ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਥਾਣਾ ਕੈਂਟ ਵਿਖੇ ਧਰਨਾ ਦਿੱਤਾ ਤੇ ਜਿਲਾ ਪ੍ਰਸਾਸਨ ਖਿਲਾਫ ਜੋਰਦਾਰ ਨਾਹਰੇ ਬਾਜ਼ੀ ਕੀਤੀ। ਜ਼ਿਲ੍ਹੇ ਵਿਖੇ ਪਿਛਲੇ ਦਿਨੀਂ 16 ਵਿਅਕਤੀਆਂ ਵੱਲੋਂ ਜਾਅਲੀ ਸਾਫ਼ਟਵੇਅਰ ਤਿਆਰ ਕਰਕੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 151 ਮਿਤੀ 29-10-2022 ਨੂੰ ਥਾਣਾ ਕੈਂਟ ਬਠਿੰਡਾ ਵਿਖੇ 420/120 ਬੀ ਤਹਿਤ ਦਰਜ ਹੋਇਆ ਸੀ। ਸਿੱਧੂਪੁਰ ਦੇ ਆਗੂ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਤੇ ਟਾਇਮ ਟਪਾਊ ਕਾਰਵਾਈ ਕਾਰਨ ਉਕਤ ਮੁਲਜ਼ਮ ਇਸ ਜਾਅਲੀ ਸਾਫਟਵੇਅਰ ਰਾਹੀਂ ਹੋਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਹੋਰ ਲੋਕਾਂ ਨੂੰ ਲੁੱਟ ਰਹੇ ਹਨ। ਮੁੱਦਈ ਮੁਕੱਦਮਾ ਵੱਲੋਂ ਮਿੱਤੀ 28-11-2022 ਨੂੰ ਇਸ ਮੁਕੱਦਮੇ ਵਿਚ ਦੋਸ਼ੀ ਗੁਰਪ੍ਰੀਤ ਕੌਰ ਨੂੰ ਉਸਦੇ ਪੇਕੇ ਪਿੰਡ ਤੋਂ ਪੁਲਿਸ ਪਾਰਟੀ ਨਾਲ ਜਾ ਕੇ ਗ੍ਰਿਫਤਾਰ ਕਰਵਾਇਆ ਸੀ, ਪਰ ਪੁਲਸ ਨੇ ਉਸ ਨੂੰ ਇਹ ਕਹਿ ਕੇ ਛੱਡ ਦਿੱਤਾ ਕਿ ਉਹ 30-11-2022 ਨੂੰ ਬਾਕੀ ਦੋਸ਼ੀਆਂ ਨਾਲ ਪੇਸ਼ ਹੋਣਗੇ। ਪਰ ਅੱਜ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਤਾਂ ਪੁਲੀਸ ਪ੍ਰਸ਼ਾਸਨ ਦੀ ਕਾਰਵਾਈ ਸ਼ੱਕ ਦੇ ਘੇਰੇ ਵਿਚ ਹੈ ਕਿ ਕਰੋੜਾਂ ਦੀ ਠੱਗੀ ਮਾਰਨ ਵਾਲੇ ਲੋਕ ਆਜ਼ਾਦ ਘੁੰਮ ਰਹੇ ਹਨ ਅਤੇ ਉਹ ਹੋਰ ਲੋਕਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਜਥੇਬੰਦੀ ਨੇ ਮੰਗ ਕੀਤੀ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ ਇਸ ਤੇ ਸਖਤ ਕਾਰਵਾਈ ਨਾ ਕੀਤੀ ਤਾਂ ਧਰਨਾ ਵੱਡਾ ਕੀਤਾ ਜਾਵੇਗਾ ਜਿਸ ਦੀ ਜਾਨੀ ਮਾਲੀ ਅਤੇ ਹੋਰ ਕਿਸੇ ਤਰ੍ਹਾਂ ਦੇ ਨੁਕਸ਼ਾਨ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ । ਇਸ ਧਰਨੇ ਨੂੰ ਜਿਲ੍ਹੇ ਦੇ ਆਗੂ ਰਣਜੀਤ ਜੀਦਾ,ਗੁਰਮੇਲ ਲਹਿਰਾ,ਕੁਲਵੰਤ ਸਿੰਘ ਨੇਹਿਆਵਲਾ,ਅੰਗਰੇਜ਼ ਸਿੰਘ ਕਲਿਆਣ ਨੇ ਸੰਬੋਧਨ ਕੀਤਾ। ਇਸ ਦੌਰਾਨ ਸਟੇਜ ਤੋਂ ਜਥੇਬੰਦੀ ਦੇ ਆਗੂ ਜਗਦੇਵ ਸਿੰਘ ਮਹਿਤਾ,ਦੀਪੂ ਮੰਡੀ ਕਲਾਂ,ਗੁਰਲਾਲ ਸਿੰਘ ਪੀੜ੍ਹਤ,ਜਗਦੇਵ ਸਿੰਘ ਬੁਰਜ ਮਾਨਸਾ,ਜਵਾਰ ਸਿੰਘ ਕਲਿਆਣ,ਲਖਵੀਰ ਖੋਖਰ,ਬਲਵੀਰ ਲਹਿਰਾ,ਤੇ ਵੱਡੀ ਗਿਣਤੀ ਵਿਚ ਵੱਖ ਵੱਖ ਪਿੰਡਾਂ ਦੇ ਪ੍ਰਧਾਨ ਤੇ ਵਰਕਰ ਹਾਜ਼ਰ ਸਨ।
ਫਰਜੀ ਕੰਪਨੀ ਦੇ ਵਿਰੁੱਧ ਕਿਸਾਨਾਂ ਨੇ ਥਾਣਾ ਕੈਂਟ ਅੱਗੇ ਦਿੱਤਾ ਧਰਨਾ
1 Views