ਸੁਖਜਿੰਦਰ ਮਾਨ
ਬਠਿੰਡਾ, 10 ਅਪ੍ਰੈਲ: ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਰਮੇ ਦੀ ਫ਼ਸਲ ਦੀ ਸੁਚੱਜੀ ਕਾਸਤ ਤੇ ਨਵੀਨਤਮ ਤਕਨੀਕਾਂ ਸਬੰਧੀ ਇੱਕ ਰੋਜਾ ਸਿਖਲਾਈ ਕੈਂਪ ਸਥਾਨਕ ਇੰਮਪੀਰੀਅਲ ਪੈਲੇਸ ਵਿਖੇ ਲਗਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ ਤੇ ਵਿਸਥਾਰ) ਡਾ. ਹਰਿੰਦਰ ਸਿੰਘ ਨੇ ਕੀਤੀ।ਇਸ ਸਿਖਲਾਈ ਪ੍ਰੋਗਰਾਮ ਵਿੱਚ ਨਰਮਾ ਪੱਟੀ ਦੇ ਚਾਰ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਬਰਨਾਲਾ ਤੇ ਸੰਗਰੂਰ ਦੇ ਸਮੂਹ ਖੇਤੀਬਾੜੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਾਗ ਲਿਆ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਇੰਸਦਾਨਾਂ ਵੱਲੋ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਨਰਮੇ ਦੀ ਫ਼ਸਲ ਦੀਆਂ ਨਵੀਨਤਮ ਤਕਨੀਕਾਂ, ਨਦੀਨਾਂ, ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਦੌਰਾਨ ਪ੍ਰੋਜੈਕਟ ਡਾਇਰੈਕਟਰ ਆਤਮਾ ਮੋਗਾ ਡਾ. ਬਲਵਿੰਦਰ ਸਿੰਘ ਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਫਰੀਦਕੋਟ ਸ੍ਰੀ ਅਮਨਦੀਪ ਕੇਸਵ ਵੱਲੋਂ ਲਗਾਏ ਗਏ ਕੈਂਪ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੀਨੀਅਰ ਐਗਰੋਨੋਮਿਸਟ ਆਰ.ਆਰ.ਐਸ ਅਬੋਹਰ ਡਾ. ਮਨਪ੍ਰੀਤ ਸਿੰਘ ਤੇ ਐਗਰੋਨੋਮਿਸਟ ਆਰ.ਆਰ.ਐਸ. ਬਠਿੰਡਾ ਡਾ. ਹਰਜੀਤ ਸਿੰਘ ਵੱਲੋਂ ਨਰਮੇ ਦੀ ਫਸਲ ਦੇ ਨਵੀਨਤਮ ਕਾਸਤਕਾਰੀ ਢੰਗਾਂ ਤੇ ਨਦੀਨਾਂ ਦੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸੀਨੀਅਰ ਐਟੋਮੋਲੋਜਿਸਟ ਪੀ.ਏ.ਯੂ, ਲੁਧਿਆਣਾ ਡਾ. ਵਿਜੇ ਕੁਮਾਰ ਨੇ ਨਰਮੇ ਦੀ ਫ਼ਸਲ ਤੇ ਹਮਲਾ ਕਰਨ ਵਾਲੇ ਰਸ ਚੂਸਕ ਕੀੜੇ-ਮਕੌੜਿਆਂ ਜਿਵੇਂ ਕਿ ਚਿੱਟੀ ਮੱਖੀ, ਹਰੇ ਤੇਲੇ ਨਾਲ ਹੋਣ ਵਾਲੇ ਨੁਕਸਾਨ ਤੋਂ ਇਲਾਵਾ ਗੁਲਾਬੀ ਸੁੰਡੀ ਦੇ ਸਰਵਪੱਖੀ ਰੋਕਥਾਮ ਤੇ ਪ੍ਰਬੰਧਨ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿਸਾ-ਨਿਰਦੇਸ ਦਿੰਦਿਆਂ ਕਿਹਾ ਕਿ ਇਸ ਟਰੇਨਿੰਗ ਵਿੱਚ ਪੀ.ਏ.ਯੂ ਦੇ ਸਾਇੰਸਦਾਨਾਂ ਵੱਲੋਂ ਨਰਮੇ ਦੀ ਕਾਸਤ ਸਬੰਧੀ ਦਿੱਤੀਆਂ ਗਈਆਂ ਨਵੀਨਤਮ ਤਕਨੀਕਾਂ ਦੀ ਜਾਣਕਾਰੀ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਈ ਜਾਵੇ ਤਾਂ ਜੋ ਇਸ ਸਾਲ ਨਰਮੇ ਦੀ ਭਰਪੂਰ ਪੈਦਾਵਾਰ ਹੋ ਸਕੇ। ਇਸ ਮੌਕੇ ਕਾਟਨ ਪੈਥਾਲੋਜਿਸਟ, ਆਰ.ਆਰ.ਐਸ. ਬਠਿੰਡਾ ਡਾ. ਰੁਪੇਸ ਅਰੋੜਾ, ਪਿ੍ਰੰਸੀਪਲ ਐਕਸਟੈਨਸਨ ਸਪੈਸਲਿਸਟ, ਪੀ.ਏ.ਯੂ ਲੁਧਿਆਣਾ ਡਾ. ਅਮਰਜੀਤ ਸਿੰਘ ਤੇ ਜ਼ਿਲ੍ਹਾ ਸਿਖਲਾਈ ਅਫਸਰ ਬਠਿੰਡਾ ਡਾ. ਹਰਬੰਸ ਸਿੰਘ ਆਦਿ ਹਾਜ਼ਰ ਸਨ।
Share the post "ਨਰਮੇ ਦੀ ਫਸਲ ਦੀ ਸੁਚੱਜੀ ਕਾਸਤ ਤੇ ਨਵੀਨਤਮ ਤਕਨੀਕਾਂ ਸਬੰਧੀ ਇੱਕ ਰੋਜਾ ਸਿਖਲਾਈ ਕੈਂਪ ਆਯੋਜਿਤ"