9 Views
10 ਮਈ ਤੱਕ ਪੁਲੀਸ ਬੱਗੇ ਨੂੰ ਨਹੀਂ ਕਰ ਸਕੇਗੀ ਗਿ੍ਫ਼ਤਾਰ
ਸੁਖਜਿੰਦਰ ਮਾਨ
ਚੰਡੀਗੜ੍ਹ, 8 ਮਈ: ਪਿਛਲੇ ਦੋ ਦਿਨਾਂ ਤੋਂ ਪੰਜਾਬ ਸਹਿਤ ਹਰਿਆਣਾ ਅਤੇ ਦਿੱਲੀ ਦੇ ਸਿਆਸੀ ਗਲਿਆਰਿਆਂ ਵਿੱਚ ਸੁਰਖੀਆਂ ਬਟੋਰ ਰਹੇ ਦਿੱਲੀ ਦੇ ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੀਤੀ ਅੱਧੀ ਰਾਤ ਨੂੰ ਕੀਤੀ ਸੁਣਵਾਈ ਦੌਰਾਨ ਰਾਹਤ ਦਿੰਦਿਆਂ ਉਨ੍ਹਾਂ ਦੀ ਗ੍ਰਿਫ਼ਤਾਰੀ ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਦਿਨੇ ਮੋਹਾਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਦੀ ਅਰਜੀ ‘ਤੇ ਬੱਗਾ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਦੇਰ ਰਾਤ ਤਕ ਚੱਲੀ ਸੁਣਵਾਈ ਦੌਰਾਨ ਤੇਜਿੰਦਰਪਾਲ ਬੱਗਾ ਵੱਲੋਂ ਆਪਣੇ ਵਕੀਲ ਰਾਹੀਂ ਦਾਇਰ ਕੀਤੀ ਅਰਜ਼ੀ ਵਿਚ ਪੰਜਾਬ ਸਰਕਾਰ ‘ਤੇ ਸਿਆਸੀ ਕਿੜ ਕੱਢਣ ਦੇ ਦੋਸ਼ ਲਗਾਉਂਦਿਆਂ ਗ੍ਰਿਫ਼ਤਾਰੀ ਤੋਂ ਰਾਹਤ ਦੀ ਮੰਗ ਕੀਤੀ ਸੀ। ਅਦਾਲਤ ਨੇ ਇਸ ਮਾਮਲੇ ਵਿਚ ਬੱਗਾ ਨੂੰ ਅੰਤਰਿਮ ਰਾਹਤ ਦਿੰਦਿਆਂ ਅਗਲੀ ਸੁਣਵਾਈ ਤਕ ਉਨ੍ਹਾਂ ਦੀ ਗ੍ਰਿਫ਼ਤਾਰੀ ‘ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਹੁਣ ਇਸ ਇਸ ਕੇਸ ਵਿੱਚ ਅਗਲੀ ਸੁਣਵਾਈ 10 ਮਈ ਨੂੰ ਹੋਵੇਗੀ। ਗੌਰਤਲਬ ਹੈ ਕਿ 6 ਮਈ ਨੂੰ ਪੰਜਾਬ ਪੁਲੀਸ ਦੇ ਕਰੀਬ ਚਾਰ ਦਰਜਨ ਮੁਲਾਜ਼ਮਾਂ ਨੇ ਦਿੱਲੀ ਚ ਬੱਗਾ ਦੀ ਰਿਹਾਇਸ਼ ‘ਤੇ ਛਾਪੇਮਾਰੀ ਕਰਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪ੍ਰੰਤੂ ਬੱਗੇ ਦੇ ਪਿਤਾ ਦੀ ਸ਼ਿਕਾਇਤ ਉਪਰ ਕਾਰਵਾਈ ਕਰਦਿਆਂ ਦਿੱਲੀ ਦੇ ਥਾਣਾ ਜਨਕਪੁਰੀ ਦੀ ਪੁਲਿਸ ਨੇ ਪੰਜਾਬ ਪੁਲੀਸ ਦੇ ਅਗਿਆਤ ਵਿਅਕਤੀਆਂ ਵਿਰੁਧ ਬੱਗਾ ਨੂੰ ਅਗਵਾ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕਰ ਲਿਆ ਸੀ। ਮਾਮਲਾ ਇੱਥੇ ਹੀ ਖ਼ਤਮ ਨਹੀਂ ਹੋਇਆ ਦਿੱਲੀ ਪੁਲਸ ਨੇ ਇਸ ਦਰਦ ਕੇਸ ਵਿੱਚ ਦਿੱਲੀ ਦੀ ਇਕ ਅਦਾਲਤ ਤੋਂ ਪ੍ਰੋਡਕਸ਼ਨ ਉਪਰੰਤ ਲੈਂਦਿਆਂ ਹਰਿਆਣਾ ਪੁਲਿਸ ਦੀ ਸਹਾਇਤਾ ਨਾਲ ਕੁਰੂਕਸ਼ੇਤਰ ਦੇ ਨਜ਼ਦੀਕ ਪਿੱਪਲੀ ਕੋਲੋਂ ਮੁੜ ਪੰਜਾਬ ਪੁਲੀਸ ਤੋਂ ਬੱਗਾ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਦਿੱਲੀ ਵਾਪਸ ਲੈ ਗਈ ਸੀ।
Share the post "ਤੇਜਿੰਦਰ ਬੱਗਾ ਕੇਸ: ਦਿਨੇ ਗ੍ਰਿਫਤਾਰੀ ਵਾਰੰਟ ਜਾਰੀ, ਰਾਤ ਨੂੰ ਹਾਈਕੋਰਟ ਤੋਂ ਮਿਲੀ ਰਾਹਤ"