ਸੁਖਜਿੰਦਰ ਮਾਨ
ਬਠਿੰਡਾ, 16 ਅਪ੍ਰੈਲ: ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ (ਬੀ.ਐਫ.ਸੀ.ਈ.ਟੀ.) ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਕਾਲਜ ਕੇਵਲ ਇਲਾਕੇ ਦਾ ਹੀ ਸਰਵੋਤਮ ਕਾਲਜ ਨਹੀਂ ਸਗੋਂ ਸਾਲ 2022 ਲਈ ਭਾਰਤ ਦੀਆਂ ਸਸਟੇਨਏਬਲ ਸੰਸਥਾਵਾਂ ਦੀ ਥੀਮ ‘ਤੇ ਆਰ ਵਰਲਡ ਇੰਸਟੀਟਿਊਸ਼ਨਲ ਰੈਂਕਿੰਗ ਦੁਆਰਾ ਕਰਵਾਏ ਗਏ ਇੱਕ ਰੈਂਕਿੰਗ ਮੁਕਾਬਲੇ ਵਿੱਚ ਪੰਜਾਬ ਦੇ ਸਾਰੇ ਇੰਜੀਨੀਅਰਿੰਗ ਕਾਲਜਾਂ ਵਿੱਚੋਂ ਪਹਿਲੇ ਸਥਾਨ ‘ਤੇ ਹੈ। ਸਸਟੇਨਏਬਲ ਇੰਸਟੀਟਿਊਸ਼ਨਲ ਆਫ਼ ਇੰਡੀਆ (ਐਸ.ਆਈ.ਆਈ.) ਲਈ ਰੈਂਕਿੰਗ ਫਰੇਮ ਵਰਕ ਨੂੰ ਉੱਚ ਵਿੱਦਿਅਕ ਸੰਸਥਾਵਾਂ ਵਿੱਚ ਹਰੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਊਰਜਾ ਅਤੇ ਪਾਣੀ ਦੀ ਬਰਬਾਦੀ ਨੂੰ ਘੱਟ ਤੋਂ ਘੱਟ ਕਰਨ ਲਈ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਰੈਂਕਿੰਗ ਦੇ ਮਾਪਦੰਡ ਸਨ ਖੋਜ, ਨਵੀਨਤਾਵਾਂ, ਉੱਦਮਤਾ ਸੱਭਿਆਚਾਰ ਬੁਨਿਆਦੀ ਢਾਂਚਾ ਅਤੇ ਰੱਖ-ਰਖਾਅ, ਊਰਜਾ ਸੰਭਾਲ ਅਤੇ ਖਪਤ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਪਾਣੀ ਦੀ ਸੰਭਾਲ ਆਦਿ। ਦੱਸਣਯੋਗ ਹੈ ਕਿ ਗਰੀਨ ਐਨਰਜੀ (ਹਰੀ ਊਰਜਾ) ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਹਮੇਸ਼ਾ ਵਿਦਿਆਰਥੀ ਪ੍ਰੋਜੈਕਟਾਂ ਅਤੇ ਸਟਾਰਟ ਅੱਪ ਸੱਭਿਆਚਾਰ ਦੇ ਰੂਪ ਵਿੱਚ ਪਹਿਲਕਦਮੀ ਕੀਤੀ ਹੈ। ਇਹਨਾਂ ਉਪਰਾਲਿਆਂ ਦੀ ਬਦੌਲਤ ਸੰਸਥਾ ਨੂੰ ਇਹ ਮਾਣ ਮਿਲਿਆ ਹੈ ਕਿ ਸਾਰੇ ਭਾਰਤ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਰੈਂਕਿੰਗ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦਾ ਓਵਰਆਲ 44ਵਾਂ ਸਥਾਨ ਹੈ । ਇਸ ਦੇ ਨਾਲ ਹੀ ਇਹ ਵੀ ਇੱਕ ਵੱਡੀ ਪ੍ਰਾਪਤੀ ਜੁੜੀ ਹੈ ਕਿ ਇਹ ਕਾਲਜ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚੋਂ ਤੀਜੇ ਸਥਾਨ ‘ਤੇ ਆਇਆ ਹੈ।ਬੀ.ਐਫ.ਸੀ.ਈ.ਟੀ. ਦੀ ਪਿ੍ਰੰਸੀਪਲ ਡਾ. ਜਯੋਤੀ ਬਾਂਸਲ ਨੇ ਇਸ ਅਹਿਮ ਪ੍ਰਾਪਤੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਕਾਲਜ ਖੋਜ ਤੇ ਨਵੀਨਤਾ ਦੇ ਖੇਤਰ ਵਿੱਚ, ਉੱਦਮਤਾ ਦੇ ਖੇਤਰ ਵਿੱਚ ਅਤੇ ਵਿਦਿਆਰਥੀਆਂ ਦੀ ਪਲੇਸਮੈਂਟ ਦੇ ਖੇਤਰ ਵਿੱਚ ਲਗਾਤਾਰ ਮੱਲ੍ਹਾਂ ਮਾਰਦਾ ਆ ਰਿਹਾ ਹੈ। ਜਿਸ ਸਦਕਾ ਇਹ ਕਾਲਜ ਉੱਤਰੀ ਭਾਰਤ ਦੇ ਮੋਹਰੀ ਇੰਜਨੀਅਰਿੰਗ ਕਾਲਜਾਂ ਵਿੱਚ ਗਿਣਿਆ ਜਾਣ ਲੱਗਾ ਹੈ। ਉਨ੍ਹਾਂ ਕਿਹਾ ਕਿ ਬੀ.ਐਫ.ਜੀ.ਆਈ. ਦੀ ਸਮੁੱਚੀ ਮੈਨੇਜਮੈਂਟ ਦੇ ਸਹਿਯੋਗ ਨਾਲ ਇਹ ਕਾਲਜ ਭਵਿੱਖ ਵਿੱਚ ਹੋਰ ਵੀ ਨਵੇਂ ਆਯਾਮ ਸਿਰਜੇਗਾ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਪ੍ਰਾਪਤੀ ਲਈ ਬੀ.ਐਫ.ਸੀ.ਈ.ਟੀ. ਦੇ ਪਿ੍ਰੰਸੀਪਲ, ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਆਰ ਵਰਲਡ ਇੰਸਟੀਟਿਊਸ਼ਨਲ ਰੈਂਕਿੰਗ ਦੁਆਰਾ ਖੋਜ, ਨਵੀਨਤਾਵਾਂ, ਉੱਦਮਤਾ ਸੱਭਿਆਚਾਰ, ਬੁਨਿਆਦੀ ਢਾਂਚਾ ਅਤੇ ਰੱਖ-ਰਖਾਅ, ਊਰਜਾ ਸੰਭਾਲ ਅਤੇ ਖਪਤ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਪਾਣੀ ਦੀ ਸੰਭਾਲ ਆਦਿ ਮਾਪਦੰਡਾਂ ‘ਤੇ ਆਧਾਰਿਤ ਕਰਵਾਏ ਗਏ ਇੱਕ ਰੈਂਕਿੰਗ ਮੁਕਾਬਲੇ ਵਿੱਚ ਬੀ.ਐਫ.ਸੀ.ਈ.ਟੀ. ਦਾ ਪੰਜਾਬ ਦੇ ਸਾਰੇ ਇੰਜਨੀਅਰਿੰਗ ਕਾਲਜਾਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਨਾ ਅਤੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚੋਂ ਤੀਜੇ ਸਥਾਨ ‘ਤੇ ਆਉਣਾ ਬਹੁਤ ਮਾਣ ਵਾਲੀ ਪ੍ਰਾਪਤੀ ਹੈ। ਸਾਰੇ ਭਾਰਤ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਰੈਂਕਿੰਗ ਵਿੱਚ ਬੀ.ਐਫ.ਸੀ.ਈ.ਟੀ. ਵੱਲੋਂ 44 ਵਾਂ ਸਥਾਨ ਪ੍ਰਾਪਤ ਕਰਨਾ ਸੰਸਥਾ ਅਤੇ ਇਲਾਕੇ ਲਈ ਬਹੁਤ ਅਹਿਮ ਹੈ।
Share the post "ਬੀ.ਐਫ.ਸੀ.ਈ.ਟੀ. ਨੇ ਭਾਰਤ ਦੀਆਂ ਸਸਟੇਨਏਬਲ ਸੰਸਥਾਵਾਂ ਦੀ ਰੈਂਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ"