ਬਠਿੰਡਾ, 8 ਨਵੰਬਰ: ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ਵਿਖੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਗਈ ਸਰਕਾਰੀ ਟੀਮ ਕੋਲੋਂ ਜਬਰੀ ਪਰਾਲੀ ਨੂੰ ਅੱਗ ਲਗਵਾਉਣ ਦਾ ਮਾਮਲਾ ਪੰਜ ਦਿਨ ਬੀਤਣ ਦੇ ਬਾਅਦ ਵੀ ਕਿਸੇ ਤਣ-ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ। ਇਸ ਮਾਮਲੇ ਵਿੱਚ ਜਿੱਥੇ ਥਾਣਾ ਨੇਹੀਆਵਾਲਾ ਵਲੋਂ ਦਰਜ਼ ਮੁਕੱਦਮੇ ਵਿਚ ਨਾਮਜ਼ਦ ਕਿਸਾਨਾਂ ਵਿਚੋਂ ਦੋ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਉਥੇ ਇੰਨਾਂ ਕਿਸਾਨਾਂ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਚੱਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਨਾਲ ਸਬੰਧਤ ਕਰੀਬ ਪੰਜ ਦਰਜ਼ਨ ਕਿਸਾਨਾਂ ਨੂੰ ਵੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਭੇਜ ਦਿੱਤਾ ਹੈ।
ਵਣ ਵਿਭਾਗ ਦਾ ਖੇਤਰੀ ਮੈਨੇਜਰ 30,000 ਰੁਪਏ ਰਿਸ਼ਵਤ ਲੈੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਇਸੇ ਤਰ੍ਹਾਂ ਪਿਛਲੇ ਦੋ ਦਿਨਾਂ ਤੋਂ ਪੁਲਿਸ ਹਿਰਾਸਤ ਵਿਚ ਭੁੱਖ ਹੜਤਾਲ ਸ਼ੁਰੂ ਕਰਨ ਵਾਲੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਸਦੋਹਾ ਦੀ ਹਾਲਤ ਨੂੰ ਦੇਖਦਿਆਂ ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸਤੋਂ ਇਲਾਵਾ ਕਿਸਾਨਾਂ ਵਿਰੁੱਧ ਦਰਜ ਕੇਸ ਨੂੰ ਰੱਦ ਕਰਨ ਅਤੇ ਗ੍ਰਿਫ਼ਤਾਰ ਦੋ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈਕੇ ਅੱਜ ਦੂਜੇ ਦਿਨ ਵੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਧਰਨਾ ਜਾਰੀ ਰਿਹਾ। ਧਰਨੇ ਦੌਰਾਨ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਹੁੰਦੀ ਰਹੀ।
ਬਠਿੰਡਾ ਨੂੰ ਮਿਲੇ 6 ਨਵੇਂ ਪਟਵਾਰੀ, ਡਿਪਟੀ ਕਮਿਸ਼ਨਰ ਨੇ ਵੰਡੇ ਨਿਯੁਕਤੀ ਪੱਤਰ
ਇਸਤੋਂ ਇਲਾਵਾ ਦੂਜੇ ਪਾਸੇ ਕਿਸਾਨ ਜਥੇਬੰਦੀ ਦੇ ਆਗੂਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਮੀਟਿੰਗਾਂ ਦਾ ਦੌਰ ਜਾਰੀ ਰਿਹਾ ਪ੍ਰੰਤੂ ਬੇਸਿੱਟਾ ਰਹੀਆਂ। ਹਾਲਾਂਕਿ ਇਹ ਖ਼ਬਰ ਲਿਖਣ ਸਮੇਂ ਰਾਤ ਕਰੀਬ ਸਾਢੇ 9 ਵਜ਼ੇ ਵੀ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਕਾਕਾ ਸਿੰਘ ਕੋਟੜਾ ਅਤੇ ਹੋਰਨਾਂ ਕਿਸਾਨ ਆਗੂਆਂ ਦੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਰਿਹਾਇਸ਼ ਉਪਰ ਅਧਿਕਾਰੀਆਂ ਨਾਲ ਮੀਟਿੰਗ ਜਾਰੀ ਸੀ, ਜਿਸ ਵਿੱਚ ਐਸ ਐਸ ਪੀ ਗੁਲਨੀਤ ਸਿੰਘ ਖੁਰਾਣਾ ਸਹਿਤ ਹੋਰ ਉਚ ਅਧਿਕਾਰੀ ਵੀ ਹਾਜ਼ਰ ਸਨ।
ਬਿਨ੍ਹਾਂ ਲਾਇਸੈਂਸ ਤੋਂ ਉਦਯੋਗਿਕ ਏਰੀਏ ਵਿੱਚ ਚੱਲ ਰਹੇ ਮਿਲਕ ਸੈਂਟਰ ’ਤੇ ਸਿਹਤ ਵਿਭਾਗ ਨੇ ਮਾਰਿਆ ਛਾਪਾ
ਸੂਚਨਾ ਮੁਤਾਬਕ ਦੋਨਾਂ ਧਿਰਾਂ ਵਿਚਕਾਰ ਮੀਟਿੰਗਾਂ ਬੇਸਿੱਟਾ ਰਹਿਣ ਦਾ ਮੁੱਖ ਕਾਰਨ ਸਰਕਾਰੀ ਅਧਿਕਾਰੀਆਂ ਕੋਲੋਂ ਪਰਾਲੀ ਨੂੰ ਜਬਰੀ ਅੱਗ ਲਗਵਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਦੋ ਕਿਸਾਨਾਂ ਦੀ ਰਿਹਾਈ ਦਾ ਮੁੱਦਾ ਹੈ ਕਿਉਂਕਿ ਕਿਸਾਨ ਜਥੇਬੰਦੀ ਇਸ ਗੱਲ ‘ਤੇ ਅੜੀ ਹੋਈ ਹੈ ਕਿ ਪਰਸੋਂ ਰਾਤ ਨੂੰ ਗ੍ਰਿਫ਼ਤਾਰ ਕੀਤੇ ਗਏ ਸੁਰਜੀਤ ਸਿੰਘ ਤੇ ਸ਼ਿਵਰਾਜ ਸਿੰਘ ਨੂੰ ਵੀ ਰਿਹਾਅ ਕੀਤਾ ਜਾਵੇ ਜਦ ਕਿ ਜ਼ਿਲ੍ਹਾ ਅਧਿਕਾਰੀਆਂ ਦਾ ਤਰਕ ਹੈ ਕਿ ਇਹ ਪਰਚਾ ਬਿਲਕੁਲ ਸਹੀ ਦਰਜ ਹੋਇਆ ਹੈ, ਜਿਸਦੇ ਚੱਲਦੇ ਇਸਨੂੰ ਰੱਦ ਕਰਨਾ ਜਾਂ ਗ੍ਰਿਫ਼ਤਾਰ ਕਿਸਾਨਾਂ ਨੂੰ ਰਿਹਾਅ ਕਰਨਾ ਸੰਭਵ ਨਹੀਂ ਹੈ। ਬਹਰਹਾਲ ਇਹ ਮਾਮਲਾ ਆਉਣ ਵਾਲੇ ਦਿਨਾਂ ਵਿਚ ਹੋਰ ਭਖਣ ਦੀ ਸੰਭਾਵਨਾ ਹੈ।
Share the post "72 ਕਿਸਾਨ ਭੇਜੇ ਜੇਲ੍ਹ, ਜ਼ਿਲ੍ਹਾ ਪ੍ਰਧਾਨ ਬੈਠਾ ਮਰਨ ਵਰਤ ‘ਤੇ, ਮੀਟਿੰਗਾਂ ਦਾ ਸਿਲਸਿਲਾ ਜਾਰੀ"