ਸਾਬਕਾ ਵਿਧਾਇਕ ਬਲਵੀਰ ਸਿੰਘ ਘੁੰਨਸ ਨੇ ਬੀਬੀ ਜੰਗੀਰ ਕੌਰ ਦੀ ਡਟਵੀਂ ਹਿਮਾਇਤ ਦਾ ਕੀਤਾ ਐਲਾਨ
ਸੁਖਦੇਵ ਸਿੰਘ ਢੀਂਢਸਾ ਨੇ ਸ਼੍ਰੀ ਅੰਮਿ੍ਰਤਸਰ ਸਾਹਿਬ ਵਿਖੇ ਲਗਾਏ ਡੇਰੇ
ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਬੀਬੀ ਦੀ ਕੀਤੀ ਹਿਮਾਇਤ
ਸੁਖਜਿੰਦਰ ਮਾਨ
ਬਠਿੰਡਾ, 8 ਨਵੰਬਰ : ਭਲਕੇ 9 ਨਵੰਬਰ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸਮਝੀ ਜਾਂਦੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਸਾਹਿਬ ਦੇ ਪ੍ਰਧਾਨ ਅਤੇ ਹੋਰਨਾਂ ਅਹੁੱਦੇਦਾਰਾਂ ਦੀ ਹੋਣ ਜਾ ਰਹੀ ਸਲਾਨਾ ਚੋਣ ਤੋਂ ਇੱਕ ਦਿਨ ਪਹਿਲਾਂ ਬਾਦਲਾਂ ਵਿਰੁਧ ਵੱਡੀ ਬਗਾਵਤ ਹੋ ਗਈ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਦਾਅਵੇਦਾਰ ਰਹੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਤੇ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਅੱਜ ਖੁੱਲੇ ਤੌਰ ’ਤੇ ਬੀਬੀ ਜੰਗੀਰ ਕੌਰ ਦੀ ਹਿਮਾਇਤ ’ਤੇ ਨਿੱਤਰ ਆਏ ਹਨ। ਉਨ੍ਹਾਂ ਦੁਆਰਾ ਬਰਨਾਲਾ ਵਿਖੇ ਅਪਣੀ ਰਿਹਾਇਸ਼ ’ਤੇ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਹਿਲਾਂ ਹੀ ਬਾਦਲ ਵਿਰੁਧ ਚੱਲ ਰਹੇ ਇੱਕ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੁੰਘਾ ਵੀ ਮੌਜੂਦ ਰਹੇ। ਅਪਣੀ ਪ੍ਰੈਸ ਕਾਨਫਰੰਸ ਦੌਰਾਨ ਹਾਲਾਂਕਿ ਸੰਤ ਘੁੰਨਸ ਨੇ ਖੁੱਲ ਕੇ ਸੁਖਬੀਰ ਸਿੰਘ ਬਾਦਲ ਵਿਰੁਧ ਨਿਸ਼ਾਨੇ ਲਗਾਏ ਪ੍ਰੰਤੂ ਉਨ੍ਹਾਂ ਪੱਕਾ ਅਕਾਲੀ ਰਹਿਣ ਦਾ ਐਲਾਨ ਕਰਦਿਆਂ ਕਿਹਾ ਕਿ ‘‘ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਪ੍ਰਵਾਰ ਦੀ ਜੰਗੀਰ ਨਹੀਂ ਤੇ ਇਹ ਸਿੱਖਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਸੰਸਥਾ ਹੈ। ’’ ਸੰਤ ਘੁੰਨਸ ਨੇ ਬਰਗਾੜੀ ਬੇਅਦਬੀ ਤੇ ਗੋਲੀ ਕਾਂਡ ਲਈ ਬਾਦਲ ਪ੍ਰਵਾਰ ਨੂੰ ਵੀ ਜਿੰਮੇਵਾਰ ਮੰਨਦਿਆਂ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੇ ਨਾਲ ਰਹਿਣ ਕਰਨ ਦੇ ਚੱਲਦੇ ਉਹ ਵੀ ਸਿੱਖ ਪੰਥ ਤੋਂ ਮੁਆਫ਼ੀ ਮੰਗਦੇ ਹਨ ਤੇ ਜਲਦੀ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਪੇਸ਼ ਹੋ ਕੇ ਭੁੱਲ ਬਖ਼ਸਾਉਣਗੇ। ਇਸਤੋਂ ਇਲਾਵਾ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਕਰਨ ਲਈ ਭੱਜ ਨੱਠ ਕਰ ਰਹੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਢਸਾ ਵੀ ਅੱਜ ਚੋਣਾਂ ਤੋਂ ਪਹਿਲਾਂ ਸ਼੍ਰੀ ਅੰਮਿ੍ਰਤਸਰ ਸਾਹਿਬ ਵਿਖੇ ਬੀਬੀ ਜੰਗੀਰ ਕੌਰ ਦੀ ਹਿਮਾਇਤ ਵਿਚ ਡਟ ਗਏ ਹਨ। ਉਨ੍ਹਾਂ ਵੀ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪਣੀ ਜਮੀਰ ਦੀ ਅਵਾਜ਼ ਸੁਣਕੇ ਬੀਬੀ ਜੰਗੀਰ ਕੌਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਸ: ਢੀਂਢਸਾ ਨੇ ਬੇਅਦਬੀ ਤੇ ਹੋਰਨਾਂ ਮਾਮਲਿਆਂ ਲਈ ਬਾਦਲਾਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਦਾਅਵਾ ਕੀਤਾ ਕਿ ‘‘ ਇਹ ਸਹੀ ਸਮਾਂ ਹੈ ਜਦ ਸੁਖਬੀਰ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਬੀਬੀ ਜੀ ਨੂੰ ਵੋਟ ਪਾ ਕੇ ਦਿੱਤਾ ਜਾ ਸਕਦਾ ਹੈ। ’’ ਦੁੂਜੇ ਪਾਸੇ ਪੰਜਾਬ ਤੋਂ ਇਲਾਵਾ ਹਰਿਆਣਾ ਵਿਚ ਵੀ ਭਾਜਪਾ ਵਲੋਂ ਕਥਿਤ ਤੌਰ ’ਤੇ ਬਾਦਲ ਪ੍ਰਵਾਰ ਦੀ ਪਿੱਠ ਲਗਾਉਣ ਲਈ ਦਿਖਾਈ ਜਾ ਰਹੀ ਸਰਗਰਮੀ ਸਾਹਮਣੇ ਆਈ ਹੈ। ਪਤਾ ਲੱਗਿਆ ਹੈ ਕਿ ਬੀਤੇ ਕੱਲ ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ ਸਿੰਘ ਝੀਂਡਾ ਨਾਲ ਬੰਦ ਕਮਰਾ ਮੀਟਿੰਗ ਕਰਨ ਦੀ ਸੂਚਨਾ ਹੈ। ਪਤਾ ਲੱਗਿਆ ਹੈ ਕਿ ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਵਲੋਂ 9 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਹੋ ਰਹੀ ਚੋਣ ਸਬੰਧੀ ਚਰਚਾ ਕੀਤੀ ਹੈ। ਜਿਕਰ ਕਰਨਾ ਬਣਦਾ ਹੈ ਕਿ ਹਰਿਆਣਾ ਨਾਲ ਸਬੰਧਤ ਇੱਕ ਦਰਜ਼ਨ ਦੇ ਕਰੀਬ ਮੈਂਬਰ ਹਨ, ਜਿੰਨ੍ਹਾਂ ਵਲੋਂ ਭਲਕੇ ਅਪਣੀ ਵੋਟ ਦਾ ਇਸਤੇਮਾਲ ਕੀਤਾ ਜਾਣਾ ਹੈ। ਹਰਿਆਣਾ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਪਹਿਲਾਂ ਹੀ ਖੁੱਲੇ ਤੌਰ ’ਤੇ ਬੀਬੀ ਜੰਗੀਰ ਕੌਰ ਦੀ ਹਿਮਾਇਤ ’ਤੇ ਡਟੇ ਹੋਏ ਹਨ। ਇਸੇ ਤਰ੍ਹਾਂ ਦਿੱਲੀ ਕਮੇਟੀ ਦਾ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਅਹੁੱਦੇਦਾਰ ਵੀ ਬਾਦਲਾਂ ਵਿਰੁਧ ਭੁਗਤ ਰਹੇ ਹਨ। ਜਿਸਦੇ ਚੱਲਦੇ ਸੰਭਾਵਨਾ ਜਤਾਈ ਜਾ ਰਹੀ ਹੈ ਭਲਕੇ ਬੀਬੀ ਜੰਗੀਰ ਕੌਰ ਤੇ ਹਰਜਿੰਦਰ ਸਿੰਘ ਧਾਮੀ ਵਿਚਕਾਰ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
ਬਾਕਸ
ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੌਜੂਦਾ ਸਥਿਤੀ
ਚੰਡੀਗੜ੍ਹ: ਦਸਣਾ ਬਣਦਾ ਹੈ ਕਿ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਦੇ 170 ਮੈਂਬਰ ਚੁਣੇ ਜਾਂਦੇ ਹਨ, ਜਦੋਂਕਿ 15 ਮੈਂਬਰਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਕਰੀਬ 26 ਮੈਂਬਰਾਂ ਵਲੋਂ ਅਸਤੀਫ਼ੇ ਦਿੱਤੇ ਹੋਏ ਹਨ ਤੇ ਕੁੱਝ ਦਾ ਦਿਹਾਂਤ ਹੋ ਚੁੱਕਿਆ ਹੈ। ਇਸਤੋਂ ਇਲਾਵਾ ਕੁੱਝ ਵਿਦੇਸ਼ ਵਿਚ ਵੀ ਬੈਠੇ ਹੋਏ ਹਨ। ਜਿਸਦੇ ਚੱਲਦੇ 145 ਦੇ ਕਰੀਬ ਮੈਂਬਰਾਂ ਵਲੋਂ ਅਪਣੀ ਵੋਟ ਦਾ ਇਸਤੇਮਾਲ ਕਰਨ ਦੀ ਸੰਭਾਵਨਾ ਹੈ।
Share the post "ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਤੋਂ ਇੱਕ ਦਿਨ ਪਹਿਲਾਂ ਬਾਦਲਾਂ ਵਿਰੁਧ ਵੱਡੀ ਬਗਾਵਤ"