ਨਾਟਿਅਮ ਟੀਮ ਵੱਲੋਂ ਵਿਲੱਖਣ ਨਾਟਕ ‘ਮਾਇਨਸ 00000‘ ਦੀ ਪੇਸ਼ਕਾਰੀ
ਸੁਖਜਿੰਦਰ ਮਾਨ
ਬਠਿੰਡਾ, 12 ਅਕਤੂਬਰ- ਸਥਾਨਕ ਐੱਮ.ਆਰ.ਐੱਸ.ਪੀ.ਟੀ.ਯੂ. ਕੈਂਪਸ ਵਿਖੇ ਚੱਲ ਰਹੇ ਨਾਟਿਅਮ ਪੰਜਾਬ ਦੇ 15 ਰੋਜਾ 11ਵੇਂ ਕੌਮੀ ਨਾਟਕ ਮੇਲੇ ਦੀ 11ਵੀਂ ਸ਼ਾਮ ਮੌਕੇ ਦਰਸ਼ਕਾਂ ਨੂੰ ਭਰਪੂਰ ਹਾਸੇ-ਠੱਠੇ ਵਾਲੇ ਵਿਲੱਖਣ ਨਾਟਕ ‘ਮਾਇਨਸ 00000‘ ਦਾ ਆਨੰਦ ਲੈਣ ਨੂੰ ਮਿਲਿਆ, ਜੋ ਕਿ ਨਾਟਿਅਮ ਦੀ ਆਪਣੀ ਟੀਮ ਵੱਲੋਂ ਡਾਇਰੈਕਟਰ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਵਿਚ ਪੇਸ਼ ਕੀਤਾ ਗਿਆ। ਜਸਪ੍ਰੀਤ ਜੱਸੀ ਦੇ ਲਿਖੇ ਇਸ ਨਾਟਕ ਰਾਹੀਂ ਦਿਲਾਂ ਦੇ ਮਾਹਿਰ ਡਾਕਟਰ ਵੱਲੋਂ ਵੱਖ-ਵੱਖ ਮਰੀਜ਼ਾਂ ਦਾ ਦਿਲ ਬਦਲਦੇ ਹੋਏ ਜਿੱਥੇ ਦਰਸ਼ਕਾਂ ਨੂੰ ਭਰ-ਭਰ ਹਾਸਿਆਂ ਦੀ ਡੋਜ਼ ਦਿੱਤੀ ਗਈ, ਉੱਥੇ ਹੀ ਕਾਮ, ਕ੍ਰੋਧ, ਮੋਹ, ਮਾਇਆ, ਹੰਕਾਰ ਵਰਗੇ ਵਿਕਾਰਾਂ ਤੋਂ ਮੁੱਕਤੀ ਪਾਉਣ ਤੋਂ ਇਲਾਵਾ ਹੋਰ ਵੀ ਕਈ ਸਮਾਜਿਕ ਮੁੱਦਿਆਂ ‘ਤੇ ਚਾਨਣ ਪਾਇਆ ਗਿਆ। ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਾਂਝੇ ਸਹਿਯੋਗ ਨਾਲ ਚੱਲ ਰਹੇ ਇਸ ਨਾਟਕ ਮੇਲੇ ਦੀ ਇਸ ਸ਼ਾਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਪਟਿਆਲਾ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਵੀਰਪਾਲ ਕੌਰ ਜੁਆਇੰਟ ਡਾਈਰੈਕਟਰ ਤੇ ਸਤਨਾਮ ਸਿੰਘ ਅਸਿਸਟੈਂਟ ਡਾਇਰੈਕਟਰ ਨੇ ਆਪਣੇ ਕਰ ਕਮਲਾਂ ਨਾਲ ਕੀਤੀ, ਜਦਕਿ ਬਠਿੰਡਾ ਦੇ ਏਡੀਸੀ ਰਾਹੁਲ, ਏਡੀਸੀ ਬਰਨਾਲਾ ਪਰਮਵੀਰ ਸਿੰਘ, ਐਸਡੀਐਮ ਬਠਿੰਡਾ ਮੈਡਮ ਇਨਾਇਤ ਨੇ ਆਪਣੀ ਹਾਜ਼ਰੀ ‘ਤੇ ਬੋਲਾਂ ਨਾਲ ਸਮਾਗਮ ਨੂੰ ਸ਼ਿਖਰ ਤੱਕ ਪਹੁੰਚਾਇਆ।
Share the post "ਨਾਟਕ ਮੇਲੇ ਦੀ 11ਵੀਂ ਸ਼ਾਮ ਮੌਕੇ ਦਿਲਾਂ ਦੇ ਡਾਕਟਰ ਨੇ ਦਰਸ਼ਕਾਂ ਨੂੰ ਭਰ-ਭਰ ਦਿੱਤੀ ਹਾਸਿਆਂ ਦੀ ਡੋਜ਼"