Punjab News: ਪੰਜਾਬ ‘ਚ ਅੱਤਵਾਦ ਦੇ ਨਾਂ ‘ਤੇ ਨਿਰਦੋਸ਼ ਨੌਜਵਾਨਾਂ ਨੂੰ ਕੋਹ-ਕੋਹ ਕੇ ਮਾਰਨ ਦੇ ਮਾਮਲੇ ਵਿਚ ਲਾਵਾਰਿਸ ਲਾਸ਼ਾਂ ਦੇ ਅੰਕੜੇ ਇਕੱਠ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਸ਼ਹੀਦ ਭਾਈ ਜਸਵੰਤ ਸਿੰਘ ਖ਼ਾਲੜਾ ਦੀ ਧਰਮਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੱਡੀ ਅਪੀਲ ਕੀਤੀ ਹੈ। ਉੱਘੇ ਅਦਾਕਾਰ ਦਿਲਜੀਤ ਦੋਸਾਂਝ ਦੇ ਵੱਲੋਂ ਭਾਈ ਖਾਲੜਾ ‘ਤੇ ਬਣਾਈ ਫ਼ਿਲਮ ‘ਸਤਲੁਜ਼’ ਕਾਰਨ ਮੁੜ ਪੂਰੀ ਦੁਨੀਆਂ ਭਰ ਵਿਚ ਚਰਚਾ ‘ਚ ਆਏ ਆਪਣੇ ਪਤੀ ਦੀ ਯਾਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ 14 ਜੁਲਾਈ 2026 ਦਿਨ ਮੰਗਲਵਾਰ ਨੂੰ ਹਰੀਕੇ ਪੱਤਣ (ਜਿੱਥੇ ਲਾਵਾਰਿਸ ਕਰਕੇ ਰੋੜੀਆਂ ਲਾਸ਼ਾਂ) ਵਿਖੇ ਅਰਦਾਸ ਸਮਾਗਮ ਵਿਚ ਇਕੱਠੇ ਹੋਣ ਦੇ ਦਿੱਤੇ ਸੱਦੇ ਦੌਰਾਨ ਬੀਬੀ ਖਾਲੜਾ ਨੇ ਇਹ ਅਹਿਮ ਅਪੀਲ ਕੀਤੀ ਹੈ। ਉਨ੍ਹਾਂ ਇਸ ਸਬੰਧ ਵਿਚ ਵਿਸਥਾਰ ‘ਚ ਆਪਣੇ ਸੋੋਸ਼ਲ ਮੀਡੀਆ ਪੇਜ਼ ‘ਤੇ ਪਾਈ ਪੋਸਟ ਵਿਚ ਸਮੁੱਚੇ ਸਿੱਖ ਪੰਥ ਅਤੇ ਮਨੁੱਖੀ ਹੱਕਾਂ ‘ਤੇ ਨਿਆਂ ਵਿਚ ਵਿਸ਼ਵਾਸ ਰੱਖਣ ਵਾਲੇ ਦੁਨੀਆਂ ਭਰ ਦੇ ਲੋਕਾਂ ਨੂੰ ‘ਸੱਚ’ ਲੱਭਣ ਲਈ ਇੱਕ ਜੁੱਟ ਹੋਣ ਦਾ ਹੰਬਲਾ ਮਾਰਨ ਦਾ ਤਰਲਾ ਕਰਦਿਆਂ ਕਿਹਾ ਕਿ, ‘‘ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ, ਨਵੰਬਰ 1984 ਦੇ ਸਿੱਖ ਕਤਲੇਆਮ ਅਤੇ ਉਸ ਤੋਂ ਬਾਅਦ ਦੇ ਸਾਲਾਂ ਦੌਰਾਨ ਲਾਵਾਰਿਸ ਲਾਸ਼ਾਂ , ਤਸ਼ੱਦਦ ਅਤੇ ਹਜ਼ਾਰਾਂ ਝੂਠੇ ਪੁਲਿਸ ਮੁਕਾਬਲੇ ਅੱਜ ਵੀ ਜਵਾਬਦੇਹੀ ਅਤੇ ਇਨਸਾਫ਼ ਦੀ ਮੰਗ ਕਰਦੇ ਹਨ।”
ਇਹ ਵੀ ਪੜ੍ਹੋ MP Sarabjeet Singh Khalsa ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖ਼ਾਲੜਾ ਦੀ ਯਾਦ ਬਣਾਉਣ ਲਈ 1 ਕਰੋੜ ਫੰਡ ਦੇਣ ਦਾ ਐਲਾਨ
ਉਨ੍ਹਾਂ ਉਲਾਂਭੇ ਭਰੇ ਲਹਿਜ਼ੇ ਵਿਚ ਲਿਖਿਆ ਹੈ ਕਿ ਕਾਂਗਰਸ ਸਰਕਾਰ ਦੇ ਦੌਰਾਨ ਹੋਏ ਇਸ ਕਤਲੇਆਮ ਅਤੇ ਮਨੁੱਖੀ ਹੱਕਾਂ ਦੇ ਘਾਣ ਨੂੰ ਬਾਅਦ ਵਿਚ ਆਈਆਂ ਸਰਕਾਰਾਂ ਨੇ ਵੀ ਹੱਕ ਇਨਸਾਫ਼ ਦਿਵਾਉਣ ਵਿੱਚ ਕੋਈ ਰੋਲ ਨਹੀਂ ਨਿਭਾਇਆ। ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਦੋਸ਼ੀ ਪੁਲਿਸ ਅਫਸਰਾਂ ਨੂੰ ਵੀ.ਆਈ.ਪੀ ਸਹੂਲਤਾਂ, ਕਾਨੂੰਨੀ ਮਦਦ, ਉੱਚੇ ਓਹਦੇ ਬਖਸ਼ੇ-ਸੁਮੇਧ ਸੈਣੀ, ਇਜ਼ਹਾਰ ਆਲਮ, ਦਰਬਾਰਾ ਗੁਰੂ, ਉਮਰਾਨੰਗਲ, ਮੋਹੰਮਦ ਮੁਸਤਫਾ ਆਦਿ ਸ਼ਾਮਲ ਹਨ, ਜਦਕਿ ਪੀੜਤ ਪਰਿਵਾਰਾਂ ਨੂੰ ਹਾਸ਼ੀਏ ਤੋਂ ਧੱਕਿਆ ਗਿਆ, ਤੰਗ-ਪਰੇਸ਼ਾਨ ਕੀਤਾ ਗਿਆ ਅਤੇ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸੇ ਰਾਹ ‘ਤੇ ਚੱਲਦਿਆਂ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਮੁਲਾਜ਼ਮਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਉਣ ਦੀ ਬਜਾਏ ਫਰਾਰ ਕਰਨ ਵਿਚ ਮਦਦ ਕੀਤੀ| ਜਿਨ੍ਹਾਂ ਵਿੱਚ ਖਾਲੜਾ ਦੇ ਕਾਤਲ ਡੀ.ਐਸ.ਪੀ. ਜਸਪਾਲ ਸਿੰਘ, ਸੱਬ ਇੰਸਪੈਕਟਰ ਜਸਬੀਰ ਸਿੰਘ ਅਤੇ ਸਤਨਾਮ ਸਿੰਘ ਸ਼ਾਮਲ ਹਨ।ਭਾਜਪਾ ਸਰਕਾਰ ਉੱਤੇ ਵੀ ਵਿਦੇਸ਼ੀ ਧਰਤੀ ‘ਤੇ ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ ਸਬੰਧੀ ਗੰਭੀਰ ਦੋਸ਼ ਐਫ.ਬੀ.ਆਈ ਸਾਬਤ ਕਰ ਰਹੀ ਹੈ। ਸਮੁੱਚਾ ਸਿੱਖ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਇਸ ਆਸ ਨਾਲ ਵੇਖਦਾ ਹੈ ਕਿ ਉਹ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਕੀਤੇ ਸਿਧਾਂਤ ਅਨੁਸਾਰ ਨਿਡਰਤਾ, ਨਿਰਪੱਖਤਾ ‘ਤੇ ਚੱਲਦਿਆਂ ਅਗਵਾਈ ਦੇਣਗੇ ।
👉ਉਨ੍ਹਾਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਿਆਂ ਲਿਖਿਆ ਹੈ ਕਿ-
1. ਪੰਜਾਬ ਵਿੱਚ 80 ਅਤੇ 90 ਦੇ ਦਹਾਕੇ ਦੌਰਾਨ ਲਾਪਤਾ ਕੀਤੇ ਗਏ ਲੋਕਾਂ , ਲਾਵਾਰਿਸ ਲਾਸ਼ਾਂ ਅਤੇ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਲਈ ਇੱਕ ਲੋਕ ਕਮਿਸ਼ਨ ਦਾ ਗਠਨ ਕੀਤਾ ਜਾਵੇ।
2. ਉਹਨਾਂ ਅਣਪਛਾਤੀਆਂ ਲਾਸ਼ਾਂ ਨੂੰ, ਜਿਨ੍ਹਾਂ ਦੀ ਪਛਾਣ ਸਰਦਾਰ ਖਾਲੜਾ ਨੇ ਆਪਣੀ ਸ਼ਹਾਦਤ ਨਾਲ ਕੀਤੀ, ਕੇਂਦਰੀ ਸਿੱਖ ਅਜਾਇਬ ਘਰ ਵਿੱਚ ਉਨ੍ਹਾਂ ਦਾ ਬਣਦਾ ਸਥਾਨ ਦਿੱਤਾ ਜਾਵੇ ਜਿਨ੍ਹਾਂ ਦੀਆਂ ਉਹ ਹੱਕਦਾਰ ਹਨ।
3. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀੜ੍ਹਤ ਪਰਿਵਾਰਾਂ ਦੀ ਮਾਲੀ ਮਦਦ ਕਰੇ।
ਕੋਈ ਵੀ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਜਵਾਬਦੇਹੀ ਅਤੇ ਕਾਨੂੰਨ ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਨੇ ਨਿਰਦੋਸ਼ਾਂ ਦਾ ਕਤਲੇਆਮ ਕੀਤਾ , ਇਨਸਾਫ਼ ਦੇਣ ਤੋਂ ਮੁਨਕਰ ਹੋਏ , ਸਿੱਖ ਨਸਲਕੁਸ਼ੀ ਦੇ ਸੱਚ ਨੂੰ ਲੁਕਾਇਆ ਜਾਂ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਸਮਰਥਨ ਕੀਤਾ, ਉਹਨਾਂ ਨੂੰ ਲੋਕਾਂ ਦੀ ਕਚਹਿਰੀ ਵਿਚ ਜਵਾਬਦੇਹ ਠਹਿਰਾਇਆ ਜਾਵੇ, ਉਹਨਾਂ ਦੇ ਸਾਰੇ ਸਰਕਾਰੀ ਸਨਮਾਨ ਵਾਪਿਸ ਕਰਵਾਏ ਜਾਣ ਅਤੇ ਸਮਾਜਿਕ ਬਾਈਕਾਟ ਕੀਤਾ ਜਾਵੇ। ਸਾਡੇ ਇਸ ਤੀਜੇ ਘੱਲੂਘਾਰੇ ਨੂੰ ਸਿਆਸੀ ਰੋਟੀਆਂ ਸੇਕਣ ਲਈ ਨਾ ਵਰਤਿਆ ਜਾਵੇ ਬਲਕੀ ਸਾਰੇ ਨਿਜ਼ਾਮ ਤੋਂ ਜਵਾਬਦੇਹੀ ਮੰਗੀ ਜਾਵੇ – ਇਹੋ ਹੀ ਲਾਵਾਰਿਸ ਲਾਸ਼ਾਂ ਅਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





