ਪੰਜਾਬੀ ਖਬਰਸਾਰ ਬਿਉਰੋ1
ਬਾਘਾਪੁਰਾਣਾ, 26ਜੂਨ :ਟੈਕਨੀਕਲ ਸਰਵਿਸਜ ਯੂਨੀਅਨ (ਭੰਗਲ) ਵੱਲੋਂ ਛੇ ਮਾਰਗੀ ਸੜਕਾਂ ਲਈ ਜ਼ਮੀਨਾਂ ਧੱਕੇ ਨਾਲ ਖੋਹਣ ਦਾ ਜਨਤਕ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਵਹਿਸ਼ੀ ਹੱਲਾ ਬੋਲ ਕੇ ਸੰਗਤ ਕੈਂਚੀਆਂ (ਬਠਿੰਡਾ) ਵਿਖੇ ਇੱਕ ਕਿਸਾਨ ਦਾ ਚੂਲਾ ਹਿਲਾਉਣ ਅਤੇ ਇੱਕ ਹੋਰ ਨੂੰ ਜ਼ਖ਼ਮੀ ਕਰਨ ਤੋਂ ਇਲਾਵਾ ਪਿੰਡ ਕਾਲਖ (ਲੁਧਿਆਣਾ) ਵਿਖੇ ਤਿੰਨ ਔਰਤਾਂ ਸਮੇਤ ਦਰਜਨ ਤੋਂ ਵੱਧ ਕਿਸਾਨਾਂ ਨੂੰ ਥਾਣੇ ਅੰਦਰ ਡੱਕਣ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਛਪਾਲ ਸਿੰਘ ਡੇਮਰੂ ਅਤੇ ਸਰਕਲ ਸਕੱਤਰ ਤੀਰਥ ਸਿੰਘ ਬੱਧਨੀ, ਸਰਕਲ ਪ੍ਰਧਾਨ ਸਵਰਨ ਸਿੰਘ, ਸਰਕਲ ਦੇ ਸਹਾਇਕ ਸਕੱਤਰ ਕਮਲੇਸ਼ ਕੁਮਾਰ, ਵੱਲੋਂ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਰਾਹੀਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਦੇਸ਼ ਦੇ ਕਾਨੂੰਨ ਅਨੁਸਾਰ ਕਿਸਾਨਾਂ ਦੀ ਸਹਿਮਤੀ ਨਾਲ ਜ਼ਮੀਨਾਂ ਦੇ ਪੂਰੇ ਰੇਟ ਦੇਣ ਤੋਂ ਬਗ਼ੈਰ ਹੀ ਜ਼ਮੀਨਾਂ ਹਥਿਆਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਤੇ ਪੁਲੀਸ ਜਬਰ ਕਰ ਰਹੀ ਪੰਜਾਬ ਦੀ ਮਾਨ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਜ਼ਖ਼ਮੀ ਕਿਸਾਨਾਂ ਦਾ ਪੂਰਾ ਇਲਾਜ ਮੁਫ਼ਤ ਕਰਵਾਇਆ ਜਾਵੇ ਅਤੇ ਥਾਣੇ ਅੰਦਰ ਡੱਕੇ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ। ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸੜਕਾਂ ਬਣਾਉਣ ਦੇ ਠੇਕੇਦਾਰ ਕਾਰਪੋਰੇਟ ਘਰਾਣਿਆਂ ਦਾ ਇੱਕਤਰਫਾ ਪੱਖ ਲੈਣ ਦੇ ਜੁਰਮ ਦੀ ਭਾਗੀਦਾਰ ਬਣ ਰਹੀ ਹੈ। ਅਤੇ ਪੰਜਾਬ ਅੰਦਰ ਰਾਜ ਕਰ ਚੁੱਕੀਆਂ ਪਹਿਲੀਆਂ ਸਰਕਾਰਾਂ ਦੇ ਵਾਂਗ ਹੀ ਮਾਨ ਸਰਕਾਰ ਤੁਰ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕ ਕਦੋਂ ਵੀ ਬਰਦਾਸ਼ਤ ਨਹੀਂ ਕਰਨਗੇ। ਪ੍ਰੈੱਸ ਨੂੰ ਇਹ ਜਾਣਕਾਰੀ ਸਰਕਲ ਦੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਰਾਵਤ ਨੇ ਦਿੱਤੀ।
ਟੈਕਨੀਕਲ ਸਰਵਿਸਜ ਯੂਨੀਅਨ ਵੱਲੋਂ ਕਿਸਾਨਾਂ ‘ਤੇ ਕੀਤੇ ਜਬਰ ਦੀ ਸਖ਼ਤ ਨਿਖੇਧੀ
9 Views