ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਅਕਤੂੁਬਰ: ਸਾਧਵੀਆਂ ਨਾਲ ਬਲਾਤਕਾਰ ਤੇ ਕਤਲ ਕੇਸ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਪੈਰੋਲ ਤੋਂ ਬਾਹਰ ਆਉਣ ਤੋਂ ਬਾਅਦ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। 40 ਦਿਨਾਂ ਦੀ ਪੈਰੋਲ ’ਤੇ ਆਏ ਡੇਰਾ ਮੁਖੀ ਯੂ.ਪੀ ਦੇ ਬਾਗਵਤ ਡੇਰੇ ਵਿਚ ਠਹਿਰੇ ਹੋਏ ਹਨ, ਉਨ੍ਹਾਂ ਵਲੋਂ ਲਗਾਤਾਰ ਆਨ-ਲਾਈਨ ਸੰਤਸੰਗਾਂ ਲਗਾ ਕੇ ਜਿੱਥੇ ਅਪਣੇ ਪੈਰੋਕਾਰਾਂ ਨੂੰ ਇਕਜੁਟ ਕੀਤਾ ਜਾ ਰਿਹਾ ਹੈ, ਉਥੇ ਅਪਣੀ ਗੱਦੀ ਨੂੰ ਕਾਇਮ ਰੱਖਣ ਲਈ ਵੀ ਦਾਅਵੇ ਕੀਤੇ ਜਾ ਰਹੇ ਹਨ। ਇੰਨ੍ਹਾਂ ਸੰਤਸੰਗ ਦੌਰਾਨ ਕਈ ਵੱਡੇ ਲੀਡਰ ਵੀ ਡੇਰਾ ਮੁਖੀ ਦੀ ਸੰਗਤ ਦੀ ਹਾਜ਼ਰੀ ਭਰ ਰਹੇ ਹਨ। ਇਸਤੋਂ ਇਲਾਵਾ ਅਪਣਾ ਇੱਕ ਨਵਾਂ ਗਾਣਾ ਵੀ ਯੂ ਟਿਊਬ ’ਤੇ ਪਾਇਆ ਹੈ। ਇਸ ਦੌਰਾਨ ਡੇਰਾ ਮੁਖੀ ਦੀ ਪੈਰੋਲ ਰੱਦ ਕਰਵਾਉਣ ਨੂੰ ਲੈ ਕੇ ਮਸ਼ਹੂਰ ਐਡਵੋਕੇਟ ਅਰੋੜਾ ਨੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਹੈ ਕਿ ਹਰਿਆਣਾ ਸਰਕਾਰ ਨੇ 2020 ਦੇ ਨਿਯਮਾਂ ਦੇ ਉਲਟ ਜਾ ਕੇ ਉਕਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਹੈ। ਵਕੀਲ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਪੈਰੋਲ ਕਾਰਨ ਪੰਜਾਬ ਅਤੇ ਹਰਿਆਣਾ ਸਹਿਤ ਹੋਰਨਾਂ ਸੂਬਿਆਂ ਵਿਚ ਸਾਂਤੀ ਭੰਗ ਹੋਣ ਦਾ ਖਤਰਾ ਹੈ। ਕਿਉਂਕਿ ਪੈਰੋਲ ਤੋਂ ਬਾਅਦ ਲਗਾਤਾਰ ਦੋ ਫ਼ਿਰਕਿਆਂ ਵਿਚ ਤਣਾਅ ਵਧ ਰਿਹਾ ਹੈ। ਇੱਥੇ ਦਸਣ ਬਣਦਾ ਹੈ ਕਿ ਦੋ ਦਿਨ ਪਹਿਲਾਂ ਐਡਵੋਕੇਟ ਅਰੋੜਾ ਨੇ ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਨੂੰ ਨੋਟਿਸ ਭੇਜ ਕੇ ਸਾਧ ਦੀ ਪੈਰੋਲ ਤੁਰੰਤ ਰੱਦ ਕਰਨ ਲਈ ਕਿਹਾ ਸੀ।
Share the post "ਡੇਰਾ ਸਿਰਸਾ ਮੁਖੀ ਦੀਆਂ ਮੁਸ਼ਕਿਲਾਂ ਵਧੀਆਂ, ਪ੍ਰਸਿੱਧ ਵਕੀਲ ਨੇ ਪੈਰੋਲ ਰੱਦ ਕਰਵਾਉਣ ਲਈ ਪਾਈ ਪਿਟੀਸ਼ਨ"