Talwandi Sabo News; ਸਿੱਖ ਕੌਮ ਦੇ ਚੌਥੇ ਪਵਿੱਤਰ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਦੇ ਇਤਿਹਾਸਕ ਦਿਹਾੜੇ ਦੀਆਂ ਪੂਰਵ-ਤਿਆਰੀਆਂ ਅਤੇ ਗੁਰਮਤਿ ਪ੍ਰਚਾਰ ਦੀ ਰੂਪ-ਰੇਖਾ ਉਲੀਕਣ ਲਈ ਇੱਕ ਵਿਸ਼ੇਸ਼ ਇਕੱਤਰਤਾ ਬੁਲਾਈ ਗਈ। ਇਸ ਅਹਿਮ ਇਕੱਤਰਤਾ ਦੀ ਸਰਪ੍ਰਸਤੀ ਸਿੰਘ ਸਾਹਿਬ ਬਾਬਾ ਟੇਕ ਸਿੰਘ (ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ) ਨੇ ਕੀਤੀ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰ. ਮੋਹਨ ਸਿੰਘ ਬੰਗੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ੍ਰ. ਬਲਵਿੰਦਰ ਸਿੰਘ ਕਾਹਲਵਾਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸਕੱਤਰ ਸ੍ਰ. ਬਲਵਿੰਦਰ ਸਿੰਘ ਕਾਹਲਵਾਂ ਨੇ ਸਮੂਹ ਪ੍ਰਚਾਰਕ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਦਿਹਾੜੇ ‘ਤੇ ‘ਘਰ-ਘਰ ਪ੍ਰਚਾਰ ਲਹਿਰ’ ਦਾ ਆਗਾਜ਼ ਕਰਨ। ਉਨ੍ਹਾਂ ਕਿਹਾ ਕਿ ਸਿੱਖ ਵਿਰਸੇ ਅਤੇ ਗੁਰਮਤਿ ਸਿਧਾਂਤਾਂ ਨੂੰ ਹਰ ਮਨੁੱਖ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਉਨ੍ਹਾਂ ਵਿਸ਼ੇਸ਼ ਐਲਾਨ ਕੀਤਾ ਕਿ ਵਿਸਾਖੀ ਦੇ ਜੋੜ-ਮੇਲੇ ਦੌਰਾਨ ਸੰਗਤ ਖਾਸ ਕਰਕੇ ਨੌਜਵਾਨਾਂ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ‘ਦਸਤਾਰਾਂ ਦੇ ਲੰਗਰ’ ਲਗਾਏ ਜਾਣਗੇ।
ਇਹ ਵੀ ਪੜ੍ਹੋ SGPC ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਦਾ ਇੱਕ-ਇੱਕ ਲੱਖ ਰੁਪਏ ਨਾਲ ਕਰੇਗੀ ਸਨਮਾਨ- ਐਡਵੋਕੇਟ ਧਾਮੀ
ਸ਼੍ਰੋਮਣੀ ਕਮੇਟੀ ਮੈਂਬਰ ਸ੍ਰ. ਮੋਹਨ ਸਿੰਘ ਬੰਗੀ ਨੇ ਪ੍ਰਚਾਰਕ ਸਿੰਘਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਸਾਖੀ ਦਾ ਦਿਹਾੜਾ ਸਿੱਖੀ ਸ਼ਾਨ ਅਤੇ ਕੁਰਬਾਨੀ ਦਾ ਪ੍ਰਤੀਕ ਹੈ। ਉਨ੍ਹਾਂ ਸਮੂਹ ਸੇਵਾਦਾਰਾਂ ਅਤੇ ਪ੍ਰਚਾਰਕਾਂ ਨੂੰ ਹਦਾਇਤ ਕੀਤੀ ਕਿ ਉਹ ਜੋੜ-ਮੇਲੇ ਦੌਰਾਨ ਆਪਣੀ ਡਿਊਟੀ ਪੂਰੀ ਦ੍ਰਿੜਤਾ, ਮੁਸਤੈਦੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ ਤਾਂ ਜੋ ਦੇਸ਼-ਵਿਦੇਸ਼ ਤੋਂ ਨਤਮਸਤਕ ਹੋਣ ਆਉਣ ਵਾਲੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੂੰ ਕਿਸੇ ਪ੍ਰਕਾਰ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਅਜੋਕੇ ਦੌਰ ਵਿੱਚ ਸਿੱਖ ਪੰਥ ਨੂੰ ਦਰਪੇਸ਼ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ‘ਤੇ ਗਹਿਰੀ ਚਿੰਤਾ ਪ੍ਰਗਟਾਈ। ਉਨ੍ਹਾਂ ਖ਼ਾਲਸਾ ਸਾਜਨਾ ਦੀ ਅਦੁੱਤੀ ਮਹਾਨਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਖ਼ਾਲਸਾ ਪੰਥ ਦਾ ਮਕਸਦ ਮਨੁੱਖਤਾ ਦੀ ਭਲਾਈ ਅਤੇ ਜ਼ੁਲਮ ਦਾ ਟਾਕਰਾ ਕਰਨਾ ਹੈ। ਜਥੇਦਾਰ ਸਾਹਿਬ ਨੇ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਪ੍ਰਚਾਰਕਾਂ ਨੂੰ ਹਦਾਇਤ ਕੀਤੀ ਕਿ ਗੁਰੂ ਸਾਹਿਬ ਦਾ ਪਵਿੱਤਰ ਸੰਦੇਸ਼ ਸੰਗਤ ਦੇ ਹਿਰਦਿਆਂ ਤੱਕ ਪਹੁੰਚਾਇਆ ਜਾਵੇ।
ਇਹ ਵੀ ਪੜ੍ਹੋ ਬਾਬਾ ਬਿਧੀ ਚੰਦ ਜੀ ਸੰਪਰਦਾ ਦੇ ਦਸਵੇਂ ਮੁਖੀ ਬਾਬਾ ਸੋਹਣ ਸਿੰਘ ਦੇ ਸਾਲਾਨਾ ਬਰਸੀ ਸਮਾਗਮਾਂ ‘ਚ ਐਡਵੋਕੇਟ ਧਾਮੀ ਨੇ ਕੀਤੀ ਸ਼ਮੂਲੀਅਤ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ ਅਵਤਾਰ ਸਿੰਘ ਮੈਂਬਰ ਧਰਮ ਪ੍ਰਚਾਰ ਕਮੇਟੀ ਗਿਆਨੀ ਗੁਰਜੰਟ ਸਿੰਘ (ਮੁੱਖ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ), ਸ੍ਰ. ਨਰਿੰਦਰਜੀਤ ਸਿੰਘ (ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ), ਸ੍ਰ. ਗੁਰਦੇਵ ਸਿੰਘ (ਵਧੀਕ ਮੈਨੇਜਰ), ਸ੍ਰ. ਮਨਦੀਪ ਸਿੰਘ ਤੇ ਸ੍ਰ. ਗੁਰਸੇਵਕ ਸਿੰਘ (ਮੀਤ ਮੈਨੇਜਰ), ਗਿਆਨੀ ਸਰਬਜੀਤ ਸਿੰਘ ਢੋਟੀਆਂ (ਇੰਚਾਰਜ ਮਾਲਵਾ ਜ਼ੋਨ), ਸ੍ਰ. ਭੋਲਾ ਸਿੰਘ (ਇੰਚਾਰਜ ਸਬ ਆਫਿਸ ਧਰਮ ਪ੍ਰਚਾਰ ਕਮੇਟੀ) ਅਤੇ ਸ੍ਰ. ਅਮਰੀਕ ਸਿੰਘ ਡਸਕਾ (ਸਹਾਇਕ ਇੰਚਾਰਜ) ਸਮੇਤ ਵੱਡੀ ਗਿਣਤੀ ਵਿੱਚ ਪ੍ਰਚਾਰਕ ਅਤੇ ਧਾਰਮਿਕ ਸ਼ਖ਼ਸੀਅਤਾਂ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





