ਪ੍ਰਧਾਨ ਨੇ ਆਪ ਆਗੂਆਂ ’ਤੇ ਜਬਰੀ ਕਬਜ਼ੇ ਦੇ ਲਗਾਏ ਦੋਸ਼
ਵਿਰੋਧੀਆਂ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਦਸਿਆ ਬੁਖਲਾਹਟ ਦੀ ਨਿਸ਼ਾਨੀ
ਸੁਖਜਿੰਦਰ ਮਾਨ
ਬਠਿੰਡਾ, 12 ਮਾਰਚ: ਜ਼ਿਲ੍ਹੇ ਦੀ ਨਗਰ ਕੋਂਸਲ ਗੋਨਿਆਣਾ ਮੰਡੀ ਵਿਚ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਕੁੱਝ ਸਮੇਂ ਤੋਂ ਚੱਲਦਾ ਆ ਰਿਹਾ ਰੇੜਕਾ ਵਧਣ ਲੱਗਿਆ ਹੈ। ਇਸ ਮਾਮਲੇ ਵਿਚ ਮੌਜੂਦਾ ਪ੍ਰਧਾਨ ਤੇ ਚਾਰ ਕੋਂਸਲਰਾਂ ਨੇ ਸੂਬੇ ਵਿਚ ਅਪਣੀ ਨਵੀਂ ਸਰਕਾਰ ਬਣਾਉਣ ਜਾ ਰਹੀ ਆਮ ਆਦਮੀ ਪਾਰਟੀ ਦੇ ਆਗੂਆਂ ਉਪਰ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਅੱਜ ਸਥਾਨਕ ਪ੍ਰੈਸ ਕਲੱਬ ’ਚ ਇੱਕ ਪੱਤਰਕਾਰ ਵਾਰਤਾ ਕਰਨ ਪੁੱਜੇ ਨਗਰ ਕੋਂਸਲਰ ਗੋਨਿਆਣਾ ਦੇ ਪ੍ਰਧਾਨ ਮਨਮੋਹਨ ਧੀਂਗੜਾ ਅਤੇ ਕੋਂਸਲਰਾਂ ਨੇ ਦਾਅਵਾ ਕੀਤਾ ਕਿ ‘‘ ਬਿਨ੍ਹਾਂ ਲੋਕਤੰਤਰੀ ਪ੍ਰੀ�ਿਆ ਨੂੰ ਅਪਣਾਏ ਆਪ ਨਾਲ ਸਬੰਧਤ ਕੋਂਸਲਰਾਂ ਨੇ ਨਵੇਂ ਚੁਣੇ ਗਏ ਵਿਧਾਇਕ ਦੀ ਸ਼ਹਿ ’ਤੇ ਨਗਰ ਕੋਂਸਲ ਦੇ ਦਫ਼ਤਰ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ’’ ਪ੍ਰਧਾਨ ਮੁਤਾਬਕ ਉਨ੍ਹਾਂ ਇਸਦੀ ਸਿਕਾਇਤ ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸਨ ਨੂੰ ਵੀ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਕਾਨੂੰਨ ਮੁਤਾਬਕ ਕਾਰਵਾਈ ਨਾ ਹੋਈ ਤਾਂ ਉਹ ਬਣਨ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਜਾਣਗੇ। ਸਾਥੀ ਕੋਂਸਲਰਾਂ ਤਾਰਾ ਚੰਦ ਤੇ ਮਨਦੀਪ ਮੱਕੜ ਆਦਿ ਦੀ ਹਾਜ਼ਰੀ ’ਚ ਪ੍ਰਧਾਨ ਮਨਮੋਹਨ ਧੀਂਗੜਾ ਨੇ ਇਸ ਮੌਕੇ ਦੱਸਿਆ ਕਿ ਪਿਛਲੇ ਸਾਲ ਅਪ੍ਰੈਲ ਮਹੀਨੇ ’ਚ ਹੋਈਆਂ ਨਗਰ ਕੋਂਸਲਾਂ ਚੋਣਾਂ ਵਿਚ 11 ਕੋਂਸਲਰ ਕਾਂਗਰਸ ਦੀ ਟਿਕਟ ’ਤੇ ਚੁਣੇ ਗਏ ਸਨ। ਇਸ ਦੌਰਾਨ ਹੋਈ ਚੋਣ ਵਿਚ ਉਹ ਪ੍ਰਧਾਨ ਤੇ ਕਸਮੀਰੀ ਲਾਲ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਸੀ ਪ੍ਰੰਤੂ ਵੋਟਾਂ ਤੋਂ ਕੁੱਝ ਦਿਨ ਪਹਿਲਾਂ ਕਸਮੀਰੀ ਲਾਲ ਤੇ ਅੱਧੀ ਦਰਜ਼ਨ ਦੇ ਕਰੀਬ ਹੋਰ ਕਾਂਗਰਸੀ ਕੋਂਸਲਰ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਪ੍ਰਧਾਨ ਮੁਤਾਬਕ ਉਨ੍ਹਾਂ ਦੀ ਚੋਣ ਦੇ ਮਾਮਲੇ ਵਿਚ ਵਿਰੋਧੀਆਂ ਵਲੋਂ ਹਾਈਕੋਰਟ ਵਿਚ ਵੀ ਚੁਣੌਤੀ ਦਿੱਤੀ ਸੀ ਪੰ੍ਰਤੂ ਮਾਣਯੋਗ ਅਦਾਲਤ ਨੇ ਵੀ ਵਿਰੋਧੀਆਂ ਨੂੰ ਲੋਕਤੰਤਰੀ ਤਰੀਕੇ ਨਾਲ ਦੋ ਤਿਹਾਈ ਬਹੁਮਤ ਸਾਬਤ ਕਰਕੇ ਅਪਣੀ ਤਾਕਤ ਦਿਖਾਉਣ ਲਈ ਕਿਹਾ ਸੀ ਪਰ ਹੁਣ ਆਪ ਦੀ ਸਰਕਾਰ ਬਣਦਿਆਂ ਹੀ ਇੰਨ੍ਹਾਂ ਕੋਂਸਲਰਾਂ ਨੇ ਭੁੱਚੋਂ ਹਲਕੇ ਤੋਂ ਨਵੇਂ ਚੁਣ ਗਏ ਵਿਧਾਇਕ ਦੇ ਰਿਸਤੇਦਾਰ ਅਤੇ ਬਠਿੰਡਾ ਤੋਂ ਆਪ ਆਗੂਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਦਫ਼ਤਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸਦੀ ਨਾਮ ਪਲੇਟ ਵੀ ਤੋੜ ਦਿੱਤੀ। ਉਧਰ ਭੁੱਚੋ ਹਲਕੇ ਦੇ ਵਿਧਾਇਕ ਜਗਸੀਰ ਸਿੰਘ ਨੇ ਪ੍ਰਧਾਨ ਤੇ ਉਨ੍ਹਾਂ ਦੇ ਸਾਥੀਆਂ ਉਪਰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜਾਣਬੁੱਝ ਕੇ ਉਸਦਾ ਨਾਮ ਘਸੀਟਿਆ ਜਾ ਰਿਹਾ ਹੈ ਜਦੋਂਕਿ ਅਜਿਹੀ ਕੋਈ ਗੱਲ ਨਹੀਂ। ਜਦੋਂਕਿ ਕੋਂਸਲ ਦੇ ਸੀਨੀਅਰ ਮੀਤ ਪ੍ਰਧਾਨ ਕਸ਼ਮੀਰੀ ਲਾਲ ਨੇ ਦਾਅਵਾ ਕੀਤਾ ਕਿ ਪ੍ਰਧਾਨ ਅਪਣਾ ਵਿਸਵਾਸ ਗਵਾ ਚੁੱਕੇ ਹਨ, ਜਿਸਦੇ ਚੱਲਦੇ ਉਹ ਬੁਖ਼ਲਾਹਟ ਵਿਚ ਆ ਕੇ ਝੂਠੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਜਿੱਤ ਦੀ ਖੁਸੀ ’ਚ ਕੋਂਸਲ ਵਿਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਉਹ ਚਾਹ ਪੀ ਕੇ ਅਤੇ ਲੱਡੂ ਵੰਡ ਕੇ ਵਾਪਸ ਆ ਗਏ ਪਰ ਕਬਜ਼ੇ ਵਾਲੀ ਕੋਈ ਗੱਲ ਨਹੀਂ।
ਨਗਰ ਕੋਂਸਲ ਗੋਨਿਆਣਾ ਦੀ ਪ੍ਰਧਾਨਗੀ ਦਾ ਮੁੱਦਾ ਗਰਮਾਇਆ
6 Views