ਸ਼ਹਿਰ ਵਾਸੀ ਦੇਣਗੇ ਅਕਾਲੀ ਬਸਪਾ ਗੱਠਜੋੜ ਨੂੰ ਮੌਕਾ
ਸੁਖਜਿੰਦਰ ਮਾਨ
ਬਠਿੰਡਾ, 30 ਜਨਵਰੀ: ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸ਼ਹਿਰ ਵਿੱਚ ਝੂਠੇ ਪਰਚਿਆਂ ਦੀ ਸ਼ੁਰੂ ਕੀਤੀ ਨਵੀਂ ਪਰੰਪਰਾ ਘਾਤਕ ਸਿੱਧ ਹੋਵੇਗੀ, ਕਿਉਂਕਿ ਲੋਕ ਝੂਠੇ ਪਰਚਿਆਂ, ਜਾਤੀ ਰੰਜਸ਼, ਲੁੱਟ ਖੋਹ ਦੀਆਂ ਘਟਨਾਵਾਂ, ਧੱਕੇਸ਼ਾਹੀਆਂ ,ਨਾਜਾਇਜ ਕਬਜਿਆਂ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ ਜਿਸ ਦਾ ਖਮਿਆਜ਼ਾ ਕਾਂਗਰਸ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਰੱਖੀਆਂ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਸ਼੍ਰੀ ਸਿੰਗਲਾ ਨੇ ਦਾਅਵਾ ਕੀਤਾ ਕਿ ਬੀਤੀ ਰਾਤ ਕੈਂਟ ਪੁਲਿਸ ਵਲੋਂ ਉਨ੍ਹਾਂ ਦੇ ਸਪੁੱਤਰ ਸਮੇਤ ਅਕਾਲੀ ਵਰਕਰਾਂ ’ਤੇ ਦਰਜ਼ ਕੀਤਾ ਪਰਚਾ ਹਾਰ ਦੀ ਬੁਖਲਾਹਟ ਹੈ, ਜਿਸ ਤੋਂ ਸ਼ਹਿਰ ਵਾਸੀ ਪੂਰੀ ਤਰ੍ਹਾਂ ਜਾਣੂ ਹਨ। ਉਨ੍ਹਾਂ ਪੁਲਿਸ ਅਫਸਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਖ਼ਜ਼ਾਨਾ ਮੰਤਰੀ ਦੀ ਕਠਪੁਤਲੀ ਬਣ ਕੇ ਕੰਮ ਨਾ ਕਰਨ ਬਲਕਿ ਚੋਣ ਪ੍ਰਕਿਰਿਆ ਰਾਹੀਂ ਬਣਦੀ ਡਿਊਟੀ ਨੂੰ ਜਿੰਮੇਵਾਰੀ ਨਾਲ ਨਿਭਾਉਣ। ਸਰੂਪ ਸਿੰਗਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਕਾਸ ਦੀ ਰਾਜਨੀਤੀ ਕਰਦਾ ਹੈ ਜਦੋਂ ਕਿ ਮਨਪ੍ਰੀਤ ਬਾਦਲ ਨੇ ਝੂਠੇ ਪਰਚਿਆਂ ਦੀ ਰਾਜਨੀਤੀ ਕੀਤੀ । ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਇਸ ਵਾਰ ਅਕਾਲੀ ਬਸਪਾ ਗੱਠਜੋੜ ਨੂੰ ਮੌਕਾ ਦੇਣਗੇ ਤੇ ਜਿੱਤ ਕੇ ਇਸ ਸ਼ਹਿਰ ਨੂੰ ਨਵੇਂ ਰਾਹ ਪਾਇਆ ਜਾਵੇਗਾ, ਸਿਆਸੀ ਹਵਾ ਬਦਲੀ ਜਾਵੇਗੀ, ਪਰਿਵਾਰਕ ਮਾਹੌਲ ਬਣਾਇਆ ਜਾਵੇਗਾ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਨੂੰ ਮੁੱਖ ਰੱਖ ਕੇ ਵੋਟ ਦਾ ਇਸਤੇਮਾਲ ਕਰਨ।ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਸਾਬਕਾ ਵਿਧਾਇਕ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਜਿੱਤ ਲਈ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ । ਇਸ ਮੌਕੇ ਉਨ੍ਹਾਂ ਦੇ ਨਾਲ ਬਬਲੀ ਢਿੱਲੋਂ, ਮੋਹਿਤ ਗੁਪਤਾ, ਹਰਪਾਲ ਸਿੰਘ ਢਿੱਲੋਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅਤੇ ਵਰਕਰ ਮੌਜੂਦ ਸਨ ।
Share the post "ਮਨਪ੍ਰੀਤ ਬਾਦਲ ਨੇ ਝੂਠੇ ਪਰਚਿਆਂ ਦੀ ਸ਼ੁਰੂ ਕੀਤੀ ਪਰੰਪਰਾ ਸ਼ਹਿਰ ਲਈ ਘਾਤਕ : ਸਰੂਪ ਸਿੰਗਲਾ"