ਸੁਖਜਿੰਦਰ ਮਾਨ
ਬਠਿੰਡਾ,20 ਫ਼ਰਵਰੀ: ਸਥਾਨਕ ਅਨਾਜ਼ ਮੰਡੀ ਨਜਦੀਕ ਮੰਡੀਕਰਨ ਬੋਰਡ ਦੇ ਦਫ਼ਤਰ ’ਚ ਬਣੇ ਪੋਲਿੰਗ ਬੂਥਾਂ ’ਤੇ ਅੱਜ ਪੋਲਿੰਗ ਦੇ ਆਖ਼ਰੀ ਸਮੇਂ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਭਾਜਪਾ ਉਮੀਦਵਾਰ ਰਾਜ ਨੰਬਰਦਾਰ ਨੇ ਕਾਂਗਰਸੀ ਕੋਂਸਲਰਾਂ ਉਪਰ ਵੋਟਾਂ ਦੀ ਖਰੀਦੋ-ਫ਼ਰੌਖਤ ਦੇ ਦੋਸ਼ ਲਗਾ ਦਿੱਤੇ। ਇਸ ਦੌਰਾਨ ਦੋਨਾਂ ਧਿਰਾਂ ਵਿਚਕਾਰ ਹੋਈ ਤਕਰਾਰ ਭਿਆਨਕ ਰੂਪ ਲੈ ਗਈ ਤੇ ਮੌਕੇ ’ਤੇ ਮੌਜੂਦ ਕਾਂਗਰਸੀ ਕੋਂਸਲਰਾਂ ਸ਼ਾਮ ਲਾਲ ਜੈਨ ਤੇ ਇੱਕ ਮਹਿਲਾ ਕਾਂਗਰਸੀ ਕੋਂਸਲਰ ਦੇ ਪਤੀ ਗੁਰਪ੍ਰੀਤ ਬੰਟੀ ਦੇ ਸਮਰਥਕਾਂ ਨੇ ਨੰਬਰਦਾਰ ਨੂੰ ਘੇਰ ਲਿਆ। ਮੌਕੇ ਦੀ ਨਜਾਕਤ ਦੇਖਦਿਆਂ ਪੁਲਿਸ ਮੁਲਾਜਮਾਂ ਨੇ ਮਸਾਂ ਹੀ ਭਾਜਪਾ ਉਮੀਦਵਾਰ ਨੂੰ ਬਚਾ ਕੇ ਗੱਡੀ ਵਿਚ ਬਿਠਾਇਆ। ਇਸ ਦੌਰਾਨ ਕਾਂਗਰਸੀ ਸਮਰਥਕ ਰਾਜ ਨੰਬਰਦਾਰ ਦੀਆਂ ਗੱਡੀਆਂ ਦੇ ਕਾਫ਼ਲੇ ਅੱਗੇ ਹੋ ਗਏ। ਪੁਲਿਸ ਨੂੰ ਇਸ ਮੌਕੇ ਲਾਠੀਚਾਰਜ਼ ਕਰਕੇ ਕਾਂਗਰਸੀ ਸਮਰਥਕਾਂ ਨੂੰ ਖਿਡਾਉਣਾ ਪਿਆ।ਭਾਜਪਾ ਉਮੀਦਵਾਰ ਰਾਜ ਨੰਬਰਦਾਰ ਨੇ ਦਸਿਆ ਕਿ ਕਾਂਗਰਸੀ ਕੋਂਸਲਰ ਜੈਨ ’ਤੇ ਵੋਟਾਂ ਦੀ ਖਰੀਦੋ-ਫ਼ਰੌਖਤ ਕਰ ਰਹੇ ਸਨ ਤੇ ਉਹ ਸੂਚਨਾ ਮਿਲਣ ’ਤੇ ਮੌਕੇ ਉਪਰ ਪੁੱਜੇ ਸਨ ਪ੍ਰੰਤੂ ਉਥੇ ਕਾਂਗਰਸੀ ਸਮਰਥਕਾਂ ਨੇ ਉਸਨੂੰ ਘੇਰ ਕੇ ਹਮਲਾ ਕਰ ਦਿੱਤਾ। ਉਨ੍ਹਾਂ ਦਸਿਆ ਕਿ ਇਸਦੀ ਸਿਕਾਇਤ ਚੋਣ ਅਧਿਕਾਰੀਆਂ ਨੂੰ ਕੀਤੀ ਹੈ ਤੇ ਪਰਚਾ ਵੀ ਦਰਜ਼ ਕਰਵਾਇਆ ਜਾ ਰਿਹਾ। ਦੂਜੇ ਪਾਸੇ ਕਾਂਗਰਸੀ ਕੋਂਸਲਰ ਸ਼ਾਮ ਲਾਲ ਜੈਨ ਨੇ ਦੋਸ਼ ਲਗਾਇਆ ਕਿ ਉਹ ਅਪਣੈ ਵਾਰਡ ’ਚ ਲੱਗੇ ਪੋਲਿੰਗ ਟੈਂਟਾਂ ਉਪਰ ਖ਼ੜੇ ਹੋਏ ਸਨ ਕਿ ਭਾਜਪਾ ਉਮੀਦਵਾਰ ਗੱਡੀਆਂ ਦਾ ਕਾਫ਼ਲਾ ਲੈ ਕੇ ਆਏ ਤੇ ਵੋਟਾਂ ਦੀ ਝੂਠੀ ਖਰੀਦੋ-ਫ਼ਰੌਖਤ ਕਰਨ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਜੈਨ ਦੇ ਦੋਸ਼ਾਂ ਮੁਤਾਬਕ ਰਾਜ ਨੰਬਰਦਾਰ ਨੇ ਉਸ ਨਾਲ ਗਾਲੀ-ਗਲੌਚ ਵੀ ਕੀਤਾ ਤੇ ਜਿਸ ਕਾਰਨ ਉਸਦੇ ਸਮਰਥਕਾਂ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਵਿਰੋਧ ਕੀਤਾ। ਜੈਨ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਵੀ ਭਾਜਪਾ ਉਮੀਦਵਾਰ ਵਿਰੁਧ ਸਿਕਾਇਤ ਕੀਤੀ ਜਾ ਰਹੀ ਹੈ।
Share the post "ਵੋਟਾਂ ਦੀ ਖ਼ਰੀਦੋ-ਫ਼ਰੌਖਤ ਦੇ ਰੌਲੇ ’ਚ ਭਾਜਪਾ ਉਮੀਦਵਾਰ ’ਤੇ ਹਮਲਾ, ਪੁਲਿਸ ਵਲੋਂ ਲਾਠੀਚਾਰਜ਼"