ਦੋਨੇਂ ਧਿਰਾਂ ਹਸਪਤਾਲ ਦਾਖ਼ਲ, ਪੁਲਿਸ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ
ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ: ਜ਼ਿਲ੍ਹੇ ਦੇ ਥਾਣਾ ਫ਼ੂਲ ’ਚ ਅੱਜ ਸਥਿਤੀ ਉਸ ਸਮੇਂ ਗੰਭੀਰ ਹੋ ਗਈ ਜਦ ਇੱਕ ਮਾਮਲੇ ਵਿਚ ਥਾਣੇ ਪੁੱਜੇ ਨਗਰ ਕੋਂਸਲ ਰਾਮਪੁਰਾ ਦੇ ਸਾਬਕਾ ਪ੍ਰਧਾਨ ਸੁਰਿੰਦਰ ਉਰਫ਼ ਨਿੰਨੀ ਬਾਂਸਲ ਤੇ ਥਾਣਾ ਮੁਖੀ ਐਸ.ਆਈ. ਮਨਪ੍ਰੀਤ ਸਿੰਘ ਆਪਸ ’ਚ ਲੜ ਪਏ। ਦੋਨਾਂ ਹੀ ਧਿਰਾਂ ਵਲੋਂ ਇੱਕ-ਦੂਜੇ ਵਿਰੁਧ ਹਮਲਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਦੋਨੋ ਜਣੇ ਹਸਪਤਾਲ ਵਿਚ ਦਾਖ਼ਲ ਹੋ ਗਏ ਹਨ। ਇਸ ਮਾਮਲੇ ਵਿਚ ਐਸ.ਐਸ.ਪੀ ਨੇ ਉਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਜਦੋਂਕਿ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਘਟਨਾ ਦੀ ਨਿੰਦਾ ਕਰਦਿਆਂ ਜਿੰਮੇਵਾਰ ਵਿਅਕਤੀ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਘਟਨਾ ਤੋਂ ਬਾਅਦ ਜਿੱਥੇ ਸਾਬਕਾ ਪ੍ਰਧਾਨ ਦੇ ਪ੍ਰਵਾਰ ਤੇ ਸਮਰਥਕਾਂ ਵਲੋਂ ਥਾਣੇ ਅੱਗੇ ਨਾਅਰੇਬਾਜ਼ੀ ਕੀਤੀ ਗਈ, ਉਥੇ ਥਾਣਾ ਮੁਖੀ ਨੇ ਵੀ ਸਾਬਕਾ ਪ੍ਰਧਾਨ ਉਪਰ ਹਮਲਾ ਕਰਨ ਤੇ ਵਰਦੀ ਪਾੜਣ ਦੇ ਦੋਸ਼ ਲਗਾਏ ਹਨ। ਜਦੋਂਕਿ ਸਾਬਕਾ ਪ੍ਰਧਾਨ ਨੇ ਇਲਜ਼ਾਮ ਲਗਾਇਆ ਹੈ ਕਿ ਉਸਦੀ ਪੁਲਿਸ ਵੱਲੋਂ ਥਾਣਾ ਬੰਦ ਕਰਕੇ ਕੁੱਟਮਾਰ ਕੀਤੀ ਗਈ ਹੈ ਅਤੇ ਐਸਐਚਓ ਨੇ ਉਸਨੂੰ ਫ਼ਸਾਉਣ ਲਈ ਆਪਣੀ ਵਰਦੀ ਖੁਦ ਪਾੜੀ ਹੈ। ਜਦੋਂਕਿ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਥਾਣੇ ਵਿੱਚ ਅਜਿਹੀ ਗੁੰਡਾਗਰਦੀ ਕਰਨ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੀ ਕਿਉਂ ਨਾ ਹੋਣ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਸਤਨਾਮ ਸਿੰਘ ਨੇ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੁਢਲੀ ਪੜਤਾਲ ਮੁਤਾਬਕ ਸਾਬਕਾ ਪ੍ਰਧਾਨ ਵਲੌਂ ਧੱਕੇਸ਼ਾਹੀ ਕੀਤੀ ਗਈ ਲੱਗਦੀ ਹੈ, ਜਿਸਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Share the post "ਬਠਿੰਡਾ ਦੇ ਥਾਣਾ ਰਾਮਪੁਰਾ ’ਚ ਐਸ.ਐਚ.ਓ ਤੇ ਨਗਰ ਕੋਂਸਲ ਦਾ ਸਾਬਕਾ ਪ੍ਰਧਾਨ ਭਿੜੇ"