ਪੁਲਿਸ ਵੱਲੋਂ ਇੱਕ ਮਹਿਲਾ ਸਮੇਤ ਪਿੰਡ ਦੇ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਅਕਤੂਬਰ: ਬਠਿੰਡਾ ਜ਼ਿਲ੍ਹੇ ਦੇ ਹਰਿਆਣਾ ਦੀ ਹੱਦ ਨਜਦੀਕਲੇ ਪਿੰਡ ਮਲਕਾਣਾ ਵਿਖੇ ਅੱਜ ਚਿੱਟੇ ਨਾਲ 18 ਸਾਲਾਂ ਨੌਜਵਾਨ ਮਹਿਕਵੀਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਮਿ੍ਰਤਕ ਨੌਜਵਾਨ ਦੀ ਲਾਸ਼ ਪਿੰਡ ਦੇ ਛੱਪੜ ਵਿਚੋਂ ਬਰਾਮਦ ਹੋਈ ਹੈ। ਮਿ੍ਰਤਕ 3 ਭਾਈ ਅਤੇ ਦੋ ਭੈਣਾਂ ਵਿੱਚ ਸੱਭ ਤੋਂ ਵੱਡਾ ਸੀ। ਗਰੀਬ ਪ੍ਰਵਾਰ ਦੇ ਪੁੱਤਰ ਦੇ ਇਸ ਤਰ੍ਹਾਂ ਮੌਤ ਦੇ ਮੂੰਹ ਵਿਚ ਜਾਣ ਨਾਲ ਨਾਲ ਪਿੰਡ ਵਿਚ ਸੋਗ ਅਤੇ ਗੁੱਸੇ ਦੀ ਲਹਿਰ ਹੈ। ਜਿਸਦੇ ਚੱਲਦੇ ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਨੌਜਵਾਨ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਤੇ ਰਾਮਾ ਪੁਲਿਸ ਨੇ ਵੀ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਪਿੰਡ ਦੇ ਹੀ ਤਿੰਨ ਵਿਅਕਤੀਆਂ ਵਿਰੁਧ ਮੁਕੱਦਮਾ ਨੰਬਰ 148 ਅਧੀਨ ਧਾਰਾ 304/34 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕਰ ਲਿਆ ਹੈ। ਮਿ੍ਰਤਕ ਨੌਜਵਾਨ ਦੇ ਚਾਚੇ ਜਸਵਿੰਦਰ ਸਿੰਘ ਨੇ ਪੁਲਿਸ ਕੋਲ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਭਤੀਜ਼ੇ ਮਹਿਕੀ ਦੀ ਮੌਤ ਪਿੰਡ ਦੇ ਹੀ ਪ੍ਰਗਟ ਸਿੰਘ, ਉਸਦੇ ਨਾਲ ਰਹਿ ਰਹੀ ਮਹਿਲਾ ਰੀਤੂ ਕੌਰ ਅਤੇ ਚੰਨੀ ਸਿੰਘ ਵਲੋਂ ਨਸ਼ੇ ਦੀ ਓਵਰਡੋਜ ਦੇਣ ਕਾਰਨ ਹੋਈ ਹੈ। ਪਿੰਡ ਦੇ ਇੱਕ ਮੋਹਤਬਰ ਵਿਅਕਤੀ ਬਲਵੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਵਿੱਚ ਮਜ਼ਬੀ ਸਿੱਖਾਂ ਦੀ ਬਸਤੀ ਚਿੱਟੇ ਦਾ ਗੜ੍ਹ ਬਣੀ ਹੋਈ ਹੈ ਜਿੱਥੇ ਪਿੰਡ ਤੋਂ ਵਗੈਰ ਦੂਸਰੇ ਪਿੰਡਾਂ ਦੇ ਤਸਕਰ ਵੀ ਸ਼ਰੇਆਮ ਆ ਕੇ ਨਸ਼ਾ ਸਪਲਾਈ ਕਰਦੇ ਹਨ। ਇਸ ਤੋਂ ਪਹਿਲਾਂ ਵੀ ਇੱਕ ਇੱਕ ਕਰਕੇ ਤਿੰਨ ਪਰਿਵਾਰਾਂ ਦੇ ਇਕਲੌਤੇ ਪੁੱਤਰ ਨਸ਼ੇ ਦੀ ਭੇਂਟ ਚੜ੍ਹ ਚੁੱਕੇ ਹਨ। ਉਨ੍ਹਾਂ ਕਿਹਾ ਕਿ ਤਸਕਰ ਤਸਕਰੀ ਦੇ ਨਾਲ ਅਪਰਾਧ ਵੀ ਕਰ ਰਹੇ ਹਨ ਜਿਸ ਕਾਰਨ ਡਰਦੇ ਲੋਕ ਇਹਨਾਂ ਵਿਰੁੱਧ ਮੂੰਹ ਖੋਲਣ ਤੋਂ ਡਰਦੇ ਹਨ ਕਿਉਂਕਿ ਸਰਕਾਰ ਵੀ ਤਸਕਰਾਂ ਦੇ ਨਾਮ ਦੱਸਣ ਵਾਲਿਆਂ ਦੀ ਕੋਈ ਸੁਰੱਖਿਆ ਨਹੀਂ ਕਰਦੀ। ਪੁਲਿਸ ਨੇ ਜਸਵਿੰਦਰ ਸਿੰਘ ਦੇ ਬਿਆਨਾਂ ਤੇ ਉਕਤ ਤਿੰਨੇ ਵਿਅਕਤੀਆਂ ਵਿਰੁੱਧ ਅਧੀਨ ਧਾਰਾ 304/34 ਆਈਪੀਸੀ ਐਕਟ ਰਾਮਾਂ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ।
ਪਿੰਡ ਮਲਕਾਣਾ ਵਿਚ ਚਿੱਟੇ ਨਾਲ 18 ਸਾਲ ਦੇ ਨੌਜਵਾਨ ਦੀ ਮੌਤ
12 Views