ਸੁਖਜਿੰਦਰ ਮਾਨ
ਬਠਿੰਡਾ, 1 ਅਪ੍ਰੈਲ: ਵਿਦਿਆਰਥੀਆਂ ਵਿੱਚ ਸੁੱਕਰਵਾਰ ਨੂੰ ਪਰੀਖਿਆਵਾਂ ਦੇ ਤਣਾਅ ਨੂੰ ਦੂਰ ਕਰਨ ਦੇ ਉਦੇਸ਼ ਨਾਲ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ “’ਪਰੀਕਸ਼ਾ ਪੇ ਚਰਚਾ 2022’” (ਪੀਪੀਸੀ 2022) ਪ੍ਰੋਗਰਾਮ ਦੇ ਪੰਜਵੇਂ ਐਡੀਸ਼ਨ ਦੀ ਇੱਕ ਵਿਸ਼ੇਸ਼ ਲਾਈਵ ਸਕ੍ਰੀਨਿੰਗ ਦਾ ਆਯੋਜਨ ਕੀਤਾ ਗਿਆ। ਯੂਨੀਵਰਸਿਟੀ ਦੇ ਚਾਰ ਵੱਖ-ਵੱਖ ਸਥਾਨਾਂ (ਸੈਮੀਨਾਰ ਹਾਲ, ਕੰਪਿਊਟਰ ਸੈਂਟਰ, ਕਾਨਫਰੰਸ ਰੂਮ ਅਤੇ ਆਈਕਿਉਏਸੀ ਮੀਟਿੰਗ ਰੂਮ) ਤੇ ਆਯੋਜਿਤ ਇਸ ਵਿਸ਼ੇਸ਼ ਸਕ੍ਰੀਨਿੰਗ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੇ ਨਾਲ 400 ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਮੇਂਬਰਾਂ ਨੇ ਭਾਗ ਲਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮਿੰਦਰ ਪ੍ਰਧਾਨ ਨੇ ਮਾਨਯੋਗ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਨਿਰਭੈ ਹੋ ਕੇ ਪਰੀਖਿਆ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ, ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਹਰ ਕੋਨੇ ਤੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ। ਸਵਾਲਾਂ ਦੇ ਜਵਾਬ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪਰੀਖਿਆ ਦੇ ਦਿਨਾਂ ਦੌਰਾਨ ਤਣਾਅ ਨਹੀਂ ਲੈਣਾ ਚਾਹੀਦਾ, ਸਗੋਂ ਉਹਨਾਂ ਨੂੰ ਪਿਛਲੀਆਂ ਪਰੀਖਿਆਵਾਂ ਤੋਂ ਪ੍ਰਾਪਤ ਅਨੁਭਵ ਦੀ ਵਰਤੋਂ ਆਉਣ ਵਾਲੀਆਂ ਪਰੀਖਿਆਵਾਂ ਵਿੱਚ ਸਫਲਤਾ ਹਾਸਲ ਕਰਨ ਲਈ ਕਰਨੀ ਚਾਹੀਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਤ ਜੀਵਨ ਸ਼ੈਲੀ ਅਪਣਾਉਣ, ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਯਤਨ ਕਰਨ ਅਤੇ ਹੋਰਾਂ ਤੋਂ ਸਿੱਖਣ ਦੀ ਯੋਗਤਾ ਨੂੰ ਵਿਕਸਿਤ ਕਰਨ ਦੀ ਸਲਾਹ ਦਿੱਤੀ। ਮਾਨਯੋਗ ਪ੍ਰਧਾਨ ਮੰਤਰੀ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਲੜਕੇ ਅਤੇ ਲੜਕੀਆਂ ਦੋਵਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਅਤੇ ਆਪਣੇ ਬੱਚਿਆਂ ‘ਤੇ ਕੋਈ ਵਿਸ਼ੇਸ਼ ਪੇਸ਼ਾ ਚੁਣਨ ਲਈ ਦਬਾਅ ਪਾਉਣ ਤੋਂ ਬਚਣ। ਸ਼੍ਰੀ ਮੋਦੀ ਨੇ ਨੌਜਵਾਨਾਂ ਨੂੰ “ਪੀ3 ਮੁਹਿੰਮ” (ਪ੍ਰੋ ਪਲੈਨੇਟ ਪੀਪਲ) ਵਿੱਚ ਸ਼ਾਮਲ ਹੋ ਕੇ ਅਤੇ ਵਾਤਾਵਰਣ ਅਨੁਕੂਲ ਜੀਵਨ ਸ਼ੈਲੀ ਅਪਣਾਕੇ ਵਾਤਾਵਰਣ ਸੁਰੱਖਿਆ ਲਈ ਕੰਮ ਕਰਨ ਦਾ ਸੱਦਾ ਦਿੱਤਾ।ਪੀਪੀਸੀ 2022 ਦੀ ਲਾਈਵ ਸਕ੍ਰੀਨਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ, ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਸਾਡੇ ਦੇਸ਼ ਦੇ ਵਿਦਿਆਰਥੀਆਂ ਨੂੰ ਪਰੀਖਿਆ ਦੇ ਤਣਾਅ ਤੋਂ ਮੁਕਤ ਹੋਣ ਦਾ ਮੌਕਾ ਪ੍ਰਦਾਨ ਕਰਨ ਲਈ ਮਾਨਯੋਗ ਪ੍ਰਧਾਨ ਮੰਤਰੀ ਅਤੇ ਮਾਨਯੋਗ ਸਿੱਖਿਆ ਮੰਤਰੀ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੁਝਾਅ ਅਤੇ ਸਲਾਹ ਵਿਦਿਆਰਥੀਆਂ ਲਈ ਪਰੀਖਿਆ ਦੇ ਤਣਾਅ ਨਾਲ ਨਜਿੱਠਣ ਅਤੇ ਪ੍ਰੀਖਿਆ ਯੋਧਾ ਬਣਨ ਲਈ ਯਕੀਨੀ ਤੌਰ ‘ਤੇ ਲਾਭਦਾਇਕ ਸਿੱਧ ਹੋਵੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਤਣਾਅ ਮੁਕਤ ਮਾਹੌਲ ਵਿੱਚ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ।
Share the post "ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ‘ਪਰੀਕਸ਼ਾ ਪੇ ਚਰਚਾ 2022’ ਪ੍ਰੋਗਰਾਮ ਦੀ ਲਾਈਵ ਸਕ੍ਰੀਨਿੰਗ ਆਯੋਜਿਤ"