ਵਿਧਾਇਕ ਬਣਨ ਤੋਂ ਬਾਅਦ ਪਹਿਲੀ ਦਫ਼ਾ ਮੀਟਿੰਗ ’ਚ ਪੁੱਜੇ ਜਗਰੂਪ ਗਿੱਲ ਦਾ ਕੀਤਾ ਭਰਵਾਂ ਸਵਾਗਤ
ਸੁਖਜਿੰਦਰ ਮਾਨ
ਬਠਿੰਡਾ, 31 ਮਾਰਚ: ਸਥਾਨਕ ਨਗਰ ਨਿਗਮ ਦੇ ਅੱਜ ਜਨਰਲ ਹਾਊਸ ਦੀ ਹੋਈ ਮੀਟਿੰਗ ਦੌਰਾਨ ਸਾਲ 2022-23 ਲਈ 162 ਕਰੋੜ ਰੁਪਏ ਦਾ ਬਜ਼ਟ ਪਾਸ ਕਰ ਦਿੱਤਾ ਗਿਆ। ਮਹੱਤਵਪੂਰਨ ਗੱਲ ਇਹ ਹੈ ਕਿ ਨਿਗਮ ਵਲੋਂ ਖ਼ਰਚ ਕੀਤੀ ਜਾਣ ਵਾਲੀ 188 ਕਰੋੜ ਰਾਸ਼ੀ ਵਿਚੋਂ ਸ਼ਹਿਰ ਦੇ ਵਿਕਾਸ ਕੰਮਾਂ ਉਪਰ ਸਿਰਫ਼ ਸਾਢੇ 49 ਕਰੋੜ ਹੀ ਰੱਖੇ ਗਏ ਹਨ ਜਦੋਂਕਿ ਬਾਕੀ ਰਾਸ਼ੀ ਮੁਲਾਜਮਾਂ ਦੀਆਂ ਤਨਖ਼ਾਹਾਂ ਤੇ ਹੋਰਨਾਂ ਪੱਕੇ ਕੰਮਾਂ ’ਤੇ ਖ਼ਰਚ ਕੀਤੀ ਜਾਣੀ ਹੈ। ਮੇਅਰ ਰਮਨ ਗੋਇਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਵਿਸ਼ੇਸ ਤੌਰ ’ਤੇ ਐਕਸ-ਆਫ਼ੀਸੀਓ ਮੈਂਬਰ ਦੇ ਤੌਰ ’ਤੇ ਪੁੱਜੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਹਾਊਸ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਕਾਫ਼ੀ ਲੰਮੇ ਸਮੇਂ ਬਾਅਦ ਖੁਸਨੁਮਾ ਮਾਹੌਲ ’ਚ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਸ ਬਜ਼ਟ ਨੂੰ ਪਾਸ ਕਰਦਿਆਂ ਸ਼ਹਿਰ ਦੇ ਵਿਕਾਸ ਲਈ ਚਰਚਾ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਾਊਸ ਦੇ ਸਾਬਕਾ ਕੋਂਸਲਰ ਤੇ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਹਾਊਸ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਸ਼ਹਿਰ ਦੇ ਵਿਕਾਸ ਤੇ ਤਰੱਕੀ ਲਈ ਨਿਗਮ ਨਾਲ ਮਿਲਕੇ ਸਿਆਸੀ ਹਿੱਤਾਂ ਤੋਂ ਉਪਰ ਉਠ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ 1992 ਤੋਂ 1997 ਤੱਕ ਵਿਰੋਧੀ ਧਿਰ ਦੀ ਸਰਕਾਰ ਦੇ ਵਿਚਕਾਰ ਬਤੌਰ ਪ੍ਰਧਾਨ ਬਠਿੰਡਾ ਨਗਰ ਕੋਂਸਲ ਨੂੰ ਚਲਾ ਚੁੱਕੇ ਹਨ ਤੇ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪਿਆ ਸੀ ਉਹ ਨਹੀਂ ਚਾਹੁੰਦੇ ਹੁਣ ਕਿਸੇ ਹੋਰ ਨੂੰ ਕਰਨਾ ਪਏ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਅੱਗੇ ਲੈ ਕੇ ਜਾਣ ਲਈ ਸਾਰਿਆਂ ਨੂੰ ਮਿਲਕੇ ਹੰਭਲਾ ਮਾਰਨ ਦੀ ਜਰੂਰਤ ਹੈ ਤਾਂ ਕਿ ਪੂਰੇ ਪੰਜਾਬ ਵਿਚ ਇੱਕ ਮਿਸਾਲ ਪੈਦਾ ਕੀਤੀ ਜਾ ਸਕੇ ਕਿ ਸਰਕਾਰ ਤੇ ਵਿਧਾਇਕ ਵਿਰੋਧੀ ਧਿਰ ਦਾ ਹੋਣ ਦੇ ਬਾਵਜੂਦ ਨਿਗਮ ਦੇ ਪ੍ਰਬੰਧਾਂ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਸਾਰੇ ਵੱਖ ਵੱਖ ਰਾਜਨੀਤਕ ਪਾਰਟੀਆਂ ਤੋਂ ਚੁਣ ਕੇ ਆਏ ਹਨ ਪ੍ਰੰਤੂ ਸਾਰਿਆਂ ਨੂੰ ਸ਼ਹਿਰ ਦੇ ਲੋਕਾਂ ਨੇ ਚੁਣਿਆ ਹੈ ਤੇ ਸ਼ਹਿਰ ਸਾਰਿਆਂ ਦਾ ਸਾਂਝਾ ਹੈ। ਜਿਸਦੇ ਚੱਲਦੇ ਜੇਕਰ ਸਰਕਾਰ ਤੇ ਨਿਗਮ ਦੇ ਵਿਚਕਾਰ ਤਾਲਮੇਲ ਨਾ ਹੋਵੇ ਤਾਂ ਇਸਦਾ ਖ਼ਮਿਆਜਾ ਸ਼ਹਿਰੀਆਂ ਨੂੰ ਭੁਗਤਣਾ ਪੈਣਾ ਹੈ। ਐਮ.ਐਲ.ਏ ਗਿੱਲ ਨੇ ਹਾਊਸ ਨੂੰ ਆਗਾਮੀ ਸ਼ੀਜਨ ਦੌਰਾਨ ਸ਼ਹਿਰ ਵਾਸੀਆਂ ਨੂੰ ਆਉਣ ਵਾਲੀਆਂ ਦੋ ਵੱਡੀਆਂ ਮੁਸ਼ਕਿਲਾਂ ਬਰਸਾਤੀ ਪਾਣੀ ਦੀ ਨਿਕਾਸੀ ਤੇ ਪੀਣ ਵਾਲੇ ਪਾਣੀ ਦਾ ਹੁਣ ਤੋਂ ਹੀ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਦੇਸੀ ਤਰੀਕੇ ਨਾਲ ਸ਼ਹਿਰ ਦੇ ਇੱਕ ਹਿੱਸੇ ਵਿਚ ਖੂਹ ਦੀ ਖੁਦਾਈ ਕਰਕੇ ਉਸਦੇ ਰਾਹੀਂ ਧਰਤੀ ਹੇਠਾਂ ਪਾਣੀ ਸੁੱਟਿਆ ਜਾ ਸਕਦਾ ਹੈ ਜਦੋਂਕਿ ਨਹਿਰੀ ਬੰਦੀ ਦੌਰਾਨ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਬਚਣ ਲਈ ਬੰਦ ਹੋਏ ਥਰਮਲ ਪਲਾਂਟ ਦੀ ਝੀਲ ਅਤੇ ਹੋਰਨਾਂ ਵਾਟਰ ਸਟੋਰੇਜ਼ ਟੈਂਕਾਂ ਦੀ ਸਮਰੱਥਾ ਵਧਾਈ ਜਾਣੀ ਚਾਹੀਦੀ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਸਿਆਸੀ ਵਿਅੰਗ ਕਸਦਿਆਂ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਨ ਜਿੰਨ੍ਹਾਂ ਦੀ ਬਦੌਲਤ ਉਹ ਇਸ ਕੁਰਸੀ ਤੱਕ ਪੁੱਜੇ ਹਨ। ਇਸ ਦੌਰਾਨ ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਡਿਪਟੀ ਮੇਅਰ ਹਰਮਿੰਦਰ ਸਿੰਘ ਸਿੱਧੂ ਤੇ ਐਸ.ਈ. ਹਰਪਾਲ ਸਿੰਘ ਭੁੱਲਰ ਨੇ ਨਵੇਂ ਵਿਧਾਇਕ ਦਾ ਹਾਊਸ ਵਿਚ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ।
ਬਾਕਸ
ਬਠਿੰਡਾ: ਉਧਰ ਪਾਸ ਕੀਤੇ ਬਜ਼ਟ ਮੁਤਾਬਕ ਕੁੱਲ ਬਜ਼ਟ ਵਿਚੋਂ ਸਾਢੇ 94 ਕਰੋੜ ਰੁਪਏ ਇਕੱਲਾ ਮੁਲਾਜਮਾਂ ਦੀਆਂ ਤਨਖ਼ਾਹਾਂ, ਪੈਨਸ਼ਨਾਂ, ਭੱਤਿਆਂ ਅਤੇ ਗਰੈਚੂਏਟੀ ਆਦਿ ’ਤੇ ਹੀ ਖ਼ਰਚ ਹੋਵੇਗਾ। ਜਦੋਂਕਿ ਸਾਢੇ 44 ਕਰੋੜ ਦੇ ਕਰੀਬ ਨਿਗਮ ਦੇ ਪੱਕੇ ਖ਼ਰਚਿਆਂ ਉਪਰ ਖਰਚ ਕੀਤਾ ਜਾਵੇਗਾ, ਜਿੰਨ੍ਹਾਂ ਵਿਚ ਬਿਜਲੀ, ਪਾਣੀ ਦੇ ਬਿੱਲ, ਸੀਵਰੇਜ਼ ਤੇ ਹੋਰ ਸਾਜੋ ਸਮਾਨ ਦੀ ਮੁਰੰਮਤ, ਕਰਜ਼ ਤੇ ਵਿਆਜ ਦੀ ਅਦਾਇਗੀ, ਸਫ਼ਾਈ ਪ੍ਰਬੰਧਾਂ, ਸਟਰੀਟ ਲਾਈਟਾਂ, ਪਾਰਕਾਂ ਦੇ ਰੱਖ-ਰਖਾਉ ਆਦਿ ਸ਼ਾਮਲ ਹਨ। ਇਸਤੋਂ ਇਲਾਵਾ ਸ਼ਹਿਰ ਦੇ ਵਿਕਾਸ ਕੰਮਾਂ ਲਈ ਸਿਰਫ਼ ਸਾਢੇ 49 ਕਰੋੜ (49.70) ਰਾਸ਼ੀ ਰਾਖਵੀਂ ਗਈ ਹੈ, ਜਿਸਦੇ ਨਾਲ ਸੜਕਾਂ, ਗਲੀਆਂ, ਨਾਲੀਆਂ, ਵਾਟਰ ਸਪਲਾਈ ਤੇ ਸੀਵਰੇਜ਼ ਦੇ ਕੰਮ, ਪਾਰਕ, ਟਾਈਲਾਂ ਆਦਿ ਬਣਾਏ ਜਾਣੇ ਹਨ। ਚਾਲੂ ਵਿਤੀ ਸਾਲ ਦੇ ਮੁਕਾਬਲੇ ਨਿਗਮ ਦੀ ਆਮਦਨ ਵਿਚ ਕਰੀਬ 19 ਕਰੋੜ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਇਸ ਵਾਧੇ ਵਿਚੋਂ ਇਸ ਰਾਸ਼ੀ ਦਾ ਸਭ ਤੋਂ ਵੱਡਾ ਹਿੱਸਾ ਵੈਟ ਤੋਂ ਪ੍ਰਾਪਤ ਹੋਣ ਵਾਲੀ ਰਾਸ਼ੀ ਦਾ ਹੈ, ਜਿਸਦੇ ਤਹਿਤ ਨਿਗਮ ਨੂੰ 103 ਕਰੋੜ ਮਿਲਣ ਦੀ ਉਮੀਦ ਹੈ। ਉਜ ਅੱਜ ਦੀ ਮੀਟਿੰਗ ਦੌਰਾਨ ਕਈ ਕੋਂਸਲਰ ਗੈਰਹਾਜ਼ਰ ਰਹੇ।