ਸੁਖਜਿੰਦਰ ਮਾਨ
ਬਠਿੰਡਾ, 14 ਜੂਨ: ਸੂਬੇ ਵਿਚ ਹਥਿਆਰਾਂ ਦੀ ਵਧਦੀ ਦੁਰਵਰਤੋਂ ਦੇ ਚੱਲਦਿਆਂ ਮੰਗਲਵਾਰ ਨੂੰ ਜ਼ਿਲ੍ਹੇ ਦੇ ਸ਼ਹਿਰ ਰਾਮਾ ਮੰਡੀ ਵਿਖੇ ਦਿਨ-ਦਿਹਾੜੇ ਦੋ ਗੁਆਂਢੀ ਦੁਕਾਨਦਾਰਾਂ ਵਿਚ ਪਾਣੀ ਦੇ ਕੈਂਪਰ ਨੂੰ ਲੈ ਕੇ ਹੋਈ ਲੜਾਈ ਵਿਚ ਇੱਕ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਮੁਜਰਮ ਫ਼ਰਾਰ ਹੋ ਗਏ ਜਦੋਂਕਿ ਗੋਲੀਆਂ ਲੱਗਣ ਨਾਲ ਗੰਭੀਰ ਰੂਪ ਵਿਚ ਜਖ਼ਮੀ ਹੋਏ ਦੁਕਾਨਦਾਰ ਦੀ ਹਸਪਤਾਲ ਵਿਚ ਮੌਤ ਹੋ ਗਈ। ਜਦੋਂਕਿ ਇੱਕ ਹੋਰ ਵਿਅਕਤੀ ਦੇ ਜਖ਼ਮੀ ਹੋਣ ਦੀ ਸੂਚਨਾ ਹੈ, ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮਿ੍ਰਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਹਰਫੂਲ ਸਿੰਘ ਵਾਸੀ ਸ਼ੇਖੂ ਵਜੋਂ ਹੋਈ ਹੈ ਜਦੋਂਕਿ ਉਸ ਦਾ ਭਰਾ ਹਰਪ੍ਰੀਤ ਸਿੰਘ ਜਖਮੀ ਹੈ। ਪਤਾ ਲੱਗਿਆ ਹੈ ਕਿ ਮਿ੍ਰਤਕ ਗੁਰਪੀ੍ਰਤ ਸਿੰਘ ਰਾਮਾ ਮੰਡੀ ’ਚ ਦਰਜ਼ੀ ਦਾ ਕੰਮ ਕਰਦਾ ਹੈ। ਉਸਦਾ ਅਪਣੇ ਗੁਆਂਢੀ ਦੁਕਾਨਦਾਰ ਸਤੀਸ਼ ਕੁਮਾਰ ਨਾਲ ਲੰਮੇ ਸਮੇਂ ਤੋਂ ਮਨ-ਮੁਟਾਵ ਚੱਲ ਰਿਹਾ ਸੀ। ਅੱਜ ਵੀ ਪਾਣੀ ਦੇ ਕੈਂਪਰ ਰੱਖਣ ਨੂੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਵਿਵਾਦ ਹੋ ਗਿਆ। ਜਿਸਤੋਂ ਬਾਅਦ ਦੂਜੀ ਦੁਕਾਨ ਦੇ ਮਾਲਕ ਸਤੀਸ਼ ਕੁਮਾਰ ਤੇ ਉਸਦੇ ਭਰਾ ਮਨੀਸ਼ ਕੁਮਾਰ ਨੇ ਗੁਰਪ੍ਰੀਤ ਤੇ ਹਰਪ੍ਰੀਤ ਉਪਰ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਉਸਦੀ ਮੌਤ ਹੋ ਗਈ। ਉਧਰ ਘਟਨਾ ਦਾ ਪਤਾ ਚੱਲਦੇ ਹੀ ਸ਼ਹਿਰ ਦੇ ਲੋਕ ਵੱਡੀ ਗਿਣਤੀ ਵਿਚ ਘਟਨਾ ਵਾਲੀ ਥਾਂ ’ਤੇ ਇਕੱਠੇ ਹੋ ਗਏ ਤੇ ਪੁਲਿਸ ਵੀ ਪੁੱਜ ਗਈ। ਇਸ ਦੌਰਾਨ ਮਿ੍ਰਤਕ ਦਰਜੀ ਦੇ ਪਰਿਵਾਰ ਅਤੇ ਸਮਰਥਕਾਂ ਨੇ ਮੰਡੀ ‘ਚ ਧਰਨਾ ਲਗਾਉਂਦਿਆਂ ਮੁਜਰਮਾਂ ਨੂੰ ਗਿ੍ਰਫਤਾਰ ਕਰਨ ਦੀ ਮੰਗ ਰੱਖੀ। ਥਾਣਾ ਰਾਮਾਂ ਦੇ ਐਸਐਚਓ ਨੇ ਦਸਿਆ ਕਿ ਕਥਿਤ ਦੋਸ਼ੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ ਤੇ ਗਿ੍ਰਫਤਾਰੀ ਲਈ ਛਾਪੇਮਾਰੀ ਜਾਰੀ ਹੈ।
Share the post "ਪਾਣੀ ਦੇ ਕੈਂਪਰ ਨੂੰ ਲੈ ਕੇ ਹੋਏ ਵਿਵਾਦ ’ਚ ਰਾਮਾ ਮੰਡੀ ਦੇ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ"