ਕਈ ਥਾਂ ਬੱਸਾਂ ਘੇਰੀਆਂ, ਸਵਾਰੀਆਂ ਵਿੱਚ ਵੀ ਹੋ ਰਹੀ ਹੈ ਧੱਕਾ ਮੁੱਕੀ
ਪਟਿਆਲਾ, 24 ਜਨਵਰੀ: ਕੇਂਦਰ ਸਰਕਾਰ ਵੱਲੋਂ ਨਵੇਂ ਲਿਆਂਦੇ ‘ਹਿੱਟ ਐਂਡ ਰਨ’ ਕਾਨੂੰਨ ਦੇ ਵਿਰੋਧ ਦੇ ਵਿੱਚ ਪੀਆਰਟੀਸੀ ਅਤੇ ਪੰਜਾਬ ਰੋਡਵੇਜ ਦੇ ਠੇਕਾ ਮੁਲਾਜ਼ਮਾਂ ਵੱਲੋਂ ਬੱਸਾਂ ਵਿੱਚ 52 ਤੋਂ ਵੱਧ ਸਵਾਰੀਆਂ ਨਾ ਬਿਠਾਉਣ ਦੇ ਲਏ ਫੈਸਲੇ ਕਾਰਨ ਵਿਵਾਦ ਹੋਣ ਲੱਗਾ ਹੈ। ਬੀਤੇ ਕੱਲ ਤੋਂ ਲਾਗੂ ਕੀਤੇ ਗਏ ਇਸ ਫੈਸਲੇ ਦੇ ਕਾਰਨ ਸੂਬੇ ਦੇ ਕਈ ਹਿੱਸਿਆਂ ਵਿੱਚ ਲੋਕਾਂ ਵੱਲੋਂ ਬੱਸਾਂ ਨੂੰ ਘੇਰਨ ਦੀ ਸੂਚਨਾ ਮਿਲੀ ਹੈ। ਜ਼ੀਰਕਪੁਰ ਅਤੇ ਬਠਿੰਡਾ ਜ਼ਿਲ੍ਹੇ ਦੇ ਕੋਟਫੱਤਾ ਵਿਖੇ ਪੁਲਿਸ ਨੂੰ ਵੀ ਦਖਲ ਅੰਦਾਜੀ ਕਰਨੀ ਪਈ ਹੈ।
ਸਵਾਰੀਆਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਖਾਸਕਰ ਔਰਤ ਸਵਾਰੀਆਂ, ਜਿੰਨਾ ਨੂੰ ਪੰਜਾਬ ਸਰਕਾਰ ਵੱਲੋਂ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੋਈ ਹੈ, ਨੂੰ ਕੰਡਕਟਰਾਂ ਤੇ ਡਰਾਈਵਰਾਂ ਦਾ ਇਹ ਫੈਸਲਾ ਸੂਤ ਨਹੀਂ ਬੈਠ ਰਿਹਾ। ਜਿਸ ਦੇ ਚਲਦੇ ਕਈ ਥਾਂ ਸਵਾਰੀਆਂ ਅਤੇ ਬਸ ਸਟਾਫ ਵਿਚਕਾਰ ਤਤਕਰਾਰਬਾਜ਼ੀ ਵੀ ਹੋਈ ਹੈ। ਗੌਰਤਲਬ ਹੈ ਕਿ ਪੀਆਰਟੀਸੀ, ਪਨਬਸ ਅਤੇ ਪੰਜਾਬ ਰੋਡਵੇਜ ਦੇ ਵਿੱਚ ਕੰਟਰੈਕਟ ਉੱਪਰ ਕੰਮ ਕਰ ਰਹੇ ਡਰਾਈਵਰਾਂ ਤੇ ਕੰਡਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ।
ਉਹ ਸਰਕਾਰ ਕੋਲੋਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਹੀ ਕੇਂਦਰ ਸਰਕਾਰ ਦਾ ਨਵਾਂ ਕਾਨੂੰਨ ਸਾਹਮਣੇ ਆਉਣ ‘ਤੇ ਡਰਾਈਵਰਾਂ ਵੱਲੋਂ ਇਸ ਤੇ ਸਖਤ ਇਤਰਾਜ ਜਤਾਇਆ ਜਾ ਰਿਹਾ ਹੈ। ਡਰਾਈਵਰਾਂ ਦਾ ਮੰਨਣਾ ਹੈ ਕਿ ਬੱਸਾਂ ਵਿੱਚ ਓਵਰਲੋਡ ਸਵਾਰੀਆਂ ਦੇ ਕਾਰਨ ਹੀ ਕਈ ਵਾਰ ਹਾਦਸੇ ਵਾਪਰਦੇ ਹਨ। ਜਿਸ ਦੇ ਚੱਲਦੇ ਉਹਨਾਂ ਨੇ ਹੁਣ ਫੈਸਲਾ ਲਿਆ ਹੈ ਕਿ 52 ਤੋਂ ਵੱਧ ਸਵਾਰੀਆਂ ਨੂੰ ਬੱਸ ਦੇ ਵਿੱਚ ਨਾ ਬਿਠਾਇਆ ਜਾਵੇ। ਇਸ ਦੇ ਲਈ ਸਵਾਰੀਆਂ ਨੂੰ ਦੱਸਣ ਦੇ ਲਈ ਥਾਂ-ਥਾਂ ਬੱਸਾਂ ਅਤੇ ਅੱਡਿਆਂ ਦੇ ਉੱਪਰ ਨੋਟਿਸ ਵੀ ਲਗਾਏ ਗਏ ਹਨ।
ਪ੍ਰੰਤੂ ਇਸ ਦੇ ਬਾਵਜੂਦ ਕਈ ਰੂਟਾਂ ਉੱਪਰ ਬੱਸਾਂ ਦੀ ਘਾਟ ਹੋਣ ਕਾਰਨ ਸਵਾਰੀਆਂ ਵੱਲੋਂ ਸਰਕਾਰੀ ਬੱਸਾਂ ਵਿੱਚ ਚੜਨ ਦੇ ਲਈ ਜਦੋਜਹਿਦ ਕੀਤੀ ਜਾ ਰਹੀ ਹੈ। ਹਾਲਾਂਕਿ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਇਸ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ। ਸਵਾਰੀਆਂ ਦਾ ਦਾਅਵਾ ਹੈ ਕਿ ਉਹ ਆਪਣੇ ਕੰਮ ਧੰਦਿਆਂ ਨੂੰ ਜਾਣ ਤੋਂ ਲੇਟ ਹੋ ਰਹੇ ਹਨ ਜਿਸ ਦੇ ਚੱਲਦੇ ਉਹ ਦੂਜੀ ਬੱਸ ਦਾ ਇੰਤਜ਼ਾਰ ਨਹੀਂ ਕਰ ਸਕਦੇ ਹਨ। ਸਵਾਰੀਆਂ ਦੀ ਇਸ ਦਿੱਕਤ ਕਾਰਨ ਸਰਕਾਰੀ ਬੱਸਾਂ ਵਿੱਚ ਚੜਨ ਦੇ ਲਈ ਧੱਕਾ ਮੁੱਕੀ ਹੋ ਰਹੀ ਹੈ। ਕਈ ਥਾਂ ਸਵਾਰੀਆਂ ਦੇ ਆਪਸ ਦੇ ਵਿੱਚ ਵੀ ਬਹਿਸਣ ਦੀ ਜਾਣਕਾਰੀ ਮਿਲੀ ਹੈ।
ਅੳ













