ਚੰਡੀਗੜ੍ਹ, 7 ਅਕਤੂਬਰ: ਪੰਜਾਬ ਵਿੱਚ ਝੋਨੇ ਦੀ ਸੁਚਾਰੂ ਖ਼ਰੀਦ ਨੂੰ ਲੈ ਕੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁੜ ਆੜ੍ਹਤੀ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਸ: ਮਾਨ ਨੇ ਆੜਤੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਨਾਲ ਖੜਣ ਦਾ ਐਲਾਨ ਕੀਤਾ। ਬਾਅਦ ਵਿਚ ਟਵੀਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘‘ਆੜ੍ਹਤੀਆਂ ਦੀਆਂ ਮੰਗਾਂ ਨੂੰ ਜਲਦ ਕੇਂਦਰ ਸਰਕਾਰ ਮੂਹਰੇ ਚੁੱਕਿਆ ਜਾਵੇਗਾ… ਲੋੜ ਪੈਣ ’ਤੇ ਕਾਨੂੰਨੀ ਚਾਰਾਜੋਈ ਵੀ ਕੀਤੀ ਜਾਵੇਗੀ…।’’
ਇਹ ਵੀ ਪੜ੍ਹੋ:Bhagwant Mann ਦੀ ਅਪੀਲ ਦਾ ਅਸਰ: ਜੱਦੀ ਪਿੰਡ ‘ਸਤੌਜ’ ਵਿਚ ਹੋਈ ਸਰਬਸੰਮਤੀ
ਉਧਰ ਪਤਾ ਲੱਗਿਆ ਹੈ ਕਿ ਆੜ੍ਹਤੀਆਂ ਨੇ ਮੁੱਖ ਮੰਤਰੀ ਨੂੰ ਖ਼ਰੀਦ ਸੁਚਾਰੂ ਤਰੀਕੇ ਨਾਲ ਕਰਨ ਦਾ ਭਰੋਸਾ ਦਿਵਾਇਆ ਹੈ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਪੱਤਰਕਾਰਾਂ ਨੂੰ ਦਸਿਆ ਕਿ ਹੋਰਨਾਂ ਮੰਗਾਂ ਤੋਂ ਇਲਾਵਾ ਆੜਤੀਆਂ ਦੀ ਮੁੱਖ ਮੰਗ ਢਾਈ ਫ਼ੀਸਦੀ ਆੜਤ ਦਾ ਮੁੱਦਾ ਸੀ, ਜਿਸ ’ਤੇ ਮੁੱਖ ਮੰਤਰੀ ਨੇ ਆੜਤੀਆਂ ਨਾਲ ਮਿਲਕੇ ਕੇਂਦਰ ਨਾਲ ਲੜਾਈ ਲੜਣ ਦਾ ਐਲਾਨ ਕੀਤਾ ਹੈ। ਸ: ਖੁੱਡੀਆ ਮੁਤਾਬਕ ਜੇਕਰ ਆੜ੍ਹਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਪੰਜਾਬ ਸਰਕਾਰ ਉਹਨਾਂ ਨਾਲ ਖੜੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੇ ਭਰੋਸੇ ਤੋਂ ਬਾਅਦ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ।