ਇਲਾਹਾਬਾਦ ਹਾਈਕੋਰਟ ਨੇ ਸੁਣਾਇਆ ਫੈਸਲਾ
ਹੇਠਲੀ ਅਦਾਲਤ ਨੇ 6 ਸਾਲ ਪਹਿਲਾਂ ਠਹਿਰਾਇਆ ਸੀ ਦੋਸ਼ੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਦਸੰਬਰ: ਕਰੀਬ ਸਾਢੇ 31 ਸਾਲ ਪਹਿਲਾਂ 12 ਜੁਲਾਈ 1991 ਨੂੰ ਉੱਤਰ ਪ੍ਰਦੇਸ਼ ਦੇ ਪੀਲੀਭੀਤ ਇਲਾਕੇ ’ਚ ਇੱਕ ਨਕਲੀ ਪੁਲਿਸ ਮੁਕਾਬਲੇ ਵਿਚ ਦਸ ਸਿੱਖਾਂ ਨੂੰ ਮਾਰਨ ਵਾਲੇ 43 ਪੁਲਿਸ ਮੁਲਾਜਮਾਂ ਤੇ ਅਧਿਕਾਰੀਆਂ ਨੂੰ ਇਲਾਹਾਬਾਦ ਹਾਈਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ। ਹੁਣ ਇੰਨ੍ਹਾਂ ਦੋਸ਼ੀ ਪੁਲਿਸ ਵਾਲਿਆਂ ਨੂੰ ਅਦਾਲਤ ਵਲੋਂ ਸਜ਼ਾ ਸੁਣਾਉਣ ਦਾ ਰਾਹ ਪੱਧਰ ਹੋ ਗਿਆ ਹੈ। ਸ਼੍ਰੀ ਹਜ਼ੂਰ ਸਾਹਿਬ ਜਾ ਰਹੇ ਇੰਨ੍ਹਾਂ ਬੇਦੋਸ਼ੇ ਸਿੱਖਾਂ ਨੂੰ ਅੱਤਵਾਦੀ ਕਰਾਰ ਦੇ ਕੇ ਮਾਰਨ ਵਾਲੇ ਇੰਨ੍ਹਾਂ ਪੁਲਿਸ ਕਰਮਚਾਰੀਆਂ ਨੇ ਤਰੱਕੀਆਂ ਵੀ ਲਈਆਂ ਸਨ ਤੇ ਬਾਅਦ ਵਿਚ ਇਸ ਨਕਲੀ ਮੁਕਾਬਲੇ ਨੂੰ ਅਸਲੀ ਕਰਾਰ ਦੇਣ ਲਈ ਇੰਨ੍ਹਾਂ ਨਿਹੱਕੇ ਸਿੱਖਾਂ ਨੂੰ ਚੋਟੀ ਦੇ ਅੱਤਵਾਦੀ ਕਰਾਰ ਦਿੰਦਿਆਂ ਯੂ.ਪੀ ਦੇ ਤਿੰਨ ਵਖ ਵਖ ਥਾਣਿਆਂ ਵਿਚ ਝੂਠੇ ਮੁਕੱਦਮੇ ਦਰਜ਼ ਕੀਤੇ ਗਏ। ਪ੍ਰੰਤੂ ਬਾਅਦ ਵਿਚ ਮ੍ਰਿਤਕ ਸਿੱਖਾਂ ਦੇ ਪ੍ਰਵਾਰਾਂ ਵਲੋਂ ਕੀਤੀਆਂ ਸਿਕਾਇਤਾਂ ਤੇ ਲੰਮੀਆਂ ਅਤੇ ਥਕਾ ਦੇਣ ਵਾਲੀ ਕੀਤੀ ਪੈਰਵੀ ਦੇ ਚੱਲਦੇ ਇਸ ਮਾਮਲੇ ਦੀ ਪੜਤਾਲ ਖੁੱਲੀ ਤੇ ਪੜਤਾਲ ਦੌਰਾਨ ਇਸ ਝੂਠੇ ਪੁਲਿਸ ਮੁਕਾਬਲੇ ਦਾ ਪਰਦਾਫ਼ਾਸ ਹੋਇਆ। ਹਾਲਾਂਕਿ ਬਾਅਦ ਵਿਚ ਦੋਸ਼ੀ ਪੁਲਿਸ ਵਾਲਿਆਂ ਨੇ ਨਿਆ ਤੋਂ ਬਚਣ ਲਈ ਪ੍ਰਕ੍ਰਿਆ ਨੂੰ ਲੰਮਾ ਲਮਕਾਇਆ ਤੇ ਅਖ਼ੀਰ ਅਪ੍ਰੈਲ 2016 ਵਿਚ ਲਖਨਊ ਸਥਿਤ ਸੀਬੀਆਈ ਦੀ ਵਿਸੇਸ ਅਦਾਲਤ ਦੇ ਜੱਜ ਨੇ ਇੰਨ੍ਹਾਂ ਸਾਰੇ ਪੁਲਿਸ ਮੁਲਾਜਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਤਾਂ ਇਹ ਦੋਸ਼ੀਆਂ ਨੇ ਹਾਈਕੋਰਟ ਵਿਚ ਸਟੇਅ ਲੈ ਲਿਆ। ਇਸ ਮਾਮਲੇ ਵਿਚ ਹਾਈਕੋਰਟ ’ਚ ਵੀ ਹੋਈ ਕਰੀਬ ਪੰਜ ਸਾਲ ਤੋਂ ਵੱਧ ਸੁਣਵਾਈ ਦੌਰਾਨ ਇਨਸਾਫ਼ ਦਿੰਦਿਆਂ ਇਲਾਹਾਬਾਦ ਹਾਈਕੋਰਟ ਨੇ ਇੰਨ੍ਹਾਂ ਸਾਰੇ ਪੁਲਿਸ ਮੁਲਾਜਮਾਂ ਨੂੰ ਧਾਰਾ 304 ਆਈ.ਪੀ.ਸੀ ਤਹਿਤ ਦੋਸ਼ੀ ਠਹਿਰਾਇਆ ਹੈ। ਇਸ ਘਟਨਾ ਵਿਚ ਮਾਰੇ ਗਏ ਸਿੱਖਾਂ ਦੇ ਕੇਸਾਂ ਦੀ ਪੈਰਵੀਂ ਕਰ ਰਹੇ ਜਿਆਦਾਤਰ ਪ੍ਰਵਾਰਾਂ ਦੇ ਮੈਂਬਰ ਵੀ ਸਵਰਗ ਸੁਧਾਰ ਗਏ ਹਨ ਪ੍ਰੰਤੂ ਹੁਣ ਉੱਚ ਅਦਾਲਤ ਦੇ ਇਸ ਫੈਸਲੇ ਨਾਲ ਉਨ੍ਹਾਂ ਦੀਆਂ ਰੂਹਾਂ ਨੂੰ ਜਰੂਰ ਸ਼ਾਂਤੀ ਮਿਲੇਗੀ।
Share the post "31 ਸਾਲ ਪਹਿਲਾਂ ਪੀਲੀਭੀਤ ’ਚ ਨਕਲੀ ਮੁਕਾਬਲੇ ਵਿਚ 10 ਸਿੱਖਾਂ ਨੂੰ ਮਾਰਨ ਵਾਲੇ 43 ਪੁਲਿਸ ਵਾਲੇ ਦੋਸ਼ੀ ਕਰਾਰ"