ਪੰਜਾਬੀ ਖ਼ਬਰਸਾਰ ਬਿਊਰੋ
ਪਟਿਆਲਾ, 10 ਜੂਨ: ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਥਾਨਕ ਕੇਂਦਰੀ ਜੇਲ੍ਹ ’ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਸਿੱਧੂ ਦੀ ਸਿਹਤ ਹੁਣ ਠੀਕ ਹੈ ਤੇ ਉਹ ਚੜਦੀ ਕਲਾਂ ਵਿਚ ਹਨ। ਗੌਰਤਲਬ ਹੈ ਕਿ ਰੋਡਰੇਜ ਕੇਸ ਵਿਚ ਸਿੱਧੂ ਪਟਿਆਲਾ ਜੇਲ੍ਹ ਵਿਚ ਇੱਕ ਸਾਲ ਦੀ ਕੈਦ ਕੱਟ ਰਹੇ ਹਨ। ਉਧਰ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਉਸਦੇ ਬਾਈਕਾਟ ਦਾ ਐਲਾਨ ਕਰ ਦਿੱਤਾ। ਬੀਤੇ ਕੱਲ ਦੀ ਘਟਨਾ ’ਤੇ ਟਿੱਪਣੀ ਕਰਦਿਆਂ ਸ: ਬਾਜਵਾ ਨੇ ਕਿਹਾ ਕਿ ਘਰ ਸੱਦ ਕੇ ਵਿਰੋਧੀ ਧਿਰ ਨੂੰ ਜਲੀਲ ਕਰਨ ਵਾਲੇ ਮੁੱਖ ਮੰਤਰੀ ਦੇ ਹੁਣ ਸੱਦੇ ‘ਤੇ ਵੀ ਨਹੀਂ ਜਾਇਆ ਜਾਵੇਗਾ। ਬਾਜਵਾ ਨੇ ਅੱਜ ਫ਼ਿਰ ਮੁੜ ਦਾਅਵਾ ਕੀਤਾ ਕਿ ਵਫ਼ਦ ਮੁੱਖ ਮੰਤਰੀ ਦਫ਼ਤਰ ਤੋਂ ਸਮਾਂ ਲੈ ਕੇ ਗਿਆ ਸੀ ਪ੍ਰੰਤੂ ਕੇਜ਼ਰੀਵਾਲ ਦੇ ਇਸ਼ਾਰੇ ’ਤੇ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਨੂੰ ਮਿਲਣ ਤੋਂ ਇੰਨਕਾਰ ਕਰ ਦਿੱਤਾ। ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀ ਕਿਹਾ ਕਿ ਕਾਂਗਰਸ ਦਾ ਵਫਦ ਮੁੱਖ ਮੰਤਰੀ ਕੋਲ ਸੂਬੇ ਦੇ ਵਿਗੜ ਰਹੇ ਅਮਨ ਤੇ ਕਾਨੂੰਨ ਦੀ ਸਥਿਤੀ ਸਬੰਧੀ ਅਗਾਂਹ ਕਰਨ ਲਈ ਗਿਆ ਸੀ ਨਾ ਕਿ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਰਾਰਤਪੂਰਨ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Share the post "ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜ਼ਵਾ ਨੇ ਪਟਿਆਲਾ ਜੇਲ੍ਹ ’ਚ ਕੀਤੀ ਨਵਜੋਤ ਸਿੱਧੂ ਨਾਲ ਮੁਲਾਕਾਤ"