਰਤਨ ਮਹਰੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੂੰ ‘ਬੇਇੱਜ਼ਤ’ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚੋਂ ਕੱਢਿਆ ਸੀ, ਅੱਜ ਉਸੇ ਬੀਬੀ ਜੰਗੀਰ ਕੌਰ ਨੇ ਬਾਦਲਾਂ ਨੂੰ ਉਸੇ ਤਰ੍ਹਾਂ ਵੱਡੀ ਸਿਆਸੀ ਸੱਟ ਮਾਰ ਕੇ ਕਸੂਤੇ ਫ਼ਸਾ ਦਿੱਤਾ ਹੈ। ਹਾਲਾਂਕਿ ਪ੍ਰਧਾਨ ਦੀ ਚੋਣ ਲੜਨ ਲਈ ਮੈਦਾਨ ਵਿੱਚ ਡਟੀ ਹੋਈ ਬੀਬੀ ਜਗੀਰ ਕੌਰ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਪ੍ਰੰਤੂ ਬੀਬੀ ਜੀ ਦੇ ਪ੍ਰਵਾਰਕ ਮਸਲਿਆਂ ਤੋਂ ਲੈ ਕੇ ਕਈ ਹੋਰਨਾਂ ਮਾਮਲਿਆਂ ਵਿਚ ਪੰਥ ਦੀ ਪ੍ਰਵਾਹ ਨਾ ਕਰਨ ਵਾਲੇ ਬਾਦਲ ਪ੍ਰਵਾਰ ਨੂੰ ਅੱਜ ਮੁੜ ਪੰਥ ਦੀ ਯਾਦ ਸਤਾਉਣ ਲੱਗੀ ਹੈ। ਦੋ ਦਿਨ ਬਾਅਦ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੇ ਅਹੁੱਦੇਦਾਰਾਂ ਦੀ ਹੋਣ ਜਾ ਰਹੀ ਚੋਣ ਤੋਂ ਪਹਿਲਾਂ ਇਸ ਗੱਲ ਦਾ ਜਿਕਰ ਕਰਨਾ ਜਰੂਰੀ ਬਣਦਾ ਹੈ ਕਿ ਜਦ ਪੂਰੀ ਦੁਨੀਆਂ ’ਚ ਪੂਰੇ ਉਤਸ਼ਾਹ ਤੇ ਸਰਧਾ ਨਾਲ 1999 ਵਿਚ ਖ਼ਾਲਸਾ ਪੰਥ ਦਾ ਸਾਜ਼ਨਾ ਦਿਵਸ ਮਨਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਪੰਥ ਦੇ ਰੋਸ਼ਨ ਦਿਮਾਗ ਮੰਨੇ ਜਾਣ ਵਾਲੇ ਮਹਰੂਮ ਟੋਹੜਾ ਨੂੰ ਵੱਡੇ ਬਾਦਲ ਨੂੰ ਸਿਰਫ਼ ਇਹ ਸਲਾਹ ਦੇਣੀ ਮਹਿੰਗੀ ਪੈ ਗਈ ਸੀ ਕਿ ਉਹ ਸਰਕਾਰ ਦੇ ਮੁਖੀ ਹੋਣ ਦੇ ਨਾਤੇ ਅਪਣੀ ਥਾਂ ਸ਼੍ਰੋਮਣੀ ਅਕਾਲੀ ਦਲ ਦਾ ਕਾਰਜ਼ਕਾਰੀ ਪ੍ਰਧਾਨ ਕਿਸੇ ਹੋਰ ਨੂੰ ਬਣਾ ਦੇਣ। ਲਗਾਤਾਰ ਢਾਈ ਦਹਾਕਿਆਂ ਤੋਂ ਵੱਧ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਂਦੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿਣ ਵਾਲੇ ਜਥੇਦਾਰ ਟੋਹੜਾ ਵਲੋਂ ਇਹ ਬੇਨਤੀ ਕਰਨ ਦੇ ਬਾਵਜੂਦ ਕਿ ਉਹ ਖ਼ੁੁਦ ਵਿਸਾਖ਼ੀ ਦਾ ਤਿਊਹਾਰ ਲੰਘਣ ਤੋਂ ਬਾਅਦ ਇਸ ਸੰਸਥਾ ਤੋਂ ਅਸਤੀਫ਼ਾ ਦੇ ਦੇਣਗੇ, ਉਨ੍ਹਾਂ ਨੂੰ ਵਿਸਾਖੀ ਤੋਂ ਚੰਦ ਦਿਨ ਪਹਿਲਾਂ ਅਹੁੱਦੇ ਤੋਂ ਹਟਾ ਦਿੱਤਾ ਗਿਆ ਸੀ। ਹਾਲਾਂਕਿ ਟੋਹੜਾ ਦੇ ਪੱਖ ਵਿਚ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਡਟ ਕੇ ਖੜੇ ਰਹੇ ਸਨ। ਜਥੇਦਾਰ ਟੋਹੜਾ ਨੂੰ ਹਟਾਉਣ ਤੋਂ ਬਾਅਦ ਅਚਾਨਕ ਪੰਥ ਦੀ ਸਿਆਸਤ ’ਚ ਚਮਕੀ ਬੀਬੀ ਜੰਗੀਰ ਕੌਰ ਨਾਲ ਕਈ ਵਿਵਾਦ ਵੀ ਜੁੜਦੇ ਰਹੇ ਪ੍ਰੰਤੂ ਬਾਦਲਾਂ ਨੇ ਇੰਨ੍ਹਾਂ ਵਿਵਾਦਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਅਪਣੀ ਮਰਜ਼ੀ ਨਾਲ ਚਲਾਇਆ ਤੇ ਜਿਸਦਾ ਖਮਿਆਜ਼ਾ ਸ਼ਾਇਦ ਉਨ੍ਹਾਂ ਨੂੰ ਅੱਜ ਭੁਗਤਣਾ ਪੈ ਰਿਹਾ ਹੈ। ਹਾਲਾਂਕਿ ਪੰਜਾਬ ਦੀ ਸਿੱਖ ਸਿਆਸਤ ’ਚ ਡੂੰਘੀ ਨਜ਼ਰ ਰੱਖਣ ਵਾਲੇ ਪੰਥਕ ਮਾਹਰਾਂ ਦਾ ਮੰਨਣਾ ਹੈ ਕਿ ਭਾਜਪਾ ਦੀ ਡੂੰਘੀ ਦਿਲਚਪਸੀ ਦੇ ਬਾਵਜੂਦ ਹਰਜਿੰਦਰ ਸਿੰਘ ਧਾਮੀ ਮੁੜ ਗੱਦੀ ’ਤੇ ਸੁਸੋਭਿਤ ਹੋਣ ਵਿਚ ਕਾਮਯਾਬ ਰਹਿਣਗੇ ਪ੍ਰੰਤੂ ਬੀਬੀ ਸਹਿਤ 9 ਤੱਕ ਹੋਰ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਹੋਣ ਵਾਲੀ ਬਗਾਵਤ ਬਾਦਲ ਪ੍ਰਵਾਰ ਲਈ ਹੋਰ ਸਮੱਸਿਆ ਖੜੀ ਕਰ ਸਕਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਕਿਸੇ ਸਮੇਂ ਪੰਥ ਨੂੰ ਵਿਸਾਰ ਕੇ ਅਪਣੇ ਮੋਢਿਆ ’ਤੇ ਸਵਾਰ ਕਰਕੇ ਪੰਜਾਬ ਵਿਚ ਭਾਜਪਾ ਦੇ ਪੈਰ ਲੁਆਉਣ ਵਾਲੇ ਬਾਦਲ ਪ੍ਰਵਾਰ ਦੇ ਪੈਰ ਵੱਢਣ ਲਈ ਅੱਜ ਇਹੀਂ ਭਾਜਪਾ ਕਾਹਲੀ ਹੋਈ ਜਾਪਦੀ ਹੈ। ਸੰਭਾਵਨਾ ਮੁਤਾਬਕ ਭਾਜਪਾ ਦਾ ਟੀਚਾ 2024 ਤੋਂ ਪਹਿਲਾਂ ਬਾਦਲ ਪ੍ਰਵਾਰ ਨੂੰ ਸਿਆਸੀ ਤੌਰ ’ਤੇ ਕਮਜੌਰ ਕਰਨ ਦਾ ਹੈ ਤਾਂ ਕਿ ਉਨ੍ਹਾਂ ਦੇ ਥਾਂ ਕੋਈ ਹੋਰ ਜਾਨਸ਼ੀਨ ਚੁਣ ਕੇ ਅਕਾਲੀ ਦਲ ਨੂੰ ਪੰਜਾਬ ਵਿਚ ਛੋਟੇ ਭਰਾ ਦਾ ਦਰਜ਼ਾ ਦਿੱਤਾ ਜਾ ਸਕੇ। ਇੱਥੇ ਇਸ ਗੱਲ ਦਾ ਜਿਕਰ ਕਰਨਾ ਬਣਦਾ ਹੈ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੰਥਕ ਸਿਆਸਤ ਵਿਚ ਦਬਦਬਾ ਘਟਿਆ ਹੈ, ਉਥੇ ਵੱਡੀ ਤਾਦਾਦ ਵਿਚ ਟਕਸਾਲੀ ਅਕਾਲੀ ਆਗੂਆਂ ਨੇ ਵੀ ਇੰਨ੍ਹਾਂ ਨੂੰ ਅਲਵਿਦਾ ਕਹੀ ਹੈ। ਹਾਲਾਂਕਿ ਇਹ ਟਕਸਾਲੀ ਇਕੱਲੇ ਇਕੱਲੇ ਅਲੱਗ ਹੋ ਕੇ ਵਿੱਖਰੇ ਹਨ ਪ੍ਰੰਤੂ ਹੁਣ ਭਾਜਪਾ ਦੇ ਦੂਤ ਇੰਨ੍ਹਾਂ ਵਿੱਖਰੇ ਆਗੂਆਂ ਨੂੰ ਇੱਕ ਲੜੀ ’ਚ ਪਰੋ ਕੇ ਮਜਬੂਤ ਮਾਲਾ ਬਣਾਉਣ ’ਚ ਜੁਟੀ ਹੋਈ ਹੈ।
ਬੀਬੀ ਜੰਗੀਰ ਕੌਰ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਸਫ਼ਰ
ਚੰਡੀਗੜ੍ਹ: ਜ਼ਿਕਰ ਕਰਨਾ ਬਣਦਾ ਹੈ ਕਿ 1995 ਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਚ ਸ਼ਾਮਿਲ ਹੋਣ ਵਾਲੀ ਬੀਬੀ ਜਗੀਰ ਕੌਰ ਨੇ ਸਭ ਤੋਂ ਪਹਿਲਾਂ 1996 ਚ ਮੈੰਬਰ ਦੀ ਚੋਣ ਲੜੀ ਸੀ।ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ 1997 ਵਿੱਚ ਦੀ ਚੋਣ ਜਿੱਤੀ ਤੇ ਜਿਸਤੋਂ ਬਾਅਦ 1998 ਵਿੱਚ ਉਹ ਬਾਦਲ ਸਰਕਾਰ ਵਿੱਚ ਮੰਤਰੀ ਬਣੇ। ਵੱਡੀ ਗੱਲ ਇਹ ਦੱਸਣੀ ਬਣਦੀ ਹੈ ਕਿ ਬਾਦਲ ਅਤੇ ਟੋਹੜਾ ਵਿਚਕਾਰ ਪੈਦਾ ਹੋਏ ਵਿਵਾਦ ਦੌਰਾਨ ਖਾਲਸਾ ਪੰਥ ਦੇ 300 ਸਾਲਾਂ ਸਾਜਨਾ ਦਿਵਸ ਮੌਕੇ ਪੰਥ ਰਤਨ ਗੁਰਚਰਨ ਸਿੰਘ ਟੋਹੜਾ ਨੂੰ ਦੀ ਪ੍ਰਧਾਨਗੀ ਤੋਂ ਲਾਹ ਕੇ 1999 ਵਿੱਚ ਬੀਬੀ ਜਗੀਰ ਕੌਰ ਨੂੰ ਪਹਿਲੀ ਵਾਰ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਜਿੱਥੇ ਉਹ 1999 ਤੋਂ 2001 ਤੱਕ ਪ੍ਰਧਾਨ ਰਹੇ। ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਚ ਜਿੱਤ ਕੇ ਬੀਬੀ ਜੰਗੀਰ ਕੌਰ ਦੂਜੀ ਵਾਰ ਵਿਧਾਇਕ ਬਣੀ। ਪਰੰਤੂ 2007 ਚ ਬੀਬੀ ਦੀ ਚੋਣ ਹਾਰ ਗਏ ਪਰ 2012 ਚ ਮੁੜ ਕੇ ਜਿੱਤਣ ਤੋਂ ਬਾਅਦ ਮੰਤਰੀ ਬਣਾਇਆ ਗਿਆ। ਸਾਲ 2017 ਚ ਅਕਾਲੀ ਦਲ ਨੇ ਬੀਬੀ ਜੀ ਦੇ ਜਵਾਈ ਨੂੰ ਟਿਕਟ ਦਿੱਤੀ ਗਈ ਜੋ ਕਿ ਹਾਰ ਗਏ। 2019 ਚ ਬੀਬੀ ਹਲਕਾ ਖਡੂਰ ਸਾਹਿਬ ਤੋਂ ਐਮ.ਪੀ ਦੀ ਟਿਕਟ ਦਿੱਤੀ ਪਰੰਤੂ ਹਾਰ ਗਏ ਤੇ ਬਾਅਦ ਵਿੱਚ 2020 ਮੁੜ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣੀ। ਬੀਬੀ ਜੰਗੀਰ ਕੌਰ ਇ੍ਰਸਤਰੀ ਅਕਾਲੀ ਦਲ ਦੀ ਪ੍ਰਧਾਨ, ਕੋਰ ਕਮੇਟੀ ਮੈੰਬਰ ਅਤੇ ਪਾਰਟੀ ਦੀ ਸੀਨੀਅਰ ਮੀਤ ਪ੍ਰਧਾਨ ਵਰਗੇ ਵੱਡੇ ਅਹੁਦਿਆਂ ‘ਤੇ ਵੀ ਰਹੀ।
Share the post "23 ਸਾਲ ਪਹਿਲਾਂ ਬਾਦਲਾਂ ਨੇ ਜਥੇਦਾਰ ਟੋਹੜਾ ਨੂੰ ਹਟਾਕੇ ਬੀਬੀ ਜੰਗੀਰ ਨੂੰ ਕਮੇਟੀ ਦੀ ਬਣਾਇਆ ਸੀ ਪਹਿਲੀ ਔਰਤ ਪ੍ਰਧਾਨ"