ਮੰਗਾਂ ਪੂਰੀਆਂ ਨਾ ਹੋਣ ਤੇ ਸਿੱਖਿਆ ਮੰਤਰੀ ਦੇ ਸ਼ਹਿਰ ਵਿਚ ਇਨਸਾਫ ਰੈਲੀ 29 ਮਈ ਨੂੰ
ਸੁਖਜਿੰਦਰ ਮਾਨ
ਬਠਿੰਡਾ, 23 ਮਈ: ਸਿੱਖਿਆ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਦੋ ਅਧਿਆਪਕਾਂ ਹਰਿੰਦਰ ਸਿੰਘ ਅਤੇ ਮੈਡਮ ਨਵਲਦੀਪ ਸ਼ਰਮਾ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਬਠਿੰਡਾ ਵੱਲੋਂ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਜਨਰਲ ਸਕੱਤਰ ਰਾਜੇਸ਼ ਮੋਂਗਾ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ ਮੇਵਾ ਸਿੰਘ ਨੂੰ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ ।
ਆਗੂਆਂ ਨੇ ਦੱਸਿਆ ਕਿ ਇਨ੍ਹਾਂ ਦੋ ਸਾਥੀਆਂ ਨੂੰ ਐਸਐਸਏ ਰਮਸਾ ਵਿੱਚੋਂ ਕਲਿੱਕ ਕਰਨ ਦੇ ਬਾਵਜੂਦ ਵੀ ਰੈਗੂਲਰ ਨਹੀਂ ਕੀਤਾ ਜਾ ਰਿਹਾ ।ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਇਨ੍ਹਾਂ ਉੱਪਰ ਕੋਠਾ ਗੁਰੂ ਵਿਖੇ ਪਿਛਲੇ ਸਮੇਂ ਹੋਏ ਧਰਨੇ ਪ੍ਰਦਰਸ਼ਨ ਦੌਰਾਨ ਮਾਮਲਾ ਦਰਜ ਕੀਤਾ ਗਿਆ ਸੀ ।ਜਿਸ ਕਾਰਨ ਇਨ੍ਹਾਂ ਦੇ ਰੈਗੂਲਰ ਆਰਡਰ ਰੋਕੇ ਗਏ ਹਨ ।ਪ੍ਰੰਤੂ ਉਸ ਸਮੇਂ ਕੁੱਲ ਉਨਾਹਠ ਅਧਿਆਪਕਾਂ ਉੱਪਰ ਪਰਚੇ ਦਰਜ ਕੀਤੇ ਗਏ ਸਨ ।ਜਿਨ੍ਹਾਂ ਵਿਚੋਂ ਸਤਵੰਜਾ ਨੂੰ ਰੈਗੂਲਰ ਕੀਤਾ ਜਾ ਚੁੱਕਿਆ ਹੈ ।ਸਿਰਫ਼ ਇਹ ਦੋ ਅਧਿਆਪਕ ਹੀ ਪੂਰੇ ਪੰਜਾਬ ਵਿਚੋਂ ਉਸੇ ਤਰ੍ਹਾਂ ਦੇ ਕੇਸ ਵਿੱਚ ਰੈਗੂਲਰ ਨਹੀਂ ਕੀਤੇ ਜਾ ਰਹੇ । ਇਸ ਦੇ ਉਲਟ ਇਨ੍ਹਾਂ ਅਧਿਆਪਕਾਂ ਨੂੰ ਮਿਲਦੀ ਮਮੂਲੀ ਤਨਖਾਹ ਵੀ ਬੰਦ ਕਰ ਦਿੱਤੀ ਗਈ ਹੈ ।
ਜੇਕਰ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਨਹੀਂ ਕੀਤਾ 29 ਮਈ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਵਿੱਚ ਇਨਸਾਫ ਰੈਲੀ ਉਪਰੰਤ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ।ਆਗੂਆਂ ਨੇ ਸਮੂਹ ਅਧਿਆਪਕਾਂ ਨੂੰ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਡਟਣ ਦਾ ਸੱਦਾ ਦਿੱਤਾ ।ਇਸ ਸਮੇਂ ਹੋਰਨਾਂ ਤੋਂ ਇਲਾਵਾ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਧਾਲੀਵਾਲ ਡੀਟੀਐਫ ਦੇ ਜ਼ਿਲ੍ਹਾ ਕਮੇਟੀ ਮੈਂਬਰ ਨਰਿੰਦਰ ਬੱਲੂਆਣਾ, ਸੁਨੀਲ ਕੁਮਾਰ, ਅੰਮ੍ਰਿਤਪਾਲ ਸੈਣੇਵਾਲਾ,ਨਛੱਤਰ ਸਿੰਘ ਜੇਠੂਕੇ, ਅਮੋਲਕ ਸਿੰਘ,ਸੁਰੇਸ਼ ਕੁਮਾਰਈਟੀਟੀ ਅਧਿਆਪਕ ਯੂਨੀਅਨ ਦੇ ਗੁਰਜੀਤ ਜੱਸੀ ਸਵਰਨਜੀਤ ਭਗਤਾ ਅਰਜਿੰਦਰ ਸਿੰਘ ਰਾਜੂ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ ।
Share the post "ਡੀਟੀਐਫ ਵੱਲੋਂ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ।"