9 Views
ਸੁਖਜਿੰਦਰ ਮਾਨ
ਬਠਿੰਡਾ,12 ਦਸੰਬਰ-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਪਥਰਾਲਾ ਵੱਲੋਂ ਵਾਟਰ-ਵਰਕਸਾਂ ਦੀਆਂ ਆ ਰਹੀਆਂ ਸਮੱਸਿਆਵਾਂ ਸੰਬੰਧੀ ਬੀਡੀਪੀਓ ਨੂੰ ਜਨਤਕ ਵਫ਼ਦ ਰਾਹੀਂ ਮੰਗ ਪੱਤਰ ਦਿੱਤੇ ਗਏ।ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਨੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟਗੁਰੂ ਨੇ ਕਿਹਾ ਕਿ ਪਿੰਡ ਪਥਰਾਲਾ ਵਿੱਚ 2 ਵਾਟਰ ਵਰਕਸ ਮੋਜੂਦ ਹਨ, ਪਰ ਫਿਰ ਵੀ ਪਿੰਡ ਵਿੱਚ ਪਾਣੀ ਦੀ ਸਮੱਸਿਆ ਬਣੀ ਰਹਿੰਦੀ ਹੈ, ਉਹਨਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਹੈ, ਸੂਏ ਦੀ ਬੰਦੀ ਹੋਣ ਦੌਰਾਨ ਪਿੰਡ ਵਾਸੀ ਕਿਰਾਏ ਤੇ ਚੱਲਦੇ ਪਾਣੀ ਵਾਲੇ ਟੈਕਰਾਂ ਤੇ ਨਿਰਭਰ ਹਨ, ਜਿਸ ਕਾਰਨ ਪਿੰਡ ਵਾਸੀਆਂ ਨੂੰ ਪਾਣੀ ਦਾ ਬਿੱਲ ਭਰਨ ਦੇ ਬਾਵਜੂਦ ਵੀ ਦੂਹਰਾ ਹਰਜਾਨਾ ਝੱਲਣਾ ਪੈ ਰਿਹਾ ਹੈ,ਉਹਨਾਂ ਕਿਹਾ ਕਿ ਇਹ ਸੇਵਾਵਾਂ ਦੇ ਖੇਤਰ ਦਾ ਵੀ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸੰਸਾਰ ਬੈਂਕ ਦੀਆਂ ਹਿਦਾਇਤਾਂ ਤੇ ਪ੍ਰਾਈਵੇਟੇਸ਼ਨ ਕੀਤਾ ਜਾ ਰਿਹਾ ਹੈ,ਵਾਟਰ- ਵਰਕਸ ਪੰਚਾਇਤਾਂ ਨੂੰ ਸੌਂਪ ਦਿੱਤੇ ਹਨ, ਸਰਕਾਰ ਆਪਣੀ ਜੁੰਮੇਵਾਰੀ ਤੋਂ ਹੱਥ ਪਿੱਛੇ ਖਿੱਚ ਰਹੀ ਹੈ,ਸਰਕਾਰ ਨਵੀਂ ਜਲ ਨੀਤੀ 2021 ਲਾਗੂ ਕਰਕੇ ਧਰਤੀ ਦੀ ਮਾਲਕੀ ਅਤੇ ਪਾਣੀ ਦੀ ਮਾਲਕੀ ਨੂੰ ਵੱਖ-ਵੱਖ ਕਰਨ ਜਾ ਰਹੀ ਹੈ,ਜਿਸ ਤਹਿਤ ਪਾਣੀ ਨੂੰ ਵਪਾਰਕ ਵਸਤੂ ਬਣਾ ਕੇ ਕੰਪਨੀਆਂ ਦੇ ਮੁਨਾਫ਼ੇ ਵਾਸਤੇ ਰਾਹ ਪੱਧਰਾ ਕਰਨਾ ਹੈ ਅਤੇ ਕਿਰਤੀ ਲੋਕਾਂ ਨੂੰ ਆਰਥਿਕ ਤੌਰ ਤੇ ਹੋਰ ਖੁੰਗਲ ਕਰਨਾ ਹੈ।
ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ, ਰੇਲਵੇ ਲਾਇਨ ਸਥਿਤ ਵਾਟਰ-ਵਰਕਸ ਵਿੱਚ ਸੂਏ ਤੋਂ ਆ ਰਹੀ ਪਾਣੀ ਵਾਲੀ ਪਾਇਪ ਲਾਇਨ ਦਾ ਅਧੂਰਾ ਪਿਆ ਕੰਮ ਜਲਦੀ ਮੁਕੰਮਲ ਕੀਤਾ ਜਾਵੇ, ਰੇਲਵੇ ਲਾਇਨ ਸਥਿਤ ਵਾਟਰ-ਵਰਕਸ ਦੇ ਪਾਣੀ ਵਾਲੇ ਡੱਗ ਦੇ ਨਜ਼ਦੀਕ ਸਫੈਦਿਆਂ ਨੂੰ ਪਟਵਾਇਆ ਜਾਵੇ, ਤਾਂ ਜੋ ਡੱਗ ਵਿੱਚ ਮੋਜੂਦ ਪਾਣੀ ਨੂੰ ਗੰਦਾ ਹੋਣ ਤੋਂ ਬਚਾਇਆ ਜਾ ਸਕੇ, ਪਿੰਡ ਵਿੱਚ ਮੋਜੂਦ ਦੋਵੇਂ (2) ਵਾਟਰ-ਵਰਕਸਾਂ ਦੇ ਫਿਲਟਰਾਂ ਦੀ ਸਫਾਈ ਕਰਵਾ ਕੇ ਚਾਲੂ ਕਰਵਾਏ ਜਾਣ, ਮੇਨ ਰੋਡ ਸਥਿਤ ਵਾਟਰ-ਵਰਕਸ ‘ਚ ਮੋਜੂਦ ਡੱਗ ਟੁੱਟੇ ਹੋਏ ਹਨ, ਪਾਣੀ ਸੋਖਦੇ ਹਨ, ਇਹਨਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਪਿੰਡ ਦੀ ਫਿਰਨੀ ਤੋਂ ਬਾਹਰਲੇ ਘਰਾਂ (ਢਾਹਣੀਆਂ) ਨੂੰ ਪਾਣੀ ਦੀ ਨਿਰਬਿਘਨ ਸਪਲਾਈ ਯਕੀਨੀ ਬਣਾਈ ਜਾਵੇ, ਪਿੰਡ ਵਿੱਚ ਸਥਿਤ ਦੋਵੇਂ ਵਾਟਰ-ਵਰਕਸਾਂ ਦਾ ਸਰਕਾਰੀਕਰਨ ਕੀਤਾ ਜਾਵੇ। ਇਸ ਮੌਕੇ ਸਮੂਹ ਬਲਾਕ ਆਗੂਆਂ ਸਮੇਤ ਪਿੰਡ ਇਕਾਈ ਦੇ ਪ੍ਰਧਾਨ ਤਾਰਾ ਸਿੰਘ,ਬਲਜੀਤ ਕੌਰ ਪਥਰਾਲਾ, ਬੂਟਾ ਸਿੰਘ, ਕੰਮਣਾ ਸਿੰਘ, ਤੇਜਾ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।