ਸੁਖਜਿੰਦਰ ਮਾਨ
ਬਠਿੰਡਾ, 6 ਜਨਵਰੀ: ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਬਲਵੰਤ ਸਿੰਘ ਦੀ ਦੇਖ-ਰੇਖ ਹੇਠ ਪੀ.ਪੀ.ਯੂਨਿਟ, ਜੱਚਾ-ਬੱਚਾ ਹਸਪਤਾਲ ਬਠਿੰਡਾ ਵਿਖੇ ਐਚ.ਪੀ.ਵੀ (ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ) ਦੀ ਦੂਜੀ ਡੋਜ਼ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਇਹ ਵੈਕਸੀਨ 2016-2017 ਵਿਚ ਛੇਵੀਂ ਕਲਾਸ ਵਿਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਦਿੱਤੀ ਗਈ ਸੀ।ਹੁਣ ਇਹ ਵੈਕਸੀਨ ਪਹਿਲੀ ਡੋਜ਼ ਪ੍ਰਾਪਤ ਕਰ ਚੁੱਕੀਆਂ ਬੱਚੀਆਂ ਨੂੰ ਹੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਦੂਜੀ ਡੋਜ਼ ਲਗਵਾ ਕੇ ਭਵਿੱਖ ਦੌਰਾਨ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਅਤੇ ਹੋਰ ਬੀਮਾਰੀਆਂ ਜਿਵੇਂ ਕਿ ਜੈਨੀਟਲ ਵਾਰਟਸ, ਵਿਜ਼ਾਇਨਲ ਕੈਂਸਰ ਆਦਿ ਤੋਂ ਬਚਿਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਪਹਿਲ ਕਦਮੀ ਕਰਦਿਆਂ ਇਨ੍ਹਾਂ ਬੱਚੀਆਂ ਨੂੰ ਮੁਫ਼ਤ ਟੀਕੇ ਲਗਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਐਚ.ਪੀ.ਵੀ ਇਕ ਵਾਇਰਸ ਹੈ ਜੋ ਕਿ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਪੈਦਾ ਕਰਦਾ ਹੈ।ਉਨ੍ਹਾਂ ਵਲੋਂ ਜੀ.ਐਨ.ਐਮ ਟ੍ਰੇਨਿੰਗ ਸਕੂਲ ਵਿਖੇ ਚੱਲ ਰਹੇ ਕੋਵਿਡ-19 ਟੀਕਾਕਰਨ ਕੇਂਦਰ ਦਾ ਦੌਰਾ ਵੀ ਕੀਤਾ ਗਿਆ।ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਟੀਕਾਕਰਨ ਸਮੇਂ ਕੋਵਿਡ-19 ਸਬੰਧੀ ਜ਼ਰੂਰੀ ਹਦਾਇਤਾਂ ਜਿਵੇਂ ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਅਤੇ ਹੱਥਾਂ ਦੀ ਸਾਫ਼-ਸਫਾਈ ਆਦਿ ਦੀ ਪਾਲਣਾ ਯਕੀਨੀ ਬਣਾਈ ਜਾਵੇ।ਉਨ੍ਹਾਂ ਕਿਹਾ ਕਿ ਟੀਕਾਕਰਨ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਵਧੀ ਹੈ ਤੇ ਲਾਭਪਾਤਰੀ ਅੱਗੇ ਹੋ ਕੇ ਆਪਣਾ ਟੀਕਾਕਰਨ ਕਰਵਾ ਰਹੇ ਹਨ।ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ, ਡਾ. ਮੇਘਾ ਪ੍ਰਕਾਸ਼, ਡਾ. ਮੋਨਿਕਾ, ਡਾ. ਰੁਪਾਲੀ, ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ, ਡਿਪਟੀ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ, ਬੀ.ਈ.ਈ ਗਗਨਦੀਪ ਸਿੰਘ ਭੁੱਲਰ, ਐਲ.ਐਚ.ਵੀ ਮਲਕੀਤ ਕੌਰ, ਏ.ਐਨ.ਐਮ ਹਰਜਿੰਦਰ ਕੌਰ ਅਤੇ ਗੁਰਜਿੰਦਰ ਕੌਰ ਹਾਜ਼ਰ ਸਨ।
ਐਚ.ਪੀ.ਵੀ (ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ) ਦੀ ਦੂਜੀ ਡੋਜ਼ ਦੀ ਸ਼ੁਰੂਆਤ
4 Views