ਸੁਖਜਿੰਦਰ ਮਾਨ
ਬਠਿੰਡਾ, 28 ਮਾਰਚ: ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਾਸੀਆਂ ਲਈ ਸਮੱਸਿਆ ਦਾ ਕਾਰਨ ਬਣੇ ਵੱਖ ਵੱਖ ਮੁਹੱਲਿਆਂ ਵਿਚ ਲੱਗੇ ਗੇਟਾਂ ਦੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਤਾਲੇ ਖੋਲ ਦਿੱਤੇ ਗਏ। ਇਸਦੇ ਨਾਲ ਹੀ ਨਗਰ ਨਿਗਮ ਵਲੋਂ ਕਾਰਵਾਈ ਕਰਦਿਆਂ ਸਬੰਧਤ ਮੁਹੱਲਿਆਂ ਦੀ ਵੈਲਫ਼ੇਅਰ ਕਮੇਟੀਆਂ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਨ ਦੀ ਵੀ ਸੂਚਨਾ ਹੈ। ਦਸਣਾ ਬਣਦਾ ਹੈ ਕਿ ਇਸ ਸਬੰਧ ਵਿਚ ਅੱਜ ਸਮਾਜ ਸੇਵੀ ਜਥੇਬੰਦੀਆਂ ਵਲੋਂ ਵੀ ਜ਼ਿਲ੍ਹਾ ਕੰਪਲੈਕਸ ਅੱਗੇ ਧਰਨਾ ਦਿੱਤਾ ਗਿਆ ਸੀ। ਜਦੋਂਕਿ ਇਸਤੋਂ ਪਹਿਲਾਂ ਵੀ ਕਈ ਵਾਰ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਨਿਗਮ ਦੇ ਐਸ.ਈ. ਦਵਿੰਦਰ ਜੋੜਾ ਨੇ ਦਸਿਆ ਕਿ ਅੱਜ ਸਵੇਰੇ ਇੰਨ੍ਹਾਂ ਗੇਟਾਂ ਨੂੰ ਖੋਲਣ ਲਈ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਕਿਹਾ ਕਿ ਜਿੰਨਾਂ ਗੇਟਾਂ ਨੂੰ ਖੋਲਿਆ ਨਹੀਂ ਗਿਆ ਸੀ, ਉਸਦੇ ਤਾਲੇ ਤੋੜ ਦਿੱਤੇ ਗਏ। ਇਸਤੋਂ ਇਲਾਵਾ ਇੰਨ੍ਹਾਂ ਗੇਟਾਂ ਉਪਰ ਨੋਟਿਸ ਚਿਪਕਾ ਦਿੱਤੇ ਗਏ ਹਨ, ਇੰਨ੍ਹਾਂ ਗੇਟਾਂ ਨੂੰ ਬੰਦ ਕਰਨਾ ਗੈਰ-ਕਾਨੂੰਨੀ ਹੈ, ਜਿਸਦੇ ਚੱਲਦੇ ਗੇਟਾਂ ਨੂੰ ਬੰਦ ਨਾ ਕੀਤਾ ਜਾਵੇ। ਇੱਥੇ ਦਸਣਾ ਬਦਦਾ ਹੈ ਕਿ ਚੋਣਾਂ ਤੋਂ ਐਨ ਪਹਿਲਾਂ ਸ਼ਹਿਰ ਦੇ ਇੱਕ ਦਰਜ਼ਨ ਦੇ ਕਰੀਬ ਪਾਸ਼ ਇਲਾਕਿਆਂ ਦੇ ਮੁਹੱਲਿਆਂ ਦੀਆਂ ਗਲੀਆਂ ਵਿਚ ਗੇਟ ਲੱਗਣੇ ਸ਼ੁਰੂ ਹੋ ਗਏ ਸਨ, ਇੰਨ੍ਹਾਂ ਵਿਚੋਂ ਜਿਆਦਾਤਰ ਗੇਟਾਂ ਨੂੰ ਬਣਾਉਣ ਲਈ ਸਰਕਾਰ ਦੀਆਂ ਵੱਖ ਵੱਖ ਏਜੰਸੀਆਂ ਵਲੋਂ ਰਾਸ਼ੀ ਵੀ ਜਾਰੀ ਕੀਤੀ ਗਈ ਸੀ।
ਬਠਿੰਡਾ ਦੀਆਂ ਗਲੀਆਂ-ਮੁਹੱਲਿਆਂ ’ਚ ਲੱਗੇ ਗੇਟਾਂ ਦੇ ਤਾਲੇ ਖੁੱਲੇ
107 Views