ਬਾਦਲ ਪ੍ਰਵਾਰ ’ਚ ਮਿਲੀਭੁਗਤ ਦਾ ਦੋਸ਼ ਲਗਾਉਂਦਿਆਂ ਕੀਤਾ ਦਾਅਵਾ ਕਿ ਮੈਂਨੂੰ ਬਣਾਇਆ ਗਿਆ ਬਲੀ ਦਾ ਬੱਕਰਾ
ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਅਪਣੇ ਇਤਿਹਾਸ ਵਿਚ ਹੁਣ ਤੱਕ ਸਭ ਤੋਂ ਬੁਰੀ ਸਿਆਸੀ ਹਾਲਾਤ ’ਚ ਗੁਜ਼ਰ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਬਠਿੰਡਾ ’ਚ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਬਾਦਲਾਂ ਪ੍ਰਵਾਰ ’ਚ ਮਿਲੀਭੁਗਤ ਦੇ ਦੋਸ਼ ਲਗਾਉਂਦਿਆਂ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਜਦ ਸ਼੍ਰੀ ਸਿੰਗਲਾ ਅਪਣੇ ਦਫ਼ਤਰ ’ਚ ਅਸਤੀਫ਼ੇ ਦਾ ਐਲਾਨ ਕਰ ਰਹੇ ਸਨ ਤਾਂ ਵੱਡੀ ਗਿਣਤੀ ਵਿਚ ਸ਼ਹਿਰ ਨਾਲ ਸਬੰਧਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਉਨ੍ਹਾਂ ਦੇ ਸਮਰਥਕ ਹਾਜ਼ਰ ਰਹੇ, ਜਿੰਨ੍ਹਾਂ ਵਿਚੋਂ ਕਈਆਂ ਦੀਆਂ ਅੱਖਾਂ ਨਮ ਦੇਖੀਆਂ ਗਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖ਼ੁਦ ਸ਼੍ਰੀ ਸਿੰਗਲਾ ਕਈ ਵਾਰ ਭਾਵੁਕ ਹੁੰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ‘‘ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਤੋਂ ਜਿਤਾਉਣ ਲਈ ਬਾਦਲਾਂ ਦੇ ਖ਼ਾਸ-ਮ-ਖ਼ਾਸ ਆਗੂ ਬਠਿੰਡਾ ’ਚ ਚੋਣ ਮੁਹਿੰਮ ਚਲਾਉਂਦੇ ਰਹੇ। ’’ ਸ਼੍ਰੀ ਸਿੰਗਲਾ ਨੇ ਅੱਗੇ ਕਿਹਾ ਕਿ ਚੋਣਾਂ ਦੌਰਾਨ ਇਹ ਮੁੱਦਾ ਉਨ੍ਹਾਂ ਬਠਿੰਡਾ ਪੁੱਜੇ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਸਾਹਮਣੇ ਵੀ ਰੱਖਿਆ, ਜਿੰਨ੍ਹਾਂ ਮੱਦਦ ਦਾ ਭਰੋਸਾ ਦਿਵਾਇਆ। ਇਸ ਮੌਕੇ ਸਾਬਕਾ ਵਿਧਾਇਕ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਚੋਣਾਂ ਦੇ ਦੌਰਾਨ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਵਲੋਂ ਵੀ ਉਮੀਦਵਾਰ ਬਣਾਉਣ ਦੀ ਪੇਸ਼ਕਸ਼ ਆਈ ਪ੍ਰੰਤੂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਵਫ਼ਾਦਾਰ ਨਿਭਾਈ ਪ੍ਰੰਤੂ ਇਸਦੇ ਇਵਜ਼ ਵਿਚ ਬਾਦਲ ਪ੍ਰਵਾਰ ਨਾਲ ਜੁੜੇ ਬੰਦਿਆਂ ਨੇ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰਿਆ। ਉਨ੍ਹਾਂ ਸਿੱਧੇ ਦੋਸ਼ ਲਾਉਂਦੇ ਹੋਏ ਕਿਹਾ ਕਿ ਬਠਿੰਡਾ ਸ਼ਹਿਰੀ ਸੀਟ ਉੱਪਰ ਅਕਾਲੀ ਦਲ ਦੇ ਮੁਕਤਸਰ ਤੇ ਗਿੱਦੜਵਹਾ ਹਲਕੇ ਨਾਲ ਸਬੰਧਤ ਆਗੂਆਂ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੀ ਮਦਦ ਕੀਤੀ ਗਈ ਹੈ। ਉਨ੍ਹਾਂ ਪੱਕੇ ਸਬੂਤ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਬਠਿੰਡਾ ਸ਼ਹਿਰ ਵਿਚ ਬਾਦਲਾਂ ਦੇ ਮਿਲੀਭੁਗਤ ਦੀ ਚਰਚਾ ਕਾਰਨ ਇੱਥੋਂ ਦੇ ਵੋਟਰਾਂ ਨੇ ਉਸਦੇ ਨਾਲ ਪਿਆਰ ਹੋਣ ਦੇ ਬਾਵਜੂਦ ਉਸਨੂੰ ਵੋਟ ਨਹੀਂ ਪਾਈ, ਕਿਉਂਕਿ ਉਨ੍ਹਾਂ ਦੇ ਮਨ ਵਿਚ ਸੀ ਜੇਕਰ ਸਰੂਪ ਸਿੰਗਲਾ ਨੂੰ ਵੋਟ ਪਾਈ ਤਾਂ ਇਸਦਾ ਫ਼ਾਈਦਾ ਮਨਪ੍ਰੀਤ ਬਾਦਲ ਨੂੰ ਹੋ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਬਾਰੇ ਉਨ੍ਹਾਂ ਵੱਲੋਂ ਸ਼ਿਕਾਇਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕੀਤੀ ਗਈ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਅਪਣੇ ਭਵਿੱਖ ਦੀ ਰਾਜਨੀਤੀ ਬਾਰੇ ਉਹਨਾਂ ਕਿਹਾ ਕਿ ਉਹ ਅਪਣੇ ਸਮਰਥਕਾਂ ਨਾਲ ਵਿਚਾਰ ਵਿਟਾਂਦਰੇ ਤੋਂ ਬਾਅਦ ਕੋਈ ਫੈਸਲਾ ਲੈਣਗੇ ਪ੍ਰੰਤੂ ਇਹ ਗੱਲ ਜਰੂਰ ਹੈ ਕਿ ਉਹ ਸਮਾਜ ਸੇਵਾ ਤੇ ਸਿਆਸਤ ਵਿਚ ਪਹਿਲਾਂ ਦੀ ਤਰ੍ਹਾਂ ਗਤੀਸ਼ੀਲ ਰਹਿਣਗੇ। ਉਧਰ ਸਰੂਪ ਸਿੰਗਲਾ ਦੇ ਅਤਸੀਫ਼ਾ ਦੇਣ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਅਪਣੇ ਦਫਤਰ ਵਿੱਚੋਂ ਬਾਦਲ ਪਰਿਵਾਰ ਦੀਆਂ ਤਸਵੀਰਾਂ ਵਾਲੇ ਬੈਨਰ ਵੀ ਉਤਾਰ ਦਿੱਤੇ। ਗੌਰਤਲਬ ਹੈ ਕਿ ਬਾਦਲ ਪ੍ਰਵਾਰ ’ਚ ਮਿਲੀਭੁਗਤ ਦਾ ਦੋਸ਼ ਸਭ ਤੋਂ ਪਹਿਲਾਂ ਕਾਂਗਰਸੀ ਮੰਤਰੀ ਰਾਜਾ ਵੜਿੰਗ ਨੇ ਲਗਾਏ ਸਨ। ਉਨ੍ਹਾਂ ਚੋਣਾਂ ਦੌਰਾਨ ਵੀ ਇਸ ਗੱਲ ਨੂੰ ਦੁਹਰਾਉਂਦਿਆਂ ਮਨਪ੍ਰੀਤ ਬਾਦਲ ਸਹਿਤ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਹਰਾਉਣ ਦੀ ਅਪੀਲ ਕੀਤੀ ਸੀ। ਇਸੇ ਤਰ੍ਹਾਂ ਇੱਕ ਹੋਰ ਕਾਂਗਰਸੀ ਆਗੂ ਹਰਵਿੰਦਰ ਲਾਡੀ ਨੇ ਵੀ ਇੰਨ੍ਹਾਂ ਦੋਸ਼ਾਂ ਦੀ ਪੁਸ਼ਟੀ ਕਰਦਿਆਂ ਇੱਥੋਂ ਤੱਕ ਦਾਅਵਾ ਕੀਤਾ ਸੀ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਤੋਂ ਵਿਤ ਮੰਤਰੀ ਹੁੰਦਿਆਂ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦਾ ਸਮਰਥਨ ਕੀਤਾ ਸੀ।
ਅਕਾਲੀ ਦਲ ਵਲੋਂ ਡੈਮੇਜ ਕੰਟਰੋਲ ਸ਼ੁਰੂ, ਅੱਜ ਬਠਿੰਡਾ ਪੁੱਜਣਗੇ ਸੁਖਬੀਰ ਬਾਦਲ
ਬਠਿੰਡਾ ਸ਼ਹਿਰ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਆਰਬਿਟ ਵਰਕਸ਼ਾਪ ਦੀ ਸੱਦੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 12 ਮਾਰਚ: ਉਧਰ ਅਪਣੇ ਜੱਦੀ ਹਲਕੇ ਬਠਿੰਡਾ ’ਚ ਲੱਗੇ ਵੱਡੇ ਝਟਕੇ ਦੌਰਾਨ ਡੈਮੇਜ ਕੰਟਰੋਲ ਦੀ ਕਮਾਂਡ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਭਾਲ ਲਈ ਹੈ। ਪਤਾ ਲੱਗਿਆ ਹੈ ਕਿ ਸਾਬਕਾ ਵਿਧਾਇਕ ਸਰੂਪ ਸਿੰਗਲਾ ਵਲੌਂ ਬਾਦਲ ਪ੍ਰਵਾਰ ’ਤੇ ਮਿਲੀਭੁਗਤ ਦਾ ਦੋਸ਼ ਲਗਾਉਣ ਤੋਂ ਬਾਅਦ ਅਕਾਲੀ ਦਲ ਨੂੰ ਛੱਡਣ ਦੇ ਕੀਤੇ ਐਲਾਨ ਤੋਂ ਬਾਅਦ ਬਠਿੰਡਾ ਹਲਕੇ ’ਚ ਅਪਣੇ ਵਰਕਰਾਂ ਤੇ ਆਗੂਆਂ ਨੂੰ ਇਕਜੁਟ ਰੱਖਣ ਲਈ ਖੁਦ ਸੁਖਬੀਰ ਸਿੰਘ ਬਾਦਲ ਦੁਪਹਿਰ ਬਾਅਦ 3 ਵਜੇ ਆਰਬਿਟ ਬੱਸ ਕੰਪਨੀ ਦੀ ਡੱਬਵਾਲੀ ਰੋਡ ’ਤੇ ਸਥਿਤ ਵਰਕਸ਼ਾਪ ਵਿਚ ਪੁੱਜ ਰਹੇ ਹਨ। ਜਿੱਥੇ ਸ਼ਹਿਰੀ ਪ੍ਰਧਾਨ ਰਾਹੀਂ ਸਹਿਰ ਦੇ ਸ੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਮੂਹ ਆਗੂਆਂ ਤੇ ਵਰਕਰਾਂ ਨੂੰ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ।
Share the post "ਬਠਿੰਡਾ ’ਚ ਅਕਾਲੀ ਦਲ ਨੂੰ ਵੱਡਾ ਝਟਕਾ: ਸਾਬਕਾ ਵਿਧਾਇਕ ਸਰੂਪ ਸਿੰਗਲਾ ਵਲੋਂ ਅਹੁੱਦਿਆਂ ਤੋਂ ਅਸਤੀਫ਼ਾ"