ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਕਰਾਂਗੇ ਪੀ ਆਰ ਟੀ ਸੀ ਦਾ ਚੱਕਾ ਜਾਮ – ਸਰਬਜੀਤ ਭੁੱਲਰ
ਨਵੇਂ ਭਰਤੀ ਕੀਤੇ ਅਤੇ ਬਹਾਲ ਹੋਏ ਵਰਕਰਾਂ ਦੀ ਤਨਖ਼ਾਹ ਵਿੱਚ ਜਲਦ ਹੋਵੇ ਇਕਸਾਰਤਾ- ਸੰਦੀਪ ਗਰੇਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 19 ਦਸੰਬਰ : ਅੱਜ ਪਨਬੱਸ, ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਵੱਖ ਵੱਖ ਡਿੱਪੂਆਂ ਦੇ ਗੇਟਾਂ ’ਤੇ ਗੇਟ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ ਬੋਲਦਿਆਂ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਦਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਵਰਕਰਾਂ ਦੀਆਂ ਮੰਗਾਂ ਲਟਕਦੀਆਂ ਆ ਰਹੀਆਂ ਹਨ ਪਰ ਸਰਕਾਰ ਨੂੰ ਕੋਈ ਫ਼ਿਕਰ ਨਹੀਂ। ਪੰਜਾਬ ਵਿੱਚ ਬਦਲਾਵ ਦੇ ਰੂਪ ਵਿੱਚ ਲਿਆਂਦੀ ਗਈ ਆਮ ਆਦਮੀ ਦੀ ਸਰਕਾਰ ਤੋਂ ਕੱਚੇ ਮੁਲਾਜਮਾਂ ਨੂੰ ਬਹੁਤ ਉਮੀਦਾਂ ਸਨ ਪਰ ਸਰਕਾਰ ਵੱਲੋਂ ਫਿਰ ਤੋਂ ਵਿਭਾਗ ਵਿੱਚ ਆਊਟਸੋਰਸ ਤੇ ਭਰਤੀ ਕਰਕੇ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ,ਦੂਸਰੇ ਪਾਸੇ ਮਹਿਕਮੇ ਵਿਚ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਅਪਰੇਟਰਾਂ ਦੀਆਂ ਬੱਸਾਂ ਪਾ ਕੇ ਸਰਕਾਰੀ ਅਦਾਰੇ ਖਤਮ ਕਰਨ ਤੇ ਤੁਲੀ ਹੋਈ ਹੈ । ਉਹਨਾਂ ਦਸਿਆ ਕਿ ਇਕ ਮਹਿਕਮੇ ਵਿੱਚ ਕੱਚੇ ਮੁਲਾਜਮਾਂ ਨੂੰ ਦੋ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ, ਜਿਹੜੇ ਵਰਕਰ ਪੁਰਾਣੇ ਕੰਮ ਕਰ ਰਹੇ ਹਨ, ਉਹਨਾਂ ਨੂੰ ਤਾਂ ਪੰਦਰਾਂ ਹਜਾਰ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ ਪਰ ਜਿਹੜੇ ਵਰਕਰ ਆਮ ਆਦਮੀ ਦੀ ਸਰਕਾਰ ਬਣਨ ਤੋਂ ਬਾਅਦ ਭਰਤੀ ਕੀਤੇ ਗਏ ਹਨ, ਉਹਨਾਂ ਨੂੰ ਨੌ ਹਜਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ, ਇਸੇ ਤਰ੍ਹਾਂ ਹੀ ਜੇਕਰ ਕੋਈ ਸਾਥੀ ਰਿਪੋਰਟ ਤੋਂ ਬਾਅਦ ਬਹਾਲ ਹੋ ਕੇ ਡਿਊਟੀ ਤੇ ਆਉਂਦਾ ਹੈ ਤਾਂ ਉਸਨੂੰ ਵੀ ਘੱਟ ਤਨਖਾਹ ਤੇ ਹੀ ਲਿਆ ਜਾਂਦਾ ਹੈ। ਜਥੇਬੰਦੀ ਤਨਖਾਹ ਵਿੱਚ ਇਕਸਾਰਤਾ ਦੀ ਮੰਗ ਕਰਦੀ ਹੈ ਅਤੇ ਕਿਲੋਮੀਟਰ ਦੀਆਂ ਬੱਸਾਂ ਦਾ ਡੱਟ ਕੇ ਵਿਰੋਧ ਕਰਦੀ ਹੈ। ਇਸ ਮੌਕੇ ਬੋਲਦਿਆਂ ਡੀਪੂ ਪ੍ਰਧਾਨ ਸੰਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਪੀ ਆਰ ਟੀ ਸੀ ਵਿੱਚ ਡਾਇਰੈਕਟ ਕੰਟਰੈਕਟ ਤੇ ਕੰਮ ਕਰਦੇ ਵਰਕਰਾਂ ਨੂੰ ਜਲਦੀ ਵਿਭਾਗ ਵਿੱਚ ਪੱਕਾ ਕੀਤਾ ਜਾਵੇ ਅਤੇ ਬਾਕੀ ਆਊਟਸੋਰਸ ਤੇ ਕੰਮ ਕਰਦੇ ਸਮੂਹ ਵਰਕਰਾਂ ਨੂੰ ਕੰਟਰੈਕਟ ਤੇ ਲਿਆ ਜਾਵੇ ਤਾਂ ਜ਼ੋ ਹਰ ਸਾਲ ਲਗਭਗ ਵੀਹ ਕਰੋੜ ਰੁਪਏ ਦੇ ਰੂਪ ਵਿੱਚ ਜਾਣ ਵਾਲਾ ਪੈਸਾ ਬਚਾਇਆ ਜਾ ਸਕੇ। ਇਸ ਮੌਕੇ ਬੋਲਦਿਆਂ ਡੀਪੂ ਚੇਅਰਮੈਨ ਸਰਬਜੀਤ ਸਿੰਘ ਭੁੱਲਰ ਨੇ ਕਿਹਾ ਕਿ ਜੇਕਰ ਅੱਜ ਵਾਲੀ ਮੀਟਿੰਗ ਵਿੱਚ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਕੱਲ ਤੋਂ ਪੀ ਆਰ ਟੀ ਸੀ ਦੇ ਸਮੂਹ ਡਿੱਪੂਆਂ ਦਾ ਚੱਕਾ ਜਾਮ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਪੱਕਾ ਮੋਰਚਾ ਲਾਇਆ ਜਾਵੇਗਾ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਸੰਘਰਸ਼ ਕਰਕੇ ਸਰਕਾਰ ਤੋਂ ਆਪਣੀਆਂ ਮੰਗਾਂ ਮੰਗਵਾਈਆਂ ਜਾਣਗੀਆਂ। ਇਸ ਮੌਕੇ ਗੇਟ ਰੈਲੀ ਵਿੱਚ ਬਲਕਾਰ ਸਿੰਘ , ਰੇਸ਼ਮ ਸਿੰਘ, ਗੁਰਪ੍ਰੀਤ ਕਮਾਲੁ, ਸਤਵਿੰਦਰ ਸਿੰਘ ਸੱਤੂ ਹਾਜ਼ਰ ਹੋਏ।
Share the post "ਸਰਕਾਰ ਜਲਦੀ ਕਰੇ ਕੱਚੇ ਮੁਲਾਜਮਾਂ ਨੂੰ ਵਿਭਾਗ ਵਿੱਚ ਰੈਗੂਲਰ – ਕੁਲਵੰਤ ਸਿੰਘ ਮਨੇਸ"