ਕਈ ਖੰਬਿਆਂ ਤੋਂ ਲਾਈਟਾਂ ਗਾਇਬ, ਕਈ ਥਾਂ ਬੰਦ
ਸੁਖਜਿੰਦਰ ਮਾਨ
ਬਠਿੰਡਾ, 27 ਫਰਵਰੀ : ਸ਼ਹਿਰ ਨੂੰ ਐਲ.ਈ.ਡੀ ਲਾਈਟਾਂ ਨਾਲ ਚਮਕਾਉਣ ਲਈ ਸਾਲ 2020 ਦੌਰਾਨ ਨਗਰ ਨਿਗਮ ਵਲੋਂ ਸਾਢੇ 16 ਕਰੋੜ ਦੀ ਲਾਗਤ ਨਾਲ ਸ਼ੁਰੂ ਕੀਤੇ ਪ੍ਰੋਜੈਕਟ ਦਾ ਮੰਦੜਾ ਹਾਲ ਹੈ। ਸੂਚਨਾ ਮੁਤਾਬਕ ਸ਼ਹਿਰ ਦੇ ਕਈ ਖੰਬਿਆਂ ਤੋਂ ਜਿੱਥੇ ਲਾਈਟਾਂ ਗਾਇਬ ਹਨ ਤੇ ਕਈ ਥਾਂ ਬੰਦ ਹਨ। ਸ਼ਹਿਰ ਦੇ ਆਰਟੀਆਈ ਕਾਰਕੁੰਨ ਸੰਜੀਵ ਸਿੰਗਲਾ ਵਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਮੁਤਾਬਕ ਲੰਘੀ 20 ਫ਼ਰਵਰੀ ਨੂੰ ਹੋਏ ਵਿਧਾਨ ਸਭਾ ਚੋਣਾਂ ਵਿਚ ਇਸਨੂੰ ਵੱਡੀ ਪ੍ਰਾਪਤੀ ਦਰਸਾਉਂਦਿਆਂ ਵਿਤ ਮੰਤਰੀ ਵਲੋਂ ਸ਼ਹਿਰ ਵਿਚ ਥਾਂ ਥਾਂ ਇਸ ਪ੍ਰੋਜੈਕਟ ਦਾ ਜੋਰਦਾਰ ਪ੍ਰਚਾਰ ਕੀਤਾ ਗਿਆ ਸੀ। ਪ੍ਰੰਤੂ ਹਕੀਕਤ ਵਿਚ ਪ੍ਰੋਜੈਕਟ ਸ਼ੁਰੂ ਹੋਏ ਨੂੰ ਪੌਣੇ ਦੋ ਸਾਲ ਬੀਤਣ ਦੇ ਬਾਵਜੂਦ ਅੱਜ ਤਕ ਸ਼ਹਿਰ ਵਿਚ ਇਹ ਪ੍ਰੋਜੈਕਟ ਪੂਰਾ ਨਹੀਂ ਹੋ ਸਕਿਆ ਹੈ। ਦਸਣਾ ਬਣਦਾ ਹੈ ਕਿ 15 ਅਗੱਸਤ 2020 ਨੂੰ ਸ਼ੁਰੂ ਕੀਤੇ ਉਕਤ ਪ੍ਰੋਜੈਕਟ ਨੂੰ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਹੈ, ਜਿਸਦੇ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਇਸ ਪ੍ਰੋਜੈਕਟ ਦੇ ਨਾਲ ਨਾ ਸਿਰਫ਼ ਨਗਰ ਨਿਗਮ ਵਲੋਂ ਹਰ ਸਾਲ ਭਰੇ ਜਾਂਦੇ ਬਿਜਲੀ ਦੇ ਬਿੱਲ ’ਚ ਕਰੋੜਾਂ ਰੁਪਇਆ ਦੀ ਬੱਚਤ ਹੋਵੇਗੀ, ਬਲਕਿ ਸ਼ਹਿਰ ਨੂੰ ਵੀ ਲਾਈਟਾਂ ਨਾਲ ਜਗਮਾਇਆ ਜਾਵੇਗਾ। ਸੰਜੀਵ ਗੋਇਲ ਮੁਤਾਬਕ ਮੌਜੂਦਾ ਸਮੇਂ ਵਿਚ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ‘ਚ ਲਾਈਟਾਂ ਜਾਂ ਤਾਂ ਬੰਦ ਹਨ ਜਾਂ ਫਿਰ ਖੰਭਿਆਂ ਤੋਂ ਗਾਇਬ ਹੋ ਗਈਆਂ ਹਨ। ਇੰਨਾ ਹੀ ਨਹੀਂ ਕਈ ਖੰਭਿਆਂ ‘ਤੇ ਕਲਿੱਪ ਸਪੋਰਟਿੰਗ ਐਲਈਡੀ ਲਾਈਟਾਂ ਵੀ ਗਾਇਬ ਹੋ ਗਈਆਂ ਹਨ। ਉਨ੍ਹਾਂ ਹੈਰਾਨੀ ਜਾਹਰ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਲੋਕਾਂ ਦਾ ਕਰੋੜਾਂ ਰੁਪਇਆ ਪਾਣੀ ਵਾਂਗ ਵਹਿਣ ਦੇ ਬਾਵਜੂਦ ਨਿਗਮ ਅਧਿਕਾਰੀਆਂ ਵਲੋਂ ਵੀ ਸਖ਼ਤੀ ਨਹੀਂ ਕੀਤੀ ਜਾ ਰਹੀ। ਗੌਰਤਲਬ ਹੈ ਕਿ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਸਮੇਂ ਇਕ ਕੰਟਰੋਲ ਰੂਮ ਬਣਾਉਣ ਦਾ ਵੀ ਦਾਅਵਾ ਕੀਤਾ ਗਿਆ ਸੀ, ਜਿਸ ਵਿਚ ਸ਼ਹਿਰ ਦੀ ਕੋਈ ਵੀ ਸਟ੍ਰੀਟ ਲਾਈਟ ਖ਼ਰਾਬ ਹੋਣ ਦਾ ਪਤਾ ਲੱਗ ਜਾਣਾ ਸੀ। ਸੰਜੀਵ ਗੋਇਲ ਨੇ ਨਿਗਮ ਅਧਿਕਾਰੀਆਂ ’ਤੇ ਉਗਲ ਚੁੱਕਦਿਆਂ ਕਿਹਾ ਕਿ ਸ਼ਹਿਰ ਵਿਚ ਅਪਰਾਧਿਕ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ, ਜਿਸਦੇ ਚੱਲਦੇ ਗਲੀਆਂ-ਮੁਹੱਲਿਆਂ ਵਿਚ ਸਟਰੀਟ ਲਾਈਟਾਂ ਦਾ ਸਹੀ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ। ਉਨਾਂ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਸਟਰੀਟ ਲਾਈਟਾਂ ਨੂੰ ਤੁਰੰਤ ਠੀਕ ਕਰਕੇ ਚਲਾਇਆ ਜਾਵੇ।
Share the post "ਬਠਿੰਡਾ ਸ਼ਹਿਰ ’ਚ ਸਾਢੇ 16 ਕਰੋੜ ਦੀ ਲਾਗਤ ਨਾਲ ਲੱਗੀਆਂ ਐਲਈਡੀ ਲਾਈਟਾਂ ਦਾ ਮੰਦੜਾ ਹਾਲ"