ਨਾਨਕੇ ਘਰ ਆਇਆ ਹੋਇਆ ਸੀ ਲਾਪਤਾ ਬੱਚਾ
ਸੁਖਜਿੰਦਰ ਮਾਨ
ਬਠਿੰਡਾ, 16 ਜੁਲਾਈ: ਸਥਾਨਕ ਸ਼ਹਿਰ ’ਚ ਗੁਜ਼ਰਦੀ ਬਠਿੰਡਾ ਨਹਿਰ ਵਿਚ ਅੱਜ ਤਿੰਨ ਬੱਚਿਆਂ ਦੇ ਰੁੜਣ ਦੀ ਸੂਚਨਾ ਹੈ, ਜਿੰਨ੍ਹਾਂ ਵਿਚੋਂ ਦੋ ਨੂੰ ਇੱਥੇ ਮੌਜੂਦ ਲੋਕਾਂ ਅਤੇ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਵਲੋਂ ਬਚਾ ਲਿਆ ਗਿਆ ਜਦੋਂਕਿ ਕਿ ਇੱਕ ਬੱਚਾ ਹਾਲੇ ਤੱਕ ਲਾਪਤਾ ਦਸਿਆ ਜਾ ਰਿਹਾ। ਲਾਪਤਾ ਬੱਚਾ ਅਪਣੇ ਨਾਨਕੇ ਘਰ ਬਠਿੰਡਾ ਮਿਲਣ ਆਇਆ ਹੋਇਆ ਸੀ ਜਿਸਦੀ ਪਹਿਚਾਣ ਅਵਤਾਰ ਸਿੰਘ (11) ਵਾਸੀ ਪਿੰਡ ਭਗਤੂਆਣਾ ਦੇ ਤੌਰ ’ਤੇ ਹੋਈ ਹੈ। ਥਾਣਾ ਥਰਮਲ ਦੀ ਮੁਖੀ ਨੇ ਦਸਿਆ ਕਿ ਘਟਨਾ ਤੋਂ ਬਾਅਦ ਦੋ ਬੱਚਿਆਂ ਨੂੰ ਬਚਾ ਲਿਆ ਗਿਆ ਸੀ ਤੇ ਹਸਪਤਾਲ ਦਾਖ਼ਲ ਕਰਵਾਇਆ ਗਿਾ ਸੀ ਜਿੱਥੇ ਉਨ੍ਹਾਂ ਦੀ ਹਾਲਾਤ ਠੀਕ ਹੈ। ਜਦੋਂਕਿ ਤੀਜ਼ੇ ਬੱਚੇ ਦੀ ਭਾਲ ਜਾਰੀ ਹੈ। ਦਸਣਾ ਬਣਦਾ ਹੈ ਕਿ ਬਾਰਸ਼ਾਂ ਕਾਰਨ ਨਹਿਰ ਵੀ ਪਾਣੀ ਦੀ ਪੂਰੀ ਭਰੀ ਹੋਈ ਹੈ। ਪ੍ਰਤੱਖ ਦਰਸ਼ੀਆਂ ਮੁਤਾਬਕ ਘਟਨਾ ਸਮੇਂ ਇਹ ਬੱਚੇ ਨਹਿਰ ਦੇ ਕੰਢੇ ’ਤੇ ਘੁੰਮ ਰਹੇ ਸਨ ਕਿ ਇਸ ਦੌਰਾਨ ਮੀਂਹ ਵੀ ਆ ਗਿਆ ਤੇ ਉਹ ਫ਼ਿਸਲਦੇ ਹੋਏ ਨਹਿਰ ਵਿਚ ਜਾ ਡਿੱਗੇ। ਘਟਨਾ ਦਾ ਪਤਾ ਚੱਲਦਿਆਂ ਹੀ ਇੱਥੇ ਗੁਜ਼ਰਨ ਵਾਲੇ ਰਾਹਗੀਰਾਂ ਨੇ ਰੌਲਾ ਪਾ ਦਿੱਤਾ, ਜਿਸਤੋਂ ਬਾਅਦ ਦੋ ਬੱਚਿਆਂ ਜਿੰਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ (15) ਤੇ ਮਨਪ੍ਰੀਤ ਸਿੰਘ (16) ਦੇ ਤੌਰ ‘ਤੇ ਹੋਈ ਹੈ, ਨੂੰ ਬਚਾ ਲਿਆ ਗਿਆ। ਸਹਾਰਾ ਜਨਸੇਵਾ ਸੰਸਥਾ ਦੇ ਵਰਕਰ, ਜੋਕਿ ਬੱਚੇ ਦੀ ਖੋਜ ਵਿਚ ਜੁਟੇ ਹੋਏ ਹਨ, ਨੇ ਦਸਿਆ ਕਿ ਉਹ ਲੋਕਾਂ ਦੇ ਸਹਿਯੋਗ ਨਾਲ ਬੱਚੇ ਦੀ ਭਾਲ ਕਰ ਰਹੇ ਹਨ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਕਿ ਘਟਨਾ ਦੇ ਕੁੱਝ ਘੰਟੇ ਬਾਅਦ ਵੀ ਪ੍ਰਸ਼ਾਸਨ ਵਲੋਂ ਕੋਈ ਨਹੀਂ ਪੁੱਜਿਆ।