Punjabi Khabarsaar
ਬਠਿੰਡਾ

ਵਿੱਤ ਮੰਤਰੀ ਵਲੋਂ ਬਠਿੰਡਾ ’ਚ ਵੰਡੀ ਵਿੱਤੀ ਸਹਾਇਤਾਂ ਨੂੰ ਲੈ ਕੇ ਪਿਆ ਰੌਲਾ

ਵਿਰੋਧੀਆਂ ਨੇ ਕਾਂਗਰਸੀ ਕੋਂਸਲਰ ’ਤੇ ਅਪਣੀ ਮਾਂ ਦੇ ਨਾਂ ਉਪਰ ਚੈਕ ਲੈਣ ਦਾ ਲਗਾਇਆ ਦੋਸ਼
ਕੋਂਸਲਰ ਨੇ ਕੀਤਾ ਦਾਅਵਾ, ਚੈਕ ਨਾਲ ਨਹੀਂ ਹੈ ਉਸਦਾ ਲੈਣਾ-ਦੇਣਾ
ਸੁਖਜਿੰਦਰ ਮਾਨ
ਬਠਿੰਡਾ, 7 ਫ਼ਰਵਰੀ: ਚੋਣ ਜਾਬਤਾ ਲੱਗਣ ਤੋਂ ਐਨ ਕੁੱਝ ਸਮਾਂ ਪਹਿਲਾਂ ਵਿਤ ਮੰਤਰੀ ਵਲੋਂ ਬਠਿੰਡਾ ਦੇ ਨਾਗਰਿਕਾਂ ਲਈ ਵਿੱਤੀ ਸਹਾਇਤਾਂ ਦੇ ਨਾਂ ‘ਤੇ ਸੂਬੇ ਦੇ ਖ਼ਜਾਨੇ ਦਾ ਮੂੰਹ ਖੋਲਣ ਦਾ ਭੇਤ ਹੁਣ ਚੋਣਾਂ ਵਿਚ ਖੁੱਲਣ ਲੱਗੇ ਹਨ। ਹਾਲਾਂਕਿ ਵਿਰੋਧੀਆਂ ਵਲੋਂ ਪਹਿਲਾਂ ਹੀ ਸ਼ਹਿਰ ’ਚ ਵਿਤੀ ਸਹਾਇਤਾਂ ਦੇ ਨਾਂ ’ਤੇ ਵੰਡੇ ਕਰੋੜਾਂ ਰੁਪਇਆਂ ਤੋਂ ਇਲਾਵਾ ਸੋਲਰ ਪਲਾਂਟਾਂ ਲਗਾਉਣ ਦੇ ਮਾਮਲੇ ’ਤੇ ਸਵਾਲ ਚੁੱਕੇ ਸਨ ਪ੍ਰੰਤੂ ਹੁਣ ਅਕਾਲੀ ਦਲ ਨੇ ਸ਼ਹਿਰ ਦੇ ਇੱਕ ਕਾਂਗਰਸੀ ਕੋਂਸਲਰ ਉਪਰ ਗਰੀਬ ਪ੍ਰਵਾਰਾਂ ਦੇ ਮਕਾਨਾਂ ਦੀ ਮੱਦਦ ਲਈ ਦਿੱਤੀ ਗਈ ਵਿਤੀ ਸਹਾਇਤਾਂ ਦਾ ਚੈਕ ਅਪਣੀ ਮਾਤਾ ਦੇ ਨਾਂ ਉਪਰ ਲੈਣ ਦੇ ਦੋਸ਼ ਲਗਾਏ ਹਨ। ਜਦੋਂਕਿ ਕਾਂਗਰਸੀ ਕੋਂਸਲਰ ਨੇ ਅਕਾਲੀ ਦਲ ਦੇ ਇੰਨ੍ਹਾਂ ਦਾਅਵਿਆਂ ਨੂੰ ਸਿਆਸੀ ਸਟੰਟ ਕਰਾਰ ਦਿੱਤਾ ਹੈ। ਲਾਈਨੋਂਪਾਰ ਇਲਾਕੇ ਦੇ ਸਾਬਕਾ ਅਕਾਲੀ ਕੋਂਸਲਰ ਤੇ ਯੂਥ ਅਕਾਲੀ ਦਲ ਦੇ ਆਗੂ ਗੁਰਸੇਵਕ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਦਸਿਆ ਕਿ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਚੋਣਾਂ ਤੋਂ ਪਹਿਲਾਂ ਅਪਣੇ ਚਹੇਤਿਆਂ ਨੂੰ ਖ਼ੁਸ ਕਰਨ ਲਈ ਸਰਕਾਰੀ ਖ਼ਜਾਨੇ ਵਿਚੋਂ ਕਰੋੜਾਂ ਰੁਪਏ ਦੇ ਚੈਕ ਬਠਿੰਡਾ ਸ਼ਹਿਰ ’ਚ ਵਿਤੀ ਸਹਾਇਤਾਂ ਦੇ ਨਾਂ ’ਤੇ ਵੰਡੇ ਸਨ। ਉਨ੍ਹਾਂ ਦਸਿਆ ਕਿ ਵਿਰੋਧੀ ਧਿਰਾਂ ਪਹਿਲਾਂ ਹੀ ਵਿਤ ਮੰਤਰੀ ਵਲੋਂ ਸਰਕਾਰੀ ਖ਼ਜਾਨੇ ਦੀ ਦੁਰਵਰਤੋਂ ਦੇ ਦੋਸ਼ ਲਗਾਏ ਜਾਂਦੇ ਰਹੇ ਹਨ। ਪ੍ਰੰਤੂ ਹੁਣ ਸਾਹਮਣੇ ਆਏ ਮਾਮਲੇ ਵਿਚ ਇਸਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਾਰਡ ਨੰਬਰ 41 ਤੋਂ ਕਾਂਗਰਸੀ ਕੋਂਸਲਰ ਗੁਰਪਾਲ ਸਿੰਘ ਗੋਰਾ ਨੇ ਅਪਣੀ ਮਾਤਾ ਸੁਖਦੇਵ ਕੌਰ ਪਤਨੀ ਕਰਨੈਲ ਸਿੰਘ ਦੇ ਨਾਂ ’ਤੇ ਦਸ ਹਜ਼ਾਰ ਦਾ ਚੈਕ ਪ੍ਰਾਪਤ ਕੀਤਾ ਹੈ ਜਦੋਂਕਿ ਇਹ ਰਾਸ਼ੀ ਨਿਯਮਾਂ ਮੁਤਾਬਕ ਗਰੀਬ ਪ੍ਰਵਾਰਾਂ ਨੂੰ ਹੀ ਵੰਡੀ ਜਾਣੀ ਸੀ। ਉਨ੍ਹਾਂ ਦਸਿਆ ਕਿ ਕੁੱਝ ਸਮਾਂ ਪਹਿਲਾਂ ਉਕਤ ਕੋਂਸਲਰ ਦਾ ਮਕਾਨ ਪਰਸਰਾਮ ਨਗਰ ਦੀ ਗਲੀ ਨੰਬਰ 29 ਵਿਚ ਸੀ ਪਰ ਹੁਣ ਉਸਨੇ ਨਵਾਂ ਮਕਾਨ ਗਲੀ ਨੰਬਰ 31 ਵਿਚ ਪਾ ਲਿਆ ਹੈ। ਸਾਬਕਾ ਕੋਂਸਲਰ ਮਾਨ ਦੇ ਦਾਅਵੇ ਮੁਤਾਬਕ ਇਹ ਇੱਕ ਮਾਮਲਾ ਨਹੀਂ ਹੈ, ਬਲਕਿ ਜੇਕਰ ਇਸਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ ਤਾਂ ਸੈਕੜੇ ਅਜਿਹੇ ਕੇਸ ਸਾਹਮਣੇ ਆਉਣਗੇ, ਜਿੱਥੇ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ। ਉਧਰ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ‘‘ ਅਕਾਲੀ-ਬਸਪਾ ਸਰਕਾਰ ਆਉਣ ’ਤੇ ਵਿਤ ਮੰਤਰੀ ਵਲੋਂ ਵਿੱਤੀ ਸਹਾਇਤਾਂ ਦੇ ਨਾਂ ’ਤੇ ਗੈਰ-ਜਰੂਰਤਮੰਦ ਤੇ ਅਪਣੇ ਚਹੇਤਿਆਂ ਨੂੰ ਵੰਡੀ ਸਰਕਾਰੀ ਰਾਸ਼ੀ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਅਜਿਹਾ ਕਰਨ ਵਾਲਿਆਂ ਵਿਰੁਧ ਪਰਚੇ ਦਰਜ਼ ਕੀਤੇ ਜਾਣਗੇ। ’’
ਬਾਕਸ
ਜਾਣਬੁੱਝ ਕੇ ਵਿਰੋਧੀ ਕਰ ਰਹੇ ਹਨ ਬਦਨਾਮ: ਕੋਂਸਲਰ ਗੋਰਾ
ਬਠਿੰਡਾ: ਦੂਜੇ ਪਾਸੇ ਵਾਰਡ ਨੰਬਰ 41 ਦੇ ਕਾਂਗਰਸੀ ਕੋਂਸਲਰ ਗੁਰਪਾਲ ਸਿੰਘ ਗੋਰਾ ਨੇ ਦਾਅਵਾ ਕੀਤਾ ਕਿ ਵਿਰੋਧੀ ਅਪਣੀ ਹਾਰ ਦੇ ਬੁਖ਼ਲਾਹਟ ਵਿਚ ਆ ਗਏ ਹਨ ਤੇ ਝੂਠੇ ਦੋਸ਼ ਲਗਾਕੇ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਔਰਤ ਦੇ ਨਾਂ ’ਤੇ ਇਹ ਚੈਕ ਜਾਰੀ ਹੋਇਆ ਹੈ, ਉਸਦਾ ਤੇ ਉਸਦੇ ਪਤੀ ਦਾ ਨਾਮ ਉਸਦੀ ਮਾਤਾ ਤੇ ਪਿਤਾ ਨਾਲ ਜਰੂਰ ਮਿਲਦਾ ਹੈ ਪ੍ਰੰਤੂ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ।

Related posts

ਆਪ ਦੀ ਸਰਕਾਰ ਨੇ ਡੇਢ ਸਾਲ ਵਿੱਚ ਰਿਕਾਰਤੋੜ ਕੰਮ ਕੀਤੇ- ਪ੍ਰਿੰਸੀਪਲ ਬੁੱਧ ਰਾਮ

punjabusernewssite

ਅਰੂਸਾ ਆਲਮ ਨਹੀਂ ਪੰਜਾਬ ਦਾ ਮੁੱਦਾ : ਭੱਲਾ

punjabusernewssite

ਸੇਵਾ ਮੁਕਤ ਕਰਮਚਾਰੀ ਯੂਨੀਅਨ ਨੇ ਕਰਵਾਏ ਸੁਖਮਨੀ ਸਾਹਿਬ ਦੇ ਪਾਠ

punjabusernewssite