ਕੈਪਟਨ, ਬਾਦਲ, ਨਵਜੋਤ ਸਿੱਧੂ, ਮਜੀਠਿਆ, ਬਾਜਵਾ, ਭਗਵੰਤ ਮਾਨ, ਸੁਖਬੀਰ, ਚੰਨੀ ਤੇ ਭੱਠਲ ਦੇ ਹਲਕਿਆਂ ’ਚ ਹੋਣਗੇ ਸਖਤ ਮੁਕਾਬਲੇ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਫਰਵਰੀ: ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ’ਚ ਇੱਕ ਦਰਜ਼ਨ ਦੇ ਕਰੀਬ ਵੱਡੇ ਆਗੂਆਂ ਦੇ ਸਿਆਸੀ ਭਵਿੱਖ ਦਾ ਫੈਸਲਾ ਕਰਨਗੀਆਂ। ਇੰਨ੍ਹਾਂ ਚੋਣਾਂ ’ਚ ਹੋ ਰਹੇ ਫ਼ਸਵੇਂ ਮੁਕਾਬਲਿਆਂ ਦੇ ਜੇਤੂ ਜਿੱਥੇ ਸਿਕੰਦਰ ਕਹਾਉਣਗੇ, ਉਥੇ ਹਾਰਨ ਵਾਲਿਆਂ ਲਈ ਅਗਲਾ ਸਿਆਸੀ ਰਾਸਤਾ ਕਾਫ਼ੀ ਔਖਾ ਰਹੇਗਾ। ਕਈ ਦਹਾਕਿਆਂ ਬਾਅਦ ਇੰਨ੍ਹਾਂ ਚੋਣਾਂ ਲਈ ਹੋ ਰਹੇ ਬਹੁ ਕੌਣੀ ਮੁਕਾਬਲੇ ਤੇ ਵੋਟਰਾਂ ਦੀ ਵਧੀ ਸਿਆਸੀ ਜਾਗਰੂਕਤਾ ਇੰਨ੍ਹਾਂ ਆਗੂਆਂ ਲਈ ਮੁਸ਼ਕਲ ਖੜੀ ਕਰ ਰਹੀ ਹੈ। ਪਟਿਆਲਾ ਤੋਂ ਲਗਾਤਾਰ ਜਿੱਤਦੇ ਆ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਇਸ ਵਾਰ ਵਿਧਾਨ ਸਭਾ ਪੁੱਜਣਾ ਸੌਖਾ ਜਾਪ ਨਹੀਂ ਆ ਰਿਹਾ। ਕਾਂਗਰਸ ਨੇ ਘੇਰਣ ਲਈ ਉਨ੍ਹਾਂ ਦੇ ਮੁਕਾਬਲੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੂੰ ਚੋਣ ਮੈਦਾਨ ਵਿਚ ਉਤਾਰਿਆਂ ਹੈ ਜਦੋਂਕਿ ਆਪ ਨੇ ਵੀ ਸਾਬਕਾ ਅਕਾਲੀ ਮੰਤਰੀ ਦੇ ਪੁੱਤਰ ਤੇ ਮੇਅਰ ਅਜੀਤਪਾਲ ਸਿੰਘ ਕੋਹਲੀ ’ਤੇ ਦਾਅ ਖੇਡਿਆ ਹੈ। ਇਸੇ ਤਰ੍ਹਾਂ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਲਈ ਆਖ਼ਰੀ ਚੋਣ ਦੌਰਾਨ ਪੈਡਾ ਕਾਫ਼ੀ ਔਖਾ ਲੱਗ ਰਿਹਾ। ਉਨ੍ਹਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਨੇ ਕਾਫ਼ੀ ਗੰਭੀਰ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਨੂੰ ਉਤਾਰਿਆ ਹੈ, ਜਿਸਦੇ ਪ੍ਰਵਾਰ ਦਾ ਇਲਾਕੇ ਵਿਚ ਚੰਗਾ ਨਾਮ ਹੈ। ਦੂਜੇ ਪਾਸੇ ਅੰਮਿ੍ਰਤਸਰ ਪੂਰਬੀ ’ਚ ਵੀ ਦਿਲਚਪਸ ਮੁਕਾਬਲਾ ਬਣਾਇਆ ਹੋਇਆ ਹੈ। ਇੱਥੇ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬਰਾਬਰ ਸ਼੍ਰੋਮਣੀ ਅਕਾਲੀ ਦਲ ਨੇ ਅਪਣੇ ਦੂਜੇ ਨੰਬਰ ਦੇ ਆਗੂ ਬਿਕਰਮ ਸਿੰਘ ਮਜੀਠਿਆ ਨੂੰ ਮੈਦਾਨ ਵਿਚ ਲਿਆਂਦਾ ਹੈ। ਚੋਣ ਮਾਹਰਾਂ ਮੁਤਾਬਕ ਸਿੱਧੂ ਦੇ ਬੇਬਾਕ ਟਿੱਪਣੀਆਂ ਕਾਰਨ ਉਨਾਂ ਦੇ ਸਿਆਸਤ ਵਿਚ ਦੋਸਤ ਘੱਟ ਤੇ ਦੁਸਮਣ ਜਿਆਦਾ ਬਣੇ ਹਨ, ਜਿਸ ਕਾਰਨ ਨਾ ਸਿਰਫ਼ ਅਕਾਲੀ, ਬਲਕਿ ਭਾਜਪਾ, ਕੈਪਟਨ ਤੇ ਆਪ ਤੋਂ ਇਲਾਵਾ ਇੱਥੋਂ ਤੱਕ ਕਾਂਗਰਸ ਦੇ ਕੁੱਝ ਆਗੂ ਵੀ ਉਨ੍ਹਾਂ ਲਈ ਵਿਧਾਨ ਸਭਾ ਦਾ ਰਾਹ ਔਖਾ ਕਰ ਸਕਦੇ ਹਨ। ਜਿਸਦੇ ਚੱਲਦੇ ਪਹਿਲੀ ਵਾਰ ਸੂਬਾ ਪ੍ਰਧਾਨ ਪੂਰੇ ਪੰਜਾਬ ਵਿਚ ਪ੍ਰਚਾਰ ਕਰਨ ਦੀ ਬਜ਼ਾਏ ਸਿਰਫ਼ ਅਪਣੇ ਹਲਕੇ ਤੱਕ ਸੀਮਤ ਹੋ ਕੇ ਰਹਿ ਗਏ ਹਨ। ਜੇਕਰ ਦੂਜੇ ਪਾਸੇ ਬਿਕਰਮ ਮਜੀਠਿਆ ਹਾਰ ਜਾਂਦੇ ਹਨ ਤਾਂ ਪਹਿਲਾਂ ਹੀ ਨਸ਼ਿਆਂ ਦੇ ਮਾਮਲੇ ਵਿਚ ਵਿਰੋਧੀਆਂ ਦੇ ਘੇਰੇ ਵਿਚ ਚੱਲ ਰਹੇ ਉਕਤ ਆਗੂ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ। ਉਧਰ, ਬੇਸ਼ੱਕ ਆਪ ਵਲੋਂ ਮੁੱਖ ਮੰਤਰੀ ਅਹੁੱਦੇ ਦੇ ਐਲਾਨੇ ਉਮੀਦਵਾਰ ਭਗਵੰਤ ਮਾਨ ਧੂਰੀ ਹਲਕੇ ਤੋਂ ਮਜਬੂਤ ਉਮੀਦਵਾਰਾਂ ਵਿਚੋਂ ਇੱਕ ਹਨ ਪ੍ਰੰਤੂ ਸਿਰੜ ਦੇ ਧਨੀ ਮੰਨੇ ਜਾਣ ਵਾਲੇ ਕਾਂਗਰਸ ਦੇ ਗੋਲਡੀ ਵੀ ਅਪਣੀ ਪਤਨੀ ਨਾਲ ਜਿੱਤ ਨੂੰ ਯਕੀਨੀ ਬਣਾਉਣ ਲਈ ਸਿਰਧੜ ਦੀ ਬਾਜ਼ੀ ਲਗਾਉਣ ਵਿਚ ਜੁਟੇ ਹੋਏ ਹਨ। ਆਪ ਆਗੂਆਂ ਨੂੰ ਇਸ ਗੱਲ ਦਾ ਵੀ ਖ਼ਤਰਾ ਹੈ ਕਿ ਰਿਵਾਇਤੀ ਪਾਰਟੀਆਂ ਕੁੱਝ ਸੀਟਾਂ ’ਤੇ ਨੂਰਾ-ਕੁਸ਼ਤੀ ਨਾ ਖੇਡ ਜਾਣ, ਜਿਸਦੇ ਚੱਲਦੇ ਉਹ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਵਲੋਂ ਮੁੱਖ ਮੰਤਰੀ ਦੀ ਕੁਰਸੀ ਦੇ ਦਾਅਵੇਦਾਰ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਕਾਂਗਰਸ ਦੇ ਮੌਜੂਦਾ ਵਿਧਾਇਕ ਰਮਿੰਦਰ ਆਵਲਾ ਦੇ ਮੈਦਾਨ ਵਿਚੋਂ ਹਟ ਜਾਣ ਕਾਰਨ ਸੌਖ ਮਹਿਸੂਸ ਕਰ ਰਹੇ ਹਨ ਪ੍ਰੰਤੂ ਕਾਂਗਰਸੀ ਆਗੂਆਂ ਦੀ ਅੰਦਰੋ-ਅੰਦਰੀ ਨਰਾਜ਼ਗੀ ਦਾ ਫੁੱਟ ਰਿਹਾ ਲਾਵਾ ਤੇ ਉਨ੍ਹਾਂ ਦੇ ਆਪ ਉਮੀਦਵਾਰ ਜਗਦੀਪ ਗੋਲਡੀ ਨਾਲ ਦਿਖ਼ਾਈ ਜਾ ਰਹੀ ਹਮਦਰਦੀ ਪਹਿਲਾਂ ਹੀ ਅਕਾਲੀ ਦਲ ਦੇ ਮਾੜੇ ਪ੍ਰਦਰਸ਼ਨ ਕਾਰਨ ਔਖੇ ਸਮੇਂ ਵਿਚੋਂ ਟੱਪ ਰਹੇ ਸ: ਬਾਦਲ ਲਈ ਵੱਡੀ ਮੁਸ਼ਕਲ ਖ਼ੜੀ ਹੋ ਸਕਦੀ ਹੈ। ਦੂਜੇ ਪਾਸੇ, ਕਾਂਗਰਸ ਪਾਰਟੀ ਨੇ ਪਹਿਲਾਂ ਹੀ ਚਰਨਜੀਤ ਸਿੰਘ ਚੰਨੀ ’ਤੇ ਮੁੜ ਦਾਅ ਖੇਡਣ ਲਈ ਉਨ੍ਹਾਂ ਨੂੰ ਦੋ ਸੀਟਾਂ ’ਤੇ ਖੜਾ ਕਰਨ ਦਾ ਮਨ ਬਣਾ ਲਿਆ ਸੀ ਪ੍ਰੰਤੂ ਸਿਆਸੀ ਗਲਿਆਰਿਆਂ ਵਿਚ ਦੋਨਾਂ ਹਲਕਿਆਂ ’ਚ ਹੀ ਸਖ਼ਤ ਮੁਕਾਬਲਾ ਹੋਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ 1996 ਵਿਚ ਸਿਰਫ਼ ਤਿੰਨ ਮਹੀਨਿਆਂ ਲਈ ਮੁੱਖ ਮੰਤਰੀ ਰਹਿਣ ਤੋਂ ਬਾਅਦ ਸਿਆਸਤ ਵਿਚ ਹੇਠਾਂ ਨੂੰ ਜਾ ਰਹੇ ਬੀਬੀ ਰਜਿੰਦਰ ਕੌਰ ਭੱਠਲ ਪਿਛਲੀ ਹਾਰ ਦਾ ਗਮ ਹਾਲੇ ਤੱਕ ਨਹੀਂ ਭੁੱਲੇ ਹਨ। ਉਨ੍ਹਾਂ ਦਾ ਮੁਕਾਬਲਾ ਮੁੜ ਸਾਬਕਾ ਵਿਤ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਅਪਣੀ ਹੋਂਦ ਲਈ ਲੜ ਰਹੇ ਸੁਖਦੇਵ ਸਿੰਘ ਢੀਂਡਸਾ ਦੇ ਫਰਜੰਦ ਪਰਮਿੰਦਰ ਸਿੰਘ ਢੀਂਡਸਾ ਨਾਲ ਹੋ ਰਿਹਾ ਹੈ। ਜੇਕਰ ਸ:ਢੀਂਡਸਾ ਹੁਣ ਇਹ ਚੋਣ ਹਾਰ ਜਾਂਦੇ ਹਨ ਤਾਂ ਉਨ੍ਹਾਂ ਦਾ ਭਵਿੱਖ ਵੀ ਪਹਿਲਾਂ ਦੀ ਤਰ੍ਹਾਂ ਅਕਾਲੀ ਦਲ ਨਾਲੋਂ ਵੱਖ ਹੋਏ ਧੜਿਆਂ ਦੀ ਤਰ੍ਹਾਂ ਹੋ ਜਾਵੇਗਾ। ਇਸਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਮੁੜ ਪੰਜਾਬ ਦੀ ਸਿਆਸਤ ਵਿਚ ਉਤਰੇ ਹਨ। ਜੇਕਰ ਗੱਲ ਦੂਜੀ ਕਤਾਰ ਦੇ ਲੀਡਰਾਂ ਦੀ ਕੀਤੀ ਜਾਵੇ ਤਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲਈ ਵੀ ਇਸ ਵਾਰ ਚੰਡੀਗੜ੍ਹ ਦੂਰ ਹੁੰਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੂੰ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਵਲੋਂ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ।
Share the post "ਵਿਧਾਨ ਸਭਾ ਚੋਣਾਂ 2022: ਪੰਜਾਬ ਦੇ ਇੱਕ ਦਰਜ਼ਨ ਵੱਡੇ ਆਗੂਆਂ ਦਾ ਭਵਿੱਖ ਕਰਨਗੀਆਂ ਤੈਅ"