ਸੁਖਜਿੰਦਰ ਮਾਨ
ਬਠਿੰਡਾ, 04 ਜਨਵਰੀ: ਯੂ.ਜੀ.ਸੀ ਸਕੇਲ ਮੁਤਾਬਕ ਤਨਖ਼ਾਹਾਂ ਦੀ ਮੰਗ ਨੂੰ ਲੈ ਕੇ ਪਿਛਲੇ ਸਵਾ ਮਹੀਨੇ ਤੋਂ ਭੁੱਖ ਹੜਤਾਲ ’ਤੇ ਚੱਲ ਰਹੇ ਸੂਬੇ ਦੀਆਂ ਯੂਨੀਵਰਸਿਟੀਆਂ ਤੇ ਕਾਲਜ਼ਾਂ ਦੇ ਪ੍ਰੋਫੈਸਰ ਅੱਜ ਵਿਤ ਮੰਤਰੀ ਦੇ ਹਲਕੇ ’ਚ ਗਰਜ਼ੇ। ਇਸ ਦੌਰਾਨ ਉਨ੍ਹਾਂ ਵਿਤ ਮੰਤਰੀ ਦੇ ਦਫ਼ਤਰ ਅੱਗੇ ਧਰਨਾ ਦਿੰਦਿਆਂ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਇਸਤੋਂ ਬਾਅਦ ਉਨ੍ਹਾਂ ਰੋਸ਼ ਪ੍ਰਦਰਸ਼ਨ ਸ਼ੁਰੂ ਕਰਕੇ ਮਿੰਨੀ ਸਕੱਤਰੇਤ ਤੱਕ ਰੋਸ਼ ਮਾਰਚ ਕੀਤਾ। ਪੰਜਾਬ ਫੈਡਰੇਸਨ ਆਫ ਯੂਨੀਵਰਸਿਟੀ ਅਤੇ ਕਾਲਜ ਟੀਚਰਸ ਆਰਗੇਨਾਈਜੇਸਨਜ ਦੇ ਬੈਨਰ ਹੇਠ ਇਕੱਠੇ ਹੋਏ ਸੈਂਕੜੇ ਅਧਿਆਪਕਾਂ ਨੇ ਦੋਸ ਲਾਇਆ ਕੇ ਸਰਕਾਰ ਉੱਚ ਸਿੱਖਿਆ ਲਈ ਬਹੁਤ ਕੁਝ ਕਰਨ ਦਾ ਢੌਂਗ ਰਚ ਰਹੀ ਹੈ ਜਦਕਿ ਅਸਲ ਵਿੱਚ ਕੁੱਝ ਵੀ ਨਹੀਂ ਕਰ ਰਹੀ। ਸੰਸਥਾ ਦੇ ਪ੍ਰਧਾਨ ਡਾ. ਐੱਚ.ਐੱਸ. ਕਿੰਗਰਾ ਅਤੇ ਡਾ: ਜਗਵੰਤ ਸਿੰਘ ਜਨਰਲ ਸਕੱਤਗ ਨੇ ਕਿਹਾ ਕਿ ਅਸਲ ਵਿਚ ਮਨਪ੍ਰੀਤ ਬਾਦਲ ਹੀ ਸੂਬੇ ਦੇ ਮੁੱਖ ਮੰਤਰੀ ਹਨ ਅਤੇ ਉਚੇਰੀ ਸਿੱਖਿਆ ਨੂੰ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਸੌਂਪਣ ਦੇ ਪਿੱਛੇ ਉਨ੍ਹਾਂ ਦਾ ਹੱਥ ਹੈ ਜੋ ਕਿ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਰੋਹ ਭਰਪੂਰ ਨਾਅਰੇਬਾਜ਼ੀਕਰਦਿਆਂ ਇੰਨ੍ਹਾਂ ਪ੍ਰੋਫੈਸਰਾਂ ਨੇ ਐਲਾਨ ਕੀਤਾ ਕਿ ਭਾਵੇਂ ਉਹਨਾਂ ਦੀ ਫੈਡਰੇਸਨ ਗੈਰ-ਰਾਜਨੀਤਿਕ ਹੈ ਪਰ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਖਿਲਾਫ ਰਾਏ ਬਣਾਉਣ ਵਾਲਿਆਂ ਦੀ ਆਪਣੀ ਬਣਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨੂੰ ਨਵੇਂ ਸੋਲਾਂ ਸਰਕਾਰੀ ਕਾਲਜਾਂ ਨੂੰ ਮਾਨਤਾ ਨਾ ਦੇਣ ਲਈ ਲਿਖਿਆ ਹੈ ਕਿਉਂਕਿ ਉਹ ਦੁਆਰਾ ਨਿਰਧਾਰਤ ਘੱਟੋ-ਘੱਟ ਲੋੜਾਂ ਨੂੰ ਪੂਰਾ ਨਹੀਂ ਕਰਦੇ ਹਨ। ਇਸ ਲਈ, ਉਹ ਯੂਜੀਸੀ ਦੁਆਰਾ ਮਾਨਤਾ ਨਹੀਂ ਦੇਣਗੇ, ਇਸ ਨਾਲ ਇਨ੍ਹਾਂ ਕਾਲਜਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਭਵਿੱਖ ‘ਤੇ ਪਰਛਾਵਾਂ ਪਵੇਗਾ। ਇਸ ਦੌਰਾਨ ਇੰਨਾਂ ਪ੍ਰੋਫੈਸਰਾਂ ਨੇ ਮਿੰਨੀ ਸਕੱਤਰੇਤ ਅੱਗੇ ਲੱਗੇ ਕਿਸਾਨਾਂ ਦੇ ਧਰਨੇ ਵਿਚ ਸਮੂਲੀਅਤ ਕਰਕੇ ਕਿਸਾਨੀ ਮੰਗਾਂ ਦੀ ਹਿਮਾਇਤ ਕੀਤੀ ਤੇ ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਧਰਨੇ ਨੂੰ ਕਮਲਦੀਪ ਸਿੰਘ ਸੰਘਾ ਤੇ ਡਾ ਜੀਐਸ ਰੌਮਾਣਾ, ਡਾ ਅਵਤਾਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
Share the post "ਸੂਬੇ ਦੀਆਂ ਯੂਨੀਵਰਸਿਟੀਆਂ ਤੇ ਕਾਲਜ਼ਾਂ ਦੇ ਪ੍ਰੋਫੈਸਰ ਵਿਤ ਮੰਤਰੀ ਦੇ ਹਲਕੇ ’ਚ ਗਰਜ਼ੇ"