ਸੁਖਜਿੰਦਰ ਮਾਨ
ਚੰਡੀਗੜ੍ਹ, 31 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ’ਤੇ ਕੰਟਰੋਲ ਕਰਨ ਦੇ ਯਤਨ ਨੁੰ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿਚ ਸਿੱਧਾ ਦਖਲ ਕਰਾਰ ਦਿੱਤਾ ਹੈ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਭਾਜਪਾ ਦੇ ਕਹਿਣ ’ਤੇ ਲਿਆ ਗਿਆ ਹੈ ਤੇ ਭਾਜਪਾ ਹੀ ਧਾਰਮਿਕ ਸੰਸਥਾ ’ਤੇ ਕਾਬਜ਼ ਹੋਣ ਦਾ ਯਤਨ ਕਰ ਰਹੀ ਹੈ।ਸਿਰਸਾ ਵੱਲੋਂ ਅਸਤੀਫਾ ਦੇਣ ਮਗਰੋਂ ਭਾਜਪਾ ਵਿਚ ਸ਼ਾਮਲ ਹੋਣ ਮਗਰੋਂ ਹੁਣ ਫਿਰ ਤੋਂ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਨ ਦੀ ਕਾਰਵਾਈ ਨੂੰ ਅਨੈਤਿਕ ਕਰਾਰ ਦਿੰਦਿਆਂ ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਸਿੱਖ ਪੰਥ ਇਸਨੁੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ। ਇਹਨਾਂ ਆਗੂਆਂ ਨੇ ਕਿਹਾ ਕਿ ਇਹ ਕਦਮ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਹੈ। ਉਹਨਾਂ ਕਿਹਾ ਕਿ ਸਿਰਸਾ ਨੇ ਪਿਛਲੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਆਪ ਹੀ ਨਵੀਂ ਕਮੇਟੀ ਦੇ ਗਠਨ ਦਾ ਰਾਹ ਪੱਧਰਾ ਕੀਤਾ ਸੀ। ਉਹਨਾਂ ਕਿਹਾ ਕਿ ਨਵੀਂ ਕਮੇਟੀ ਦਾ ਗਠਨ ਜੋ ਕੁਝ ਮਹੀਨੇ ਪਹਿਲਾਂ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਪਹਿਲਾਂ ਹੀ ਲਟਕ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਨਵੀਂ ਕਮੇਟੀ ਦਾ ਗਠਨ ਹੋਣ ਦੇਣ ਦੀ ਥਾਂ ’ਤੇ ਸਿਰਸਾ ਨੁੰ ਭਾਜਪਾ ਦੀ ਹਮਾਇਤ ਨਾਲ ਦਿੱਲੀ ਗੁਰਦੁਆਰਾ ਕਮੇਟੀ ਸਿਰ ਮੜ੍ਹਿਆ ਜਾ ਰਿਹਾ ਸੀ।ਅਕਾਲੀ ਦਲ ਨੇ ਕਿਹਾ ਕਿ ਭਾਜਪਾ ਦੀਆਂ ਇਹ ਤਰਕੀਬਾਂ ਸਹਾਈ ਨਹੀਂ ਹੋਣਗੀਆਂ। ਉਹਨਾਂ ਕਿਹਾ ਕਿ ਇਸ ਨਾਲ ਉਲਟਾ ਸਿੱਖ ਕੌਮ ਪਾਰਟੀ ਤੋਂ ਟੁੱਟ ਜਾਵੇਗੀ। ਉਹਨਾਂ ਕਿਹਾ ਕਿ ਭਾਜਪਾ ਸਿਰਸਾ ਵਰਗੇ ਬੰਦਿਆਂ ਦੇ ਰਾਹੀਂ ਦਿੱਲੀ ਗੁਰਦੁਆਰਾ ਕਮੇਟੀ ਦੀ ਮੈਨੇਜਮੈਂਟ ’ਤੇ ਕੰਟਰੋਲ ਕਰਨ ਦੇ ਅਜਿਹੇ ਯਤਨ ਤੁਰੰਤ ਬੰਦ ਕਰੇ।
Share the post "ਭਾਜਪਾ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ’ਤੇ ਕੰਟਰੋਲ ਕਰਨ ਦਾ ਯਤਨ ਸਿੱਖ ਕੌਮ ਦੇ ਮਾਮਲਿਆਂ ਵਿਚ ਸਿੱਧਾ ਦਖਲ : ਅਕਾਲੀ ਦਲ"