ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਅੱਜ ਕਿਸਾਨ ਜਥੇਬੰਦੀਆਂ ਨੇ ਤੈਅਸੁਦਾ ਪ੍ਰੋਗਰਾਮ ਤਹਿਤ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੇ ਦਫ਼ਤਰ ਦਾ ਘਿਰਾਓ ਕਰਦਿਆਂ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਉਹ ਕਿਸਾਨ ਮੋਰਚੇ ਵੱਲੋ ਉਲੀਕੇ ਪ੍ਰੋਗਰਾਮ ਤਹਿਤ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਲਈ ਚੇਤਾਵਨੀ ਪੱਤਰ ਦੇਣ ਗਏ ਸਨ ਪ੍ਰੰਤੂ ਉਥੇ ਕਿਸੇ ਵੀ ਨੁਮਾਇੰਦੇ ਵਲੋਂ ਉਨ੍ਹਾਂ ਦਾ ਇਹ ਪੱਤਰ ਨਹੀਂ ਲਿਆ ਗਿਆ, ਜਿਸਦੇ ਰੋਸ਼ ਵਜੋਂ ਇਹ ਚਿਤਾਵਨੀ ਪੱਤਰ ਐਮ.ਪੀ ਦੇ ਦਫ਼ਤਰ ਦੇ ਗੇਟ ਅੱਗੇ ਚਪਕਾਇਆ ਗਿਆ। ਇੱਥੇ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਕਿਸਾਨੀ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਸ ਨੂੰ ਹੁਣ ਕਿਸਾਨ ਸਹਿਣ ਨਹੀ ਕਰਨਗੇ । ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਐਮ ਐਸ. ਪੀ , ਕਿਸਾਨੀ ਕਰਜੇ ਦੀ ਮੁਆਫੀ, ਅੰਦੋਲਨ ਦੌਰਾਨ -ਬਣਾਏ ਕੇਸ ਰੱਦ ਕਰਨੇ,ਕਿਸਾਨ ਪੈਨਸ਼ਨ, ਫਸਲੀ ਬੀਮਾ ਆਦਿ ਮੰਗਾਂ ਨਾ ਮੰਨੀਆਂ ਤਾਂ ਕਿਸਾਨ ਜਲਦ ਹੀ ਮੁੜ ਦਿੱਲੀ ਵੱਲ ਕੂਚ ਕਰਨਗੇ । ਇਸ ਸਮੇਂ ਹੋਰਨਾਂ ਤੋਂ ਇਲਾਵਾ ਬੀ ਕੇ ਯੂ ਡਕੌਂਦਾ ਦੇ ਜਿਲਾ ਮੀਤ ਪ੍ਰਧਾਨ ਰਾਜਮਹਿੰਦਰ ਸਿੰਘ ,ਬੀ ਕੇ ਯੂ ਲੱਖੋਵਾਲ ਦੇ ਪ੍ਰਧਾਨ ਦਾਰਾ ਸਿੰਘ, ਜਮਹੂਰੀ ਕਿਸਾਨ ਸਭਾ ਆਗੂ ਸੁਖਮੰਦਰ ਸਿੰਘ, ਕਿਸਾਨ ਸਭਾ ਦੇ ਨਾਇਬ ਸਿੰਘ ਫੂਸ ਮੰਡੀ,ਕਿਸਾਨ ਸਭਾ ਜਿਲਾ ਪ੍ਰਧਾਨ ਜਸਵੀਰ ਸਿੰਘ ਆਕਲੀਆ,ਬੂਟਾ ਸਿੰਘ ਤੁੰਗਵਾਲੀ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਆਗੂ ਬੀਬੀ ਜਸਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ।
Share the post "ਕਿਸਾਨ ਜੱਥਬੰਦੀਆਂ ਨੇ ਘੇਰਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਦਫ਼ਤਰ, ਗੇਟ ’ਤੇ ਲਗਾਇਆ ਚੇਤਾਵਨੀ ਪੱਤਰ"