17 ਨੂੰ ਬਰਨਾਲਾ ‘ਚ ਸੂਬਾ ਪੱਧਰੀ ਲੋਕ-ਕਲਿਆਣ ਰੈਲੀ ਕਰਨ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 9 ਫ਼ਰਵਰੀ: ਸੂਬੇ ਦੇ ਕਿਸਾਨਾਂ ’ਚ ਪ੍ਰਭਾਵਸ਼ਾਲੀ ਪ੍ਰਭਾਵ ਰੱਖਣ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਲੋਕਾਂ ਨੂੰ ਵੋਟਾਂ ਦੀ ਬਜਾਏ ਲੋਕ ਤਾਕਤ ’ਤੇ ਭਰੋਸਾ ਰੱਖਣ ਲਈ ਸ਼ੁਰੂ ਕੀਤੀ “ਵੋਟ-ਭਰਮ ਤੋੜੋ, ਲੋਕ-ਤਾਕਤ ਜੋੜੋ“ ਤਹਿਤ ਅੱਜ ਸਥਾਨਕ ਗੁਰਦੁਆਰਾ ਹਾਜੀ ਰਤਨ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਤੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ 17 ਫਰਵਰੀ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਲੋਕ ਕਲਿਆਣ ਲਈ ਰੈਲੀ ਦੀ ਤਿਆਰੀ ਲਈ ਸੂਬਾ ਕਮੇਟੀ ਦੇ ਸੱਦੇ ਤਹਿਤ “ਵੋਟ-ਭਰਮ ਤੋੜੋ, ਲੋਕ-ਤਾਕਤ ਜੋੜੋ“ ਮੁਹਿੰਮ ਨੂੰ ਭਖਾਉਣ ਲਈ ਜਿਸ ਵਿੱਚ ਸਾਰੀਆਂ ਹੀ ਵੋਟ ਬਟੋਰੂ ਪਾਰਟੀਆਂ ਕਿਸਾਨਾਂ ਮਜ਼ਦੂਰਾਂ ਦੇ ਇਨ੍ਹਾਂ ਮੁੱਦਿਆਂ ਨੂੰ ਰੋਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੰਗੀਰਦਾਰਾਂ ਅਤੇ ਕਾਰਪੋਰੇਟਾਂ ਨੂੰ ਚੱਲਦਾ ਕਰਕੇ ਨਵਾਂ ਖੇਤੀ ਮਾਡਲ ਲਿਆਉਣ, ਲੋੜਵੰਦ ਮਜਦੂਰਾਂ ਕਿਸਾਨਾਂ ਦੀ ਜਮੀਨੀ ਤੋਟ ਪੂਰੀ ਕਰਨ, ਸੂਦ-ਖੋਰੀ ਦਾ ਫਸਤਾ ਵੱਢਣ, ਸਰਕਾਰੀ ਖਜਾਨੇ ਤੇ ਬੈਂਕਾਂ ਦਾ ਮੂੰਹ ਮਜਦੂਰਾਂ-ਕਿਸਾਨਾਂ ਲਈ ਖੁਲਵਾਉਣ ਤੇ ਨਵ-ਉਦਾਰਵਾਦੀ ਨੀਤੀਆਂ ਫੈਸਲਿਆਂ ਨੂੰ ਪੁੱਠਾ ਗੇੜਾ ਦੇਣ ਲਈ ਬਦਲਵਾਂ ਵਿਕਾਸ ਲਿਆਉਣਾ ਬਹੁਤ ਜਰੂਰੀ ਹੈ। ਅੱਜ ਦੀ ਮੀਟਿੰਗ ਵਿੱਚ ਇਸ ਮੁਹਿੰਮ ਨੂੰ ਘਰ ਘਰ ਤਕ ਲਿਜਾਣ ਲਈ ਪਿੰਡਾਂ ਵਿੱਚ ਮੀਟਿੰਗਾਂ ਰੈਲੀਆਂ ਕਰਨ ਲਈ ਵਿਉਂਤਬੰਦੀ ਕੀਤੀ ਗਈ । ਮੀਟਿੰਗ ਵਿਚ ਸੰਗਤ ਬਲਾਕ ਪ੍ਰਧਾਨ ਕੁਲਵੰਤ ਸਰਮਾਂ,ਰਾਮ ਸਿੰਘ, ਅਜੇਪਾਲ ਘੁੱਦਾ ਤੇ ਬਲਾਕ ਤਲਵੰਡੀ ਸਾਬੋ ਦੇ ਆਗੂ ਰਣਜੋਧ ਮਾਹੀ ਨੰਗਲ ਸਾਮਿਲ ਸਨ।
ਉਗਰਾਹਾਂ ਜਥੇਬੰਦੀ ਨੇ “ਵੋਟ-ਭਰਮ ਤੋੜੋ, ਲੋਕ-ਤਾਕਤ ਜੋੜੋ” ਭਖਾਈ ਮੁਹਿੰਮ
8 Views