ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਦਸਿਆ ਮੁਲਾਜਮਾਂ ਦਾ ਦੁਸ਼ਮਣ
ਸੁਖਜਿੰਦਰ ਮਾਨ
ਬਠਿੰਡਾ, 19 ਜਨਵਰੀ: ਸੂਬੇ ਦੀਆਂ ਦਰਜ਼ਨਾਂ ਵੱਖ ਵੱਖ ਕਾਰਪੋਰੇਸ਼ਨਾਂ ਤੇ ਬੋਰਡਾਂ ਵਿਚੋਂ ਸੇਵਾ ਮੁਕਤ ਹੋਏ ਮੁਲਾਜਮ ਆਗੂਆਂ ਨੇ ਪੰਜਾਬ ਸਰਕਾਰ ’ਤੇ ਵਿਤਕਰੇਬਾਜ਼ੀ ਕਰਨ ਦਾ ਦੋਸ਼ ਲਗਾਉਂਦਿਆਂ ਆਗਾਮੀ ਚੋਣਾਂ ’ਚ ਸਿਆਸੀ ਪਾਰਟੀਆਂ ਨੂੰ ਮੁਲਾਜਮਾਂ ਦੀਆਂ ਮੰਗਾਂ ਅਪਣੇ ਚੋਣ ਮਨੋਰਥ ਪੱਤਰ ’ਚ ਦਰਜ਼ ਕਰਨ ਦੀ ਮੰਗ ਕੀਤੀ ਹੈ। ਅੱਜ ਸਥਾਨਕ ਪ੍ਰੈਸ ਕਲੱਬ ’ਚ ਇਕੱਠੇ ਹੋਏ ਸੇਵਾ ਮੁਕਤ ਮੁਲਾਜਮ ਆਗੂਆਂ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੌਰਾਨ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲਗਾਤਰ ਮੁਲਾਜਮ ਵਿਰੋਧੀ ਫੈਸਲੇ ਕਰਕੇ ਦੁਸਮਣੀ ਵਾਲਾ ਰਵੱਈਆ ਅਪਣਾਈ ਰੱਖਿਆ ਹੈ। ਮੁਲਾਜ਼ਮ ਆਗੂ ਬਲਜਿੰਦਰ ਸਿੰਘ ਬਰਾੜ, ਦੌਲਤ ਰਾਏ, ਕੁਲਦੀਪ ਸਿੰਘ, ਅਮਰਜੀਤ ਸਿੰਘ ਅਤੇ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਧੀਨ ਹੀ ਕੰਮ ਕਰ ਰਹੀਆਂ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਵਿਚੋਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ ਪੈਨਸ਼ਨ ਨਾ ਮਿਲਣ ਕਾਰਨ ਨਰਕ ਭਰੀ ਜ਼ਿੰਦਗੀ ਜਿਊਣੀ ਪੈ ਰਹੀ ਹੈ। ਉਨ੍ਹਾਂ ਦਸਿਆ ਕਿ ਕਰੀਬ ਤਿੰਨ ਦਰਜ਼ਨ ਤੋਂ ਵੱਧ ਬੋਰਡ ਤੇ ਕਾਰਪੋਰੇਸ਼ਨਾਂ ਵਿਚੋਂ ਸਿਰਫ਼ ਅੱਧੀ ਦਰਜ਼ਨ ਵਿਚੋਂ ਸੰਸਥਾਵਾਂ ਵਿਚੋਂ ਹੀ ਮੁਲਾਜਮਾਂ ਨੂੰ ਪੈਨਸ਼ਨ ਮਿਲ ਰਹੀ ਹੈ। ਮੁਲਾਜਮ ਆਗੂਆਂ ਨੇ ਦੁਖੀ ਮਨ ਨਾਲ ਦਸਿਆ ਕਿ ਉਹ ਲਗਾਤਾਰ 35- 40 ਵਿਭਾਗ ਵਿਚ ਕੰਮ ਕਰਨ ਤੋਂ ਬਾਅਦ ਸੇਵਾਮੁਕਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਪੈਨਸ਼ਨ ਨਹੀਂ ਮਿਲਦੀ ਜਦੋਂਕਿ ਇੱਕ ਸਿਆਸੀ ਆਗੂ ਇੱਕ ਵਾਰ ਪੰਜ ਸਾਲ ਜਾਂ ਉਸ ਤੋਂ ਵੀ ਘੱਟ ਸਮੇਂ ਲਈ ਵਿਧਾਇਕ ਰਹਿਣ ਦੇ ਬਾਵਜੂਦ ਲੱਖਾਂ ਰੁਪਏ ਪੈਨਸ਼ਨ ਦਾ ਹੱਕਦਾਰ ਹੋ ਜਾਂਦਾ ਹੈ। ਮੁਲਾਜਮ ਆਗੂਆਂ ਨੇ ਅਪਣੀਆਂ ਸਮੱਸਿਆਵਾਂ ਦਸਦਿਆਂ ਦਾਅਵਾ ਕੀਤਾ ਕਿ ਲਗਾਤਰ ਚੰਗੀਆਂ ਪੋਸਟਾਂ ’ਤੇ ਕੰਮ ਕਰਨ ਦੇ ਬਾਅਦ ਵੀ ਉਨ੍ਹਾਂ ਨੂੰ ਪੈਨਸ਼ਨ ਨਾ ਮਿਲਣ ਕਾਰਨ ਸੇਵਾਮੁਕਤੀ ਤੋਂ ਬਾਅਦ ਵੀ ਅਪਣੀ ਜਿੰਦਗੀ ਨੂੰ ਜਿਊਣ ਲਈ ਛੋਟੇ ਮੋਟੇ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇੰਨ੍ਹਾਂ ਮੁਲਾਜਮਾਂ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਪਣੇ ਵਲੋਂ ਜਾਰੀ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰਾਂ ਵਿਚ ਸੇਵਾ ਮੁਕਤ ਮੁਲਾਜ਼ਮਾਂ ਦੀ ਪੈਨਸ਼ਨ ਮੰਗ ਨੂੰ ਦਰਜ਼ ਕਰਕੇ ਸਰਕਾਰ ਬਣਨ ’ਤੇ ਲਾਗੂ ਕਰਨ।
Share the post "ਸੇਵਾਮੁਕਤ ਮੁਲਾਜਮਾਂ ਨੇ ਸਿਆਸੀ ਪਾਰਟੀਆਂ ਨੂੰ ਮੁਲਾਜਮਾਂ ਦੀਆਂ ਮੰਗਾਂ ਚੋਣ ਮਨੋਰਥ ਪੱਤਰ ’ਚ ਦਰਜ਼ ਕਰਨ ਦੀ ਕੀਤੀ ਅਪੀਲ"