ਸੁਖਜਿੰਦਰ ਮਾਨ
ਨਵਾਂਸ਼ਹਿਰ, 9 ਮਈ : ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਟਿਕਟ ਨਾ ਮਿਲਣ ਕਾਰਨ ਕਾਂਗਰਸ ਤੋਂ ਕਿਨਾਰਾ ਕਰਨ ਵਾਲੇ ਯੂਥ ਆਗੂ ਤੇ ਨਵਾ ਸ਼ਹਿਰ ਤੋਂ ਪਾਰਟੀ ਦੇ ਵਿਧਾਇਕ ਅੰਗਦ ਸੈਣੀ ਨੇ ਅੱਜ ਮੁੜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਘਰ ਵਾਪਸੀ ਕਰ ਲਈ ਹੈ। ਰਾਜਾ ਵੜਿੰਗ ਇਸਦੇ ਲਈ ਵਿਸ਼ੇਸ ਤੌਰ ’ਤੇ ਸ਼੍ਰੀ ਸੈਣੀ ਦੇ ਘਰ ਪੁੱਜੇ, ਜਿੱਥੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ। ਗੌਰਤਲਬ ਹੈ ਕਿ ਅੰਗਦ ਸੈਣੀ ਦੀ ਪਤਨੀ ਤੇ ਯੂ.ਪੀ ’ਚ ਕਾਂਗਰਸ ਦੀ ਵਿਧਾਇਕਾ ਰਹੀ ਅਦਿੱਤੀ ਸਿੰਘ ਨੇ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਭਾਜਪਾ ਵਿਚ ਸਮੂਲੀਅਤ ਕਰ ਲਈ ਸੀ, ਜਿਸਦੇ ਰੋਸ਼ ਵਜੋਂ ਕਾਂਗਰਸ ਹਾਈਕਮਾਂਡ ਨੇ ਅੰਗਦ ਸਿੰਘ ਨੂੰ ਟਿਕਟ ਤੋਂ ਵਾਂਝਾ ਕਰ ਦਿੱਤਾ ਸੀ। ਵਿਧਾਨ ਸਭਾ ਚੋਣਾਂ 2022 ਦੌਰਾਨ ਟਿਕਟ ਨਾ ਮਿਲਣ ਕਾਰਨ ਸੈਣੀ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਗਏ ਸਨ। ਇਹੀਂ ਨਹੀਂ ਉਨ੍ਹਾਂ ਅਜ਼ਾਦ ਉਮੀਦਵਾਰ ਵਜੋਂ ਚੋਣ ਵੀ ਲੜੀ ਸੀ ਪ੍ਰੰਤੂ ਹਾਰ ਗਏ ਸਨ। ਉਧਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੰਗਦ ਸੈਣੀ ਦੀ ਘਰ ਵਾਪਸੀ ’ਤੇ ਖ਼ੁਸੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਕਾਂਗਰਸ ਦੀ ਵਿਚਾਰਧਾਰਾ ਵਿਚ ਵਿਸਵਾਸ ਰੱਖਣ ਵਾਲੇ ਇੱਕ ਇੱਕ ਵਰਕਰ ਨੂੰ ਗਤੀਸ਼ੀਲ ਕਰਨਗੇ। ਇਸ ਮੌਕੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਤੋਂ ਇਲਾਵਾ ਦਫਤਰ ਇੰਚਾਰਜ ਅਤੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਆਦਿ ਵੀ ਮੌਜੂਦ ਸਨ।
Share the post "ਸਾਬਕਾ ਵਿਧਾਇਕ ਅੰਗਦ ਸੈਣੀ ਨੇ ਰਾਜਾ ਵੜਿੰਗ ਦੀ ਅਗਵਾਈ ਹੇਠ ‘ਚ ਕਾਂਗਰਸ ਕੀਤੀ ਘਰ ਵਾਪਸੀ"