ਸਾਬਕਾ ਵਿਤ ਮੰਤਰੀ ’ਤੇ ਗੰਭੀਰ ਦੋਸ਼, ਮੇਅਰ ਦੀ ਚੋਣ ’ਚ ਨਹੀਂ ਪੁਛਿਆ ਕਾਂਗਰਸੀਆਂ ਨੂੰ
ਟਰੱਸਟ ਵਲੋਂ ਬਣਾਏ ਜਾਣ ਵਾਲੇ ਬੱਸ ਅੱਡੇ ਨੂੰ ਨਗਰ ਨਿਗਮ ਨੂੰ ਸੋਂਪਣ ਦੀ ਮੰਗੀ ਉਚ ਪੱਧਰੀ ਜਾਂਚ
ਸੁਖਜਿੰਦਰ ਮਾਨ
ਬਠਿੰਡਾ, 14 ਮਾਰਚ: ਪਿਛਲੇ ਦਿਨੀਂ ਬੁਰੀ ਤਰ੍ਹਾਂ ਇੱਕ ਕੋਂਸਲਰ ਦੇ ਹੱਥੋਂ ਚੋਣ ਹਾਰੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਅਸਿੱਧੇ ਢੰਗ ਨਾਲ ਗੰਭੀਰ ਦੋਸ਼ ਲਗਾਉਂਦਿਆਂ ਸਥਾਨਕ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ ਨੇ ਅੱਜ ਅਸਤੀਫਾ ਦੇ ਦਿੱਤਾ। ਟਰੱਸਟ ਦਫ਼ਤਰ ’ਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਸ਼੍ਰੀ ਅਗਰਵਾਲ ਨੇ ਇਹ ਖ਼ੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਬਠਿੰਡਾ ਨਗਰ ਨਿਗਮ ਦੇ ਮੇਅਰ ਅਤੇ ਹੋਰ ਅਹੁੱਦੇਦਾਰਾਂ ਦੀ ਪਿਛਲੇ ਸਾਲ ਹੋਈ ਚੋਣ ਵਿਚ ਕਾਂਗਰਸੀਆਂ ਨੂੰ ਨਹੀਂ ਪੁੱਛਿਆ ਗਿਆ, ਬਲਕਿ ਘਰ ’ਚ ਬੈਠ ਕੇ ਹੀ ਅਜਿਹੇ ਵਿਅਕਤੀ ਨੂੰ ਮੇਅਰ ਬਣਾ ਦਿੱਤਾ ਗਿਆ, ਜਿਸਦਾ ਕਾਂਗਰਸ ਪਾਰਟੀ ਨਾਲ ਕੋਈ ਵਾਹ-ਵਾਸਤਾ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਮੇਅਰ ਅਤੇ ਹੋਰ ਅਹੁੱਦੇਦਾਰਾਂ ਦੀ ਚੋਣ ਸਮੇਂ ਸ਼ਹਿਰ ਦੇ ਕਾਂਗਰਸੀਆਂ ਨਾਲ ਸਲਾਹ-ਮਸਵਰੇ ਕੀਤੇ ਜਾਂਦੇ ਤਾਂ ਸਾਇਦ ਅੱਜ ਵਾਲੀ ਹਾਲਾਤ ਨਾ ਹੁੰਦੀ। ਉਨ੍ਹਾਂ ਮੰਨਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਲਏ ਗਲਤ ਫੈਸਲਿਆਂ ਦਾ ਖਮਿਆਜ਼ਾ ਅੱਜ ਪਾਰਟੀ ਨੂੰ ਹਲਕੇ ਵਿਚ ਭੁਗਤਣਾ ਪਿਆ ਹੈ। ਉਨਾਂ ਦਾਅਵਾ ਕੀਤਾ ਕਿ ਦਫ਼ਤਰਾਂ ’ਚ ਭਿ੍ਰਸਟਾਚਾਰ ਦਾ ਬੋਲਬਾਲਾ ਵੀ ਰਿਹਾ ਤੇ ਆਮ ਵਿਅਕਤੀਆਂ ਨੂੰ ਛੱਡੋ ਆਗੂਆਂ ਦੀ ਪੁਛਪੜਤਾਲ ਨਹੀਂ ਹੋਈ। ਪਿਛਲੇ ਪੰਜ ਸਾਲ ਤੋਂ ਭਰੇ-ਪੀਤੇ ਚੇਅਰਮੈਨ ਅਗਰਵਾਲ ਨੇ ਸੂਬੇ ’ਚ ਭਗਵੰਤ ਮਾਨ ਦੀ ਅਗਵਾਈ ਹੇਠ ਨਵੀਂ ਬਣਨ ਜਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਟਰੱਸਟ ਵਲੋਂ ਬਣਾਏ ਜਾਣ ਵਾਲੇ ਨਵੇਂ ਬੱਸ ਅੱਡੇ ਨੂੰ ਚੁੱਪ ਚਪੀਤੇ ਨਗਰ ਨਿਗਮ ਨੂੰ ਸੋਂਪਣ ਦੇ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਅਸਿੱਧੇ ਢੰਗ ਨਾਲ ਸਾਬਕਾ ਵਿਤ ਮੰਤਰੀ ਤੇ ਉਸਦੇ ਰਿਸ਼ਤੇਦਾਰ ਨੂੰ ਕਟਿਹਰੇ ਵਿਚ ਖੜਾ ਕਰ ਦਿਤਾ। ਉਨ੍ਹਾਂ ਦਾਅਵਾ ਕੀਤਾ ਕਿ ‘ ਇਸ ਬੱਸ ਅੱਡੇ ਨੂੰ ਬਣਾਉਣ ਲਈ ਪਿਛਲੇ ਦੋ ਦਹਾਕਿਆਂ ਤੋਂ ਟਰੱਸਟ ਵਲੋਂ ਮਿਹਨਤ ਕੀਤੀ ਜਾ ਰਹੀ ਸੀ ਪ੍ਰੰਤੂ ਕਰੀਬ ਇੱਕ ਸਾਲ ਪਹਿਲਾਂ ਬਿਨ੍ਹਾਂ ਟਰੱਸਟ ਦੀ ਸਹਿਮਤੀ ਦੇ ਇਸਨੂੰ ਨਿਗਮ ਨੂੰ ਸੋਂਪ ਕੇ ਟੈਂਡਰ ਲਗਾ ਦਿੱਤੇ, ਜੋਕਿ ਗੈਰ-ਕਾਨੂੰਨੀ ਹੈ। ਉਨ੍ਹਾਂ ਇਸ ਗੱਲ ਦੀ ਮੰਗ ਕੀਤੀ ਕਿ ਬਠਿੰਡਾ ਵਾਲਿਆਂ ਦੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਕਿ ਬੱਸ ਸਟੈਂਡ ਨੂੰ ਕਿਸਦੇ ਕਹਿਣ ’ਤੇ ਟਰੱਸਟ ਤੋਂ ਖੋਹ ਕੇ ਨਿਗਮ ਨੂੰ ਦਿੱਤਾ ਗਿਆ। ਸ਼੍ਰੀ ਅਗਰਵਾਲ ਨੇ ਇਸ ਗੱਲ ਨੂੰ ਵੀ ਮੰਨਿਆ ਕਿ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਬਠਿੰਡਾ ’ਚ ਕਾਂਗਰਸੀ ਵਰਕਰਾਂ ਦੀ ਪੁਛਗਿਛ ਨਹੀਂ ਰਹੀ ਤੇ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸੀ ਵਰਕਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕਾਂਗਰਸ ਭਵਨ ਨੂੰ ਜਿੰਦਰੇ ਲੱਗੇ ਰਹੇ। ਇਸ ਮੌਕੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਜਨਮ ਜਾਤ ਤੋਂ ਕਾਂਗਰਸੀ ਹਨ ਤੇ ਕਾਂਗਰਸ ਪਾਰਟੀ ਵਿਚ ਹੀ ਰਹਿਣਗੇ ਪ੍ਰੰਤੂ ਹੁਣ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਹੈ ਤੇ ਜਿਸਦੇ ਚੱਲਦੇ ਉਹ ਨੈਤਿਕ ਆਧਾਰ ’ਤੇ ਅਪਣਾ ਅਸਤੀਫ਼ਾ ਦੇ ਰਹੇ ਹਨ ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਹਲਕੇ ਤੋਂ ਕਿਸ ਨੂੰ ਇੰਚਾਰਜ ਵਜੋਂ ਵਾਗਡੋਰ ਸੋਂਪਣ ਜਾ ਰਹੀ ਹੈ, ਇਸਦਾ ਇੰਤਜਾਰ ਕੀਤਾ ਜਾ ਰਿਹਾ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਫ਼ਤਵਾ ਦਿੱਤਾ ਹੈ , ਪਾਰਟੀ ਨੂੰ ਲੋਕਾਂ ਦੀ ਇਛਾਵਾਂ ’ਤੇ ਪੂਰਾ ਉਤਰਨਾ ਚਾਹੀਦਾ ਹੈ, ਨਹੀਂ ਤਾਂ ਲੋਕ ਉਸਨੂੰ ਵੀ ਮੁਆਫ਼ ਨਹੀਂ ਕਰਨਗੇ।
ਬਠਿੰਡਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਗਰਵਾਲ ਵਲੋਂ ਅਸਤੀਫ਼ਾ
15 Views