ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ: ਅੱਜ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਬਠਿੰਡਾ ਅਤੇ ਇੰਪਲਾਈਜ਼ ਫੈਡਰੇਸ਼ਨ ਚਾਹਲ ਵੱਲੋਂ ਪੀ ਐਸ ਪੀ ਸੀ ਐੱਲ ਦੇ ਸੀ ਐਮ ਡੀ ਸ਼੍ਰ ਬਲਦੇਵ ਸਿੰਘ ਸਰਾਂ ਨਾਲ ਸਾਂਝੇ ਤੌਰ ’ਤੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀਆਂ 79 ਪੋਸਟਾਂ ਨੂੰ ਖਤਮ ਨਾਂ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਹਨਾਂ ਪੋਸਟਾਂ ਨੂੰ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਤਬਦੀਲ ਕੀਤਾ ਜਾਵੇ। ਸੀ ਐਮ ਡੀ ਸਾਹਿਬ ਵੱਲੋਂ ਬੜੇ ਧਿਆਨ ਨਾਲ ਮੰਗ ਨੂੰ ਸੁਣਿਆ ਗਿਆ। ਮੌਕੇ ਤੇ ਹੀ ਡਾਇਰੈਕਟਰ ਜਨਰੇਸ਼ਨ ਨੂੰ ਫੋਨ ਕਰਕੇ ਜਥੇਬੰਧੀ ਦੀ ਮੰਗ ਸਬੰਧੀ ਯੋਗ ਕਾਰਵਾਈ ਕਰਨ ਲਈ ਕਿਹਾ ਗਿਆ। ਜਿਸਤੋਂ ਬਾਅਦ ਜਥੇਬੰਧੀ ਵੱਲੋਂ ਤੁਰੰਤ ਡਾਇਰੈਕਟਰ ਜਨਰੇਸ਼ਨ ਨੂੰ ਮਿਲ ਕੇ ਸਾਰਾ ਮਸਲਾ ਸਾਂਝਾ ਕੀਤਾ ਗਿਆ। ਆਗੂਆਂ ਨੇ ਦਸਿਆ ਕਿ ਡਾਇਰੈਕਟਰ ਜਨਰੇਸ਼ਨ ਵੱਲੋਂ ਤੁਰੰਤ ਮੁੱਖ ਇੰਜੀਨੀਅਰ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ਫੋਨ ਕਰਕੇ ਅਜੰਡਾ ਬਣਾਉਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇੱਥੇ ਵਰਨਣ ਯੋਗ ਹੈ ਕਿ ਥਰਮਲ ਪਲਾਂਟ ਬਠਿੰਡਾ ਨੂੰ ਪਿੱਛਲੀ ਕਾਂਗਰਸ ਸਰਕਾਰ ਵੱਲੋਂ ਪੱਕੇ ਤੌਰ ਤੇ ਬੰਦ ਕਰਨ ਕਰਕੇ ਬਠਿੰਡਾ ਥਰਮਲ ਵਿੱਚੋਂ ਲੱਗਪੱਗ 2100 ਪੋਸਟਾਂ ਨੂੰ ਖਤਮ ਕਰ ਦਿੱਤਾ ਗਿਆ ਸੀ। ਹੁਣ ਫਿਰ ਬਾਕੀ ਬਚਦੀਆਂ 79 ਪੋਸਟਾਂ ਨੂੰ ਖਤਮ ਕਰਨ ਲਈ ਏਜੰਡਾ ਬਣ ਕੇ ਬੀਓਡੀ ਦੀ ਮੀਟਿੰਗ ਵਿੱਚ ਲਗਾਉਣ ਲਈ ਪ੍ਰਵਾਨਗੀ ਵਾਸਤੇ ਸੀ ਐਮ ਡੀ ਸਾਹਿਬ ਕੋਲ ਪੇਸ਼ ਕੀਤਾ ਗਿਆ ਹੈ। ਚੀਫ ਇੰਜੀਨੀਅਰ ਲਹਿਰਾ ਥਰਮਲ ਵੱਲੋਂ ਪੋਸਟਾਂ ਖਤਮ ਕਰਨ ਦੇ ਅਜੰਡੇ ਨੂੰ ਬੀਓਡੀ ਦੀ ਮੀਟਿੰਗ ਵਿੱਚ ਨਾਂ ਲਗਾਉਣ ਲਈ ਡਾਇਰੈਕਟਰ ਐਚ ਆਰ ਨੂੰ ਈਮੇਲ ਕਰਕੇ ਸੁਚਿਤ ਕਰ ਦਿੱਤਾ ਗਿਆ ਹੈ। ਹੁਣ ਇਹਨਾਂ ਪੋਸਟਾਂ ਨੂੰ ਲਹਿਰਾ ਥਰਮਲ ਵਿਖੇ ਤਬਦੀਲ ਕਰਨ ਲਈ ਨਵੇਂ ਸਿਰੇ ਤੋਂ ਏਜੰਡਾ ਤਿਆਰ ਕਰਕੇ ਅਗਲੇ ਹਫਤੇ ਬੀਓਡੀ ਵਿੱਚ ਲਗਾਉਣ ਲਈ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰੋਪੜ ਥਰਮਲ ਵਿੱਚੋਂ ਚਾਰ ਨੰਬਰ ਸੀਨੀਅਰ ਕਮਿਸਟਾਂ ਦੀਆਂ ਖਤਮ ਕੀਤੀਆਂ ਪੋਸਟਾਂ ਨੂੰ ਮੁੜ ਬਹਾਲ ਕਰਨ ਲਈ ਚੀਫ ਇੰਜਨੀਅਰ ਰੋਪੜ ਵੱਲੋਂ ਭੇਜੇ ਗਏ ਅਜੰਡੇ ਨੂੰ ਜਲਦੀ ਪਾਸ ਕਰਨ ਲਈ ਕਾਰਵਾਈ ਦੀ ਮੰਗ ਤੇ ਡਾਇਰੈਕਟਰ ਜਨਰੇਸ਼ਨ ਤੇ ਸੀ ਐਮ ਡੀ ਸਾਹਿਬ ਵੱਲੋਂ ਭਰੋਸਾ ਦਿੱਤਾ ਗਿਆ। ਇਸ ਮੀਟਿੰਗ ਵਿੱਚ ਗੁਰਸੇਵਕ ਸਿੰਘ ਸੰਧੂ ਪ੍ਰਧਾਨ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਬਠਿੰਡਾ, ਬਲਜੀਤ ਸਿੰਘ ਬੋਦੀਵਾਲਾ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਚਾਹਲ, ਰਾਜਿੰਦਰ ਸਿੰਘ ਨਿੰਮਾ ਜਨਰਲ ਸੈਕਟਰੀ ਇੰਪਲਾਈਜ਼ ਫੈਡਰੇਸ਼ਨ ਚਾਹਲ ਅਤੇ ਲਖਵੰਤ ਸਿੰਘ ਬਾਂਡੀ ਸੀਨੀਅਰ ਮੀਤ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਚਾਹਲ ਅਤੇ ਸੰਜੇ ਸ਼ਰਮਾਂ ਸਾਮਲ ਹੋਏ।
Share the post "ਬਠਿੰਡਾ ਦੇ ਬੰਦ ਹੋਏ ਥਰਮਲ ਪਲਾਂਟ ਦੀਆਂ 79 ਪੋਸਟਾਂ ਨਹੀਂ ਹੋਣਗੀਆਂ ਖ਼ਤਮ, ਜਥੈਬੰਦੀਆਂ ਨੇ ਕੀਤੀ ਚੇਅਰਮੈਨ ਨਾਲ ਮੀਟਿੰਗ"