19 Views
ਸੁਖਜਿੰਦਰ ਮਾਨ
ਸੰਗਰੂਰ, 7 ਮਈ: ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਕਰੀਬ ਪੌਣੇ ਦੋ ਮਹੀਨਿਆਂ ਬਾਅਦ ਕੇਂਦਰ ਨੇ ਵੱਡੀ ਕਾਰਵਾਈ ਕੀਤੀ ਹੈ। ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਅੱਜ ਆਪ ਦੇ ਅਮਰਗੜ੍ਹ ਹਲਕੇ ਤੋਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਵੱਖ-ਵੱਖ ਟਿਕਾਣਿਆਂ ‘ਤੇੇ ਛਾਪੇਮਾਰੀ ਕੀਤੀ ਹੈ। ਮੀਡੀਆ ਰੀਪੋਰਟਾਂ ਮੁਤਾਬਕ ਸੀਬੀਆਈ ਦੀ ਇਹ ਕਾਰਵਾਈ ਬੈਂਕ ਆਫ ਬੜੌਦਾ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ, ਜਿਸਨੇ ਵਿਧਾਇਕ ਉਪਰ ਕਥਿਤ ਤੌਰ ’ਤੇ 40 ਕਰੋੜ ਦੇ ਬੈਂਕ ਫਰਾਡ ਦੇ ਦੋਸ਼ ਲਗਾਏ ਹਨ। ਸੂਤਰਾਂ ਮੁਤਾਬਕ ਛਾਪੇਮਾਰੀ ਦੌਰਾਨ ਸੀਬੀਆਈ ਨੂੰ ਦਰਜ਼ਨਾਂ ਚੈਕ ਅਤੇ ਹੋਰ ਕਾਗਜ਼ਾਤ ਮਿਲੇ ਹਨ। ਇੱਥੇ ਦਸਣਾ ਬਣਦਾ ਹੈ ਕਿ ਵਿਧਾਇਕ ਗੱਜਣਮਾਜਰਾ ਸਿਆਸਤ ਵਿਚ ਆਉਣ ਤੋਂ ਪਹਿਲਾਂ ਵੱਡੇ ਬਿਜਨਿਸਮੈਨ ਹਨ, ਜਿੰਨ੍ਹਾਂ ਦਾ ਪਸ਼ੂ ਫੀਡ ਤੇ ਸਿੱਖਿਆ ਦੇ ਖੇਤਰ ਵਿਚ ਵੱਡਾ ਨਾਮ ਹੈ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਫ਼ਰਵਰੀ 2022 ਦੀਆਂ ਚੋਣਾਂ ਵਿਚ ਅਮਰਗੜ੍ਹ ਹਲਕੇ ਤੋਂ ਟਿਕਟ ਦਿੱਤੀ ਸੀ, ਜਿੱਥੋਂ ਉਹ ਵਿਧਾਇਕ ਚੁਣੇ ਗਏ ਹਨ।