ਕਾਂਗਰਸ ਇਮਾਨਦਾਰ ‘ਆਪ‘ ਸਰਕਾਰ ਦਾ ਸਾਹਮਣਾ ਕਰਨ ਤੋਂ ਭੱਜ ਰਹੀ ਜਦਕਿ ਅਸੀਂ ਉਨਾਂ ਨੂੰ ਵਿਧਾਨ ਸਭਾ ‘ਚ ਲੋਕਾਂ ਦੇ ਮੁੱਦੇ ਉਠਾਉਣ ਦਾ ਦੇ ਰਹੇ ਹਾਂ ਮੌਕਾ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
ਕਾਂਗਰਸ ਕੋਲ ‘ਆਪ‘ ਨੂੰ ਨਿਸਾਨਾ ਬਣਾਉਣ ਲਈ ਕੋਈ ਮੁੱਦਾ ਨਹੀਂ, ਵਿਧਾਨ ਸਭਾ ‘ਚ ਬਹਿਸ ਤੋਂ ਭੱਜ ਰਹੀ ਕਾਂਗਰਸ ਪਾਰਟੀ: ਚੀਮਾ
ਇਜਲਾਸ ਦਾ ਮਕਸਦ ਪਰਾਲੀ ਸਾੜਨ ਸਮੇਤ ਕਈ ਪੰਜਾਬ ਦੇ ਮੁੱਦਿਆਂ ‘ਤੇ ਚਰਚਾ ਕਰਨਾ ਸੀ ਪਰ ਕਾਂਗਰਸ ਦੇ ਰਵੱਈਆ ਨਿੰਦਣਯੋਗ: ਚੀਮਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 27 ਸਤੰਬਰ: ਪੰਜਾਬ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਚਰਚਾ ਕਰਨ ਲਈ ਬੁਲਾਏ ਗਏ ਵਿਸੇਸ ਪੰਜਾਬ ਵਿਧਾਨ ਸਭਾ ਸੈਸਨ ‘ਚ ਹੰਗਾਮਾ ਕਰਨ ਲਈ ਕਾਂਗਰਸ ਪਾਰਟੀ ‘ਤੇ ਹਮਲਾ ਬੋਲਦਿਆਂ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਕਾਂਗਰਸ ਸਪੱਸਟ ਤੌਰ ‘ਤੇ ‘ਭਾਜਪਾ ਦੀ ਬੀ-ਟੀਮ‘ ਵਜੋਂ ਕੰਮ ਕਰ ਰਹੀ ਹੈ ਅਤੇ ਲੋਕਤੰਤਰ ਦੀ ਹੱਤਿਆ ‘ਚ ਕੋਈ ਕਸਰ ਨਹੀਂ ਛੱਡ ਰਹੀ। ਮੰਗਲਵਾਰ ਨੂੰ ਕੈਬਨਿਟ ਮੰਤਰੀਆਂ ਇੰਦਰਬੀਰ ਸਿੰਘ ਨਿੱਝਰ ਅਤੇ ਹਰਭਜਨ ਸਿੰਘ ਈ.ਟੀ.ਓ. ਨਾਲ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਕੋਲ ‘ਆਪ‘ ਸਰਕਾਰ ਵਿਰੁੱਧ ਕੋਈ ਮੁੱਦਾ ਹੈ ਅਤੇ ਇਸੇ ਕਰਕੇ ਉਨਾਂ ਨੇ ਅੱਜ ਵਿਧਾਨ ਸਭਾ ਸੈਸਨ ਦੀ ਕਾਰਵਾਈ ‘ਚ ਵੀ ਹੰਗਾਮਾ ਕਰਕੇ ਵਿਘਨ ਪਾਇਆ। ਜਦੋਂ ਕਿ ਮਾਨ ਸਰਕਾਰ ਨੇ ਉਨਾਂ ਨੂੰ ਪੰਜਾਬ ਦੇ ਵਿਕਾਸ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਖੁੱਲਾ ਸਮਾਂ ਦਿੱਤਾ ਸੀ।
ਉਨਾਂ ਕਿਹਾ ਕਿ ‘ਆਪਰੇਸਨ ਲੋਟਸ’ ਨੂੰ ਪੰਜਾਬ ਵਿੱਚ ਲਾਗੂ ਕਰਨ ਦੇ ਭਾਜਪਾ ਦੇ ਏਜੰਡੇ ਨੂੰ ‘ਆਪ’ ਨੇ ਫੇਲ ਕਰ ਦਿੱਤਾ ਹੈ। ਪਰ ਹੁਣ ਕਾਂਗਰਸ ਸੂਬੇ ਵਿੱਚ ਸਰਕਾਰ ਨੂੰ ਡੇਗਣ ਲਈ ਭਾਜਪਾ ਨਾਲ ਮਿਲ ਕੇ ਕੰਮ ਕਰ ਰਹੀ ਹੈ, ਜੋ ਕਿ ਮੰਦਭਾਗਾ ਅਤੇ ਨਿੰਦਣਯੋਗ ਹੈ।ਉਨਾਂ ਕਿਹਾ ਕਿ ਅੱਜ ਵਿਧਾਨ ਸਭਾ ਦੀ ਬਿਜਨਸ ਐਡਵਾਈਜਰੀ ਕਮੇਟੀ (ਬੀਏਸੀ) ਦੀ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਸੋਮਵਾਰ ਨੂੰ ਜੀਰੋ ਆਵਰ ਹੋਵੇਗਾ ਜਿਸ ‘ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਪਣੀ ਸਹਿਮਤੀ ਦਿੱਤੀ ਸੀ। ਪਰ ਬਾਅਦ ਵਿੱਚ ਇਸ ਮੁੱਦੇ ਨੂੰ ਲੈ ਕੇ ਉਨਾਂ ਨੇ ਸੈਸਨ ਵਿੱਚ ਵਿਰੋਧ ਕੀਤਾ।ਪਿਛਲੇ ਸਮੇਂ ਵਿੱਚ ਕਈ ਆਗੂ ਵਿਧਾਨ ਸਭਾ ਵਿੱਚ ਇਹ ਮੰਗ ਉਠਾਉਂਦੇ ਰਹੇ ਹਨ ਕਿ ਸੈਸਨ ਦਾ ਸਮਾਂ ਵਧਾਇਆ ਜਾਵੇ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੈਸਨ ਬੁਲਾ ਰਹੀ ਹੈ ਤਾਂ ਕਾਂਗਰਸ ਪਾਰਟੀ ਚਰਚਾ ਤੋਂ ਭੱਜ ਕਿਉਂ ਰਹੀ ਹੈ।
ਚੀਮਾ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਭਾਜਪਾ ਦੇ ਸਿਰਫ ਦੋ ਵਿਧਾਇਕ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਾਂਗਰਸ ਨੇ ਵੀ ਇਸ ਵਿਸੇਸ ਸੈਸਨ ਦਾ ਵਿਰੋਧ ਕੀਤਾ। ਭਾਵੇਂ ਕਿ ਕਾਂਗਰਸ ਪਾਰਟੀ ਆਪ ਵੀ ਗੋਆ ਸਮੇਤ ਕਈ ਰਾਜਾਂ ਵਿੱਚ ਅਪਰੇਸਨ ਲੋਟਸ ਦਾ ਸਿਕਾਰ ਹੋਈ ਚੁੱਕੀ ਹੈ। ਇਸ ਨਾਲ ਕਾਂਗਰਸ ਦੇ ਨਾਪਾਕ ਏਜੰਡੇ ਦਾ ਪਰਦਾਫਾਸ ਹੋ ਗਿਆ ਹੈ ਕਿ ਉਹ ਵੀ ਭਾਜਪਾ ਨਾਲ ਮਿਲ ਕੇ ‘ਆਪ‘ ਸਰਕਾਰ ਨੂੰ ਡੇਗਣ ‘ਤੇ ਤੁਲੀ ਹੋਈ ਹੈ ਅਤੇ ਪੰਜਾਬ ਵਿਧਾਨ ਸਭਾ ਵਿੱਚ ਬਹਿਸ ਤੋਂ ਭੱਜ ਰਹੀ ਹੈ।
ਇਸ ਤੋਂ ਪਹਿਲਾਂ ਭਾਜਪਾ ਨੇ ਰਾਜਪਾਲ ਦਫਤਰ ਰਾਹੀਂ ਪੰਜਾਬ ਵਿੱਚ ‘ਆਪ‘ ਸਰਕਾਰ ਨੂੰ ਰੋਕਣ ਦੀ ਕੋਸਿਸ ਕੀਤੀ ਅਤੇ ਜਦੋਂ ਇਹ ਅਸਫਲ ਹੋ ਗਈ, ਤਾਂ ਭਾਜਪਾ ਦੀ ਤਰਫੋਂ ਕਾਂਗਰਸ ਨੇ ਇਹ ਜਿੰਮੇਵਾਰੀ ਲੈ ਲਈ ਅਤੇ ਸਰਕਾਰ ਨੂੰ ਕੰਮ ਕਰਨ ਤੋਂ ਰੋਕ ਰਹੇ ਹਨ। ਚੀਮਾ ਨੇ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ ਦੋਵਾਂ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ‘ ਪਾਰਟੀ ਦੀ ਵਧ ਰਹੀ ਲੋਕਪਿ੍ਰਅਤਾ ਤੋਂ ਭਾਜਪਾ ਡਰ ਗਈ ਹੈ। ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਸੰਸਦ ‘ਚ ਲੋਕਤੰਤਰ ਦੀ ਰਾਖੀ ਕਰਨ ‘ਚ ਨਾਕਾਮ ਰਹੀ ਹੈ ਅਤੇ ਹੁਣ ਪੰਜਾਬ ‘ਚ ਵੀ ਅਜਿਹਾ ਹੀ ਕਰ ਰਹੀ ਹੈ। ਕਾਂਗਰਸੀ ਵਿਧਾਇਕ ਭਾਜਪਾ ਵਿਚ ਸਾਮਲ ਹੋਣ ਲਈ ਬੇਤਾਬ ਹਨ, ਜਦਕਿ ‘ਆਪ‘ ਲੋਕਤੰਤਰ ਨੂੰ ਬਚਾਉਣ ਲਈ ਲੜ ਰਹੀ ਹੈ।ਉਹਨਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਸਿਪਾਹੀ ਦੋਗਲੇ ਏਜੰਟਾਂ ਨੂੰ ਉਹਨਾਂ ਦੀ ਘਟੀਆ ਸਿਆਸਤ ਨੂੰ ਕਦੀ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਉਹ ਆਪਣੇ ਆਖਰੀ ਸਾਹ ਤੱਕ ਡਾ. ਬੀ. ਆਰ. ਅੰਬੇਡਕਰ ਦੇ ਸੰਵਿਧਾਨ ਦੀ ਰਾਖੀ ਕਰਨਗੇ।
ਕਾਂਗਰਸ ਭਾਜਪਾ ਦੀ ਬੀ-ਟੀਮ ਵਜੋਂ ਕਰ ਰਹੀ ਕੰਮ:ਹਰਪਾਲ ਸਿੰਘ ਚੀਮਾ
9 Views