ਸੁਖਜਿੰਦਰ ਮਾਨ
ਬਠਿੰਡਾ, 25 ਜੂਨ:-ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਵੱਲੋਂ 1975 ਵਿਚ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੁਆਰਾ ਅੱਜ ਦੇ ਦਿਨ ਅਣ-ਐਲਾਨੀ ਐਮਰਜੈਂਸੀ ਤਂੋ ਇਲਾਵਾ ਮੌਜੂਦਾ ਮੋਦੀ ਸਰਕਾਰ ਦੁਆਰਾ ਬੁਲਡੋਜ਼ਰ ਰਾਜ,ਕਾਲੇ ਕਾਨੂੰਨਾ ਤੇ ਫ਼ਿਰਕਾਪ੍ਸਤੀ ਵਿਰੁੱਧ ਇਕ ਕਨਵੈਨਸ਼ਨ ਸਥਾਨਕ ਪੈਨਸ਼ਨਰ ਭਵਨ ਵਿਖੇ ਕਰਨ ਪਿੱਛੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਜਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। 1975 ਦੀ ਐਮਰਜੈਂਸੀ ਸਬੰਧੀ ਮੰਦਿਰ ਜੱਸੀ ਦੇ ਗੀਤ ਨਾਲ ਸ਼ੁਰੂ ਹੋਈ ਕਨਵੈਨਸ਼ਨ ਸਬੰਧੀ ਸੰਖੇਪ ਜਾਣਕਾਰੀ ਅਤੇ ਸਟੈਨ ਸਵਾਮੀ ਅਤੇ ਹੋਰ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਜ਼ਿਲ੍ਹਾ ਪ੍ਰਧਾਨ ਪਿ੍ਰੰਸੀਪਲ ਬੱਗਾ ਸਿੰਘ ਵੱਲੋਂ ਦਿਤੀ ਗਈ। ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾ ਰਹੀ ਕੁਲਵੰਤ ਕੌਰ ਅਤੇ ਸਕੱਤਰ ਪਿ੍ਰਤਪਾਲ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਕਨਵੈਨਸ਼ਨ ਵਿਚ ਐਮਰਜੈਂਸੀ ਅਤੇ ਜਮਹੂਰੀ ਹੱਕਾਂ ਦੀ ਲਹਿਰ ਬਾਰੇ ਐਡਵੋਕੇਟ ਐਨ ਕੇ ਜੀਤ, ਫ਼ਿਰਕਾਪ੍ਰਸਤੀ ਅਤੇ ਆਰਥਿਕ ਹਮਲਿਆਂ ਬਾਰੇ ਐਡਵੋਕੇਟ ਸੁਦੀਪ ਸਿੰਘ ਅਤੇ ਕਾਲੇ ਕਾਨੂੰਨਾਂ ਤੇ ਉਨ੍ਹਾਂ ਦੇ ਵਿਰੋਧ ਬਾਰੇ ਡਾ ਅਜੀਤਪਾਲ ਸਿੰਘ ਐਮ ਡੀ ਨੇ ਸਭਾ ਦੇ ਬੁਲਾਰਿਆਂ ਵਜੋਂ ਸੰਬੋਧਨ ਕੀਤਾ। ਇਨ੍ਹਾਂ ਤੋਂ ਇਲਾਵਾ ਸਾਹਿਤ ਸਿਰਜਣਾ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ ਤੇ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਵੀ ਆਪਣੇ ਵਿਚਾਰ ਰੱਖੇ। ਇਹਨਾਂ ਆਗੂਆਂ ਨੇ ਕਿਹਾ ਕਿ ਅੱਜ ਤੋਂ 47 ਵਰ੍ਹੇ ਪਹਿਲਾਂ 25 ਜੂਨ 1975 ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਸੰਵਿਧਾਨ ਦੇ ਆਰਟੀਕਲ 352 ਦੁਆਰਾ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਮੁਲਕ ਭਰ ਵਿੱਚ ਐਮਰਜੈਂਸੀ ਲਾ ਕੇ ਹਰ ਤਰ੍ਹਾਂ ਦੇ ਵਿਰੋਧੀਆਂਅਤੇ ਜਮਹੂਰੀ ਵਿਅਕਤੀਆਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਸੀ। ਐਲਾਨੀਆ ਤੌਰ ਤੇ ਅੱਜ ਭਾਵੇਂ ਐਮਰਜੈਂਸੀ ਨਹੀਂ ਲਗੀ ਹੋਈ ਪਰ ਅੱਜ ਵੀ ਹਰ ਤਰ੍ਹਾਂ ਦੀਆਂ ਦੀਆਂ ਆਜ਼ਾਦੀਆਂ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਲੋਕਾਂ ਦੇ ਸੰਘਰਸ਼ ਕਰਨ,ਆਪਣੇ ਵਿਚਾਰ ਪ੍ਰਗਟ ਕਰਨ ਅਤੇ ਸਿਹਤਮੰਦ ਤੇ ਬਿਹਤਰ ਜ਼ਿੰਦਗੀ ਜਿਉਣ ਲਈ ਜਥੇਬੰਦ ਹੋਣ ਦੇ ਰਾਹ ਵਿੱਚ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਲੋਕਾਂ ਦੇ ਜਮਹੂਰੀ ਸੰਘਰਸ਼ ਦੀ ਹਮਾਇਤ ਵਿੱਚ ਆਵਾਜ਼ ਬੁਲੰਦ ਕਰਨ ਬਦਲੇ ਕਿੰਨੇ ਹੀ ਬੁੱਧੀਜੀਵੀਆਂ ਨੂੰ ਜੇਲ੍ਹਾਂ ਅੰਦਰ ਡੱਕਿਆ ਹੋਇਆ ਹੈ। ਸਭਾ ਦੇ ਮੈਂਬਰਾਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਭਰਵੀਂ ਸ਼ਮੂਲੀਅਤ ਕੀਤੀ ।
ਜਮਹੂਰੀ ਅਧਿਕਾਰ ਸਭਾ ਵਲੋਂ ਅਣਐਲਾਨੀ ਐਮਰਜੈਂਸੀ ਵਿਰੁੱਧ ਕਨਵੈਨਸ਼ਨ ਤੇ ਮੁਜਾਹਰਾ
11 Views