ਜੇਕਰ ਕਿਸੇ ਨੂੰ ਕੋਈ ਸਮੱਸਿਆ ਤਾਂ ਪਾਰਟੀ ਫ਼ੋਰਮ ’ਤੇ ਗੱਲ ਰੱਖੇ, ਨਾਂ ਕਿ ਸੋਸਲ ਮੀਡੀਆ ’ਤੇ: ਪੰਜਾਬ ਪ੍ਰਧਾਨ
ਬਠਿੰਡਾ ’ਚ ਕਾਂਗਰਸ ਦੇ ਪ੍ਰਧਾਨਾਂ ਦੀ ਹੋਈ ਤਾਜ਼ਪੋਸ਼ੀ ਸਮਾਗਮ ਵਿਚ ਸਾਬਕਾ ਵਿਤ ਮੰਤਰੀ ’ਤੇ ਲਾਏ ਰਗੜੇ
ਕਿਹਾ ਕੈਪਟਨ ਅਪਣੇ ਸਵਿੱਸ ਖ਼ਾਤਿਆਂ ਨੂੰ ਸੇਫ਼ ਰੱਖਣ ਲਈ ਭਾਜਪਾ ਵਿਚ ਗਏ
ਸੁਖਜਿੰਦਰ ਮਾਨ
ਬਠਿੰਡਾ, 22 ਦਸੰਬਰ : ਪਾਰਟੀ ’ਚ ਅਨੁਸ਼ਾਸਨ ਭੰਗ ਕਰਨ ਵਾਲਿਆਂ ਪ੍ਰਤੀ ਸਖ਼ਤ ਰੁੱਖ ਅਪਣਾਉਣ ਦਾ ਇਸ਼ਾਰਾ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਨੇ ਐਲਾਨ ਕੀਤਾ ਕਿ ‘‘ ਪਾਰਟੀ ਨੂੰ ਢਾਹ ਲਾਉਣ ਵਾਲਿਆਂ ਨੂੰ ਹੁਣ ਬਾਹਰ ਦਾ ਰਾਸਤਾ ਵਿਖਾਇਆ ਜਾਵੇਗਾ। ’’ ਅੱਜ ਬਠਿੰਡਾ ’ਚ ਕਾਂਗਰਸ ਦੇ ਨਵਨਿਯੁਕਤ ਪ੍ਰਧਾਨਾਂ ਰਾਜਨ ਗਰਗ ਤੇ ਖ਼ੁਸਬਾਜ਼ ਸਿੰਘ ਜਟਾਣਾ ਦੀ ਤਾਜ਼ਪੋਸ਼ੀ ਮੌਕੇ ਰੱਖੇ ਸਮਾਗਮ ਵਿਚ ਹਿੱਸਾ ਲੈਣ ਪੁੱਜੇ ਸ਼੍ਰੀ ਵੜਿੰਗ ਨੇ ਪਾਰਟੀ ਆਗੂਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਪਾਰਟੀ ਫ਼ੋਰਮ ’ਤੇ ਸਿੱਧੀ ਗੱਲ ਕਰੇ ਨਾਂ ਕਿ ਫ਼ੇਸਬੁੱਕ ’ਤੇ ਲਾਈਵ ਹੋ ਕੇ ਪਾਰਟੀ ਦਾ ਅਨੁਸਾਸਨ ਭੰਗ ਕਰੇ। ਸਮਾਗਮ ਤੋਂ ਪਹਿਲਾਂ ਰੱਖੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਅਸਿੱਧੇ ਢੰਗ ਨਾਲ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ‘‘ ਕਾਂਗਰਸ ਨੇ ਕਈ ਫ਼ੇਲ ਹੋ ਚੁੱਕੇ ਬੰਦਿਆਂ ਨੂੰ ਤਾਕਤਾਂ ਬਖ਼ਸੀਆਂ ਪਰ ਹੁਣ ਉਨਾਂ ਬੰਦਿਆਂ ਨੂੰ ਵੀ ਪਾਰਟੀ ਲਈ ਖੜ੍ਹਣਾ ਚਾਹੀਦਾ ਹੈ। ’’ ਗੌਰਤਲਬ ਹੈ ਕਿ ਅੱਜ ਦੇ ਸਮਾਗਮ ਵਿਚ ਮਨਪ੍ਰੀਤ ਧੜਾ ਪੂਰੀ ਤਰ੍ਹਾਂ ਗਾਇਬ ਸੀ ਅਤੇ ਮੇਅਰ ਸਹਿਤ ਕਈ ਕੋਂਸਲਰ ਨੇ ਤਾਜ਼ਪੋਸ਼ੀ ਸਮਾਗਮ ਤੋਂ ਟਾਲਾ ਵੱਟਿਆ ਹੋਇਆ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਦਾਅਵਾ ਕੀਤਾ ਕਿ ‘‘ ਕਾਂਗਰਸ ਪਾਰਟੀ ਵਲੋਂ ਪਿਛਲੇ ਸਮੇਂ ਦੌਰਾਨ ਵਪਾਰਕ ਹਿੱਤਾਂ ਵਾਲੇ ਆਗੂਆਂ ਨੂੰ ਪੰਜਾਬ ਦੀ ਸੱਤਾ ਦੀ ਚਾਬੀ ਸੌਂਪਣ ਕਾਰਨ ਅੱਜ ਇਹ ਦਿਨ ਦੇਖਣੇ ਪੈ ਰਹੇ ਹਨ। ’’ ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲਾਂ ਵਿਚ ਕਾਂਗਰਸ ਦੇ ਵਰਕਰ ਨੂੰ ਹੀ ਮਾਰਨ ਦੀ ਕੋਸ਼ਿਸ਼ ਕੀਤੀ ਤੇ ਸੁਨੀਲ ਜਾਖੜ ਨੇ ਪ੍ਰਧਾਨਗੀ ਦੌਰਾਨ ਵੀ ਵਰਕਰਾਂ ਦੀ ਬਾਤ ਨਹੀਂ ਪੁੱਛੀ। ਉਨ੍ਹਾਂ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਸਵਿੱਸ ਵਿਚ ਅਪਣੇ ਖਾਤਿਆਂ ਨੂੰ ਸੇਫ਼ ਰੱਖਣ ਲਈ ਹੀ ਭਾਜਪਾ ਵਿਚ ਗਏ ਹਨ ਜਦੋਂਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਕੁੱਝ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਵਿਚ ਵਿਅਕਤੀ ਵਿਸ਼ੇਸ ਨੂੰ ਨਹੀਂ ਉਭਾਰਿਆ ਜਾਵੇਗਾ, ਬਲਕਿ ਪਾਰਟੀ ਦੀ ਵਿਚਾਰਧਾਰਾ ਨੂੰ ਅੱਗੇ ਕੀਤਾ ਜਾਵੇਗਾ। ਇਸਦੇ ਲਈ ਹੇਠਲੇ ਪੱਧਰ ’ਤੇ ਵਰਕਰ ਨੂੰ ਅੱਗੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ’ਚ ਵਿਚ ਜੇਕਰ ਚੇਅਰਮੈਨੀਆਂ, ਮੇਅਰਸ਼ਿਪ ਤੇ ਪ੍ਰਧਾਨਗੀਆਂ ਵਰਕਰਾਂ ਨੂੰ ਦਿੱਤੀਆਂ ਜਾਂਦੀਆਂ ਤਾਂ ਪਾਰਟੀ ਦਾ ਅੱਜ ਇਹ ਹਾਲ ਨਹੀਂ ਹੋਣਾ ਸੀ। ਪਾਰਟੀ ਵਿਚ ਅਨੁਸਾਸਨ ਨੂੰ ਸਭ ਤੋਂ ਵੱਧ ਮਹੱਤਵ ਦਿੰਦਿਆਂ ਪੰਜਾਬ ਪ੍ਰਧਾਨ ਨੇ ਇਸ ਮਾਮਲੇ ਵਿਚ ਆਪ ਵਲੋਂ ਅਪਣਾਈ ਨੀਤੀ ਦੀ ਸਲਾਘਾ ਕਰਦਿਆਂ ਕਿਹਾ ਕਿ ਜਦ ਪਿਛਲੀ ਵਿਧਾਨ ਸਭਾ ਚੋਣਾਂ ਵਿਚ ਆਪ ਦੀ ਟਿਕਟ ’ਤੇ ਜਿੱਤੇ 18 ਵਿਧਾਇਕਾਂ ਵਿਚੋਂ 8 ਛੱਡ ਕੇ ਚਲੇ ਗਏ ਸਨ ਤਾਂ ਵੀ ਕੇਜ਼ਰੀਵਾਲ ਨੇ ਪ੍ਰਵਾਹ ਨਹੀਂ ਕੀਤੀ ਤੇ ਅੱਜ ਇਹ ਪਾਰਟੀ 10 ਤੋਂ 92 ਵਿਧਾਇਕਾਂ ਤੱਕ ਪੂੱਜ ਗਈ ਹੈ। ਬਾਦਲਾਂ ਨਾਲ ਕੋਈ ਸਮਝੋਤਾ ਨਾ ਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਉਹ ਚਾਰ ਮਹੀਨਿਆਂ ਲਈ ਮੰਤਰੀ ਬਣੇ ਸਨ ਤਾਂ ਸਭ ਤੋਂ ਪਹਿਲਾਂ ਇਸ ਪ੍ਰਵਾਰ ਦੀਆਂ ਬੱਸਾਂ ਨੂੰ ਫ਼ੜਿਆ ਗਿਆ ਸੀ। ਜਿਸ ਕਾਰਨ ਉਹ ਇੰਨ੍ਹਾਂ ਦੀਆਂ ਅੱਖਾਂ ਵਿਚ ਰੜਕਦੇ ਹਨ। ਉਨ੍ਹਾਂ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਖੁਦ ਨੂੰ ਥੋੜੀਆਂ ਵੋਟਾਂ ਨਾਲ ਮਿਲੀ ਹਾਰ ਦੀ ਚੀਸ ਜ਼ਾਹਰ ਕਰਦਿਆਂ ਕਿਹਾ ਕਿ ਬਠਿੰਡਾ ਵਾਲਿਆਂ ਨੇ ਤਾਂ ਹਰਸਿਮਰਤ ਬਾਦਲ ਨੂੰ ਹਰਾ ਦਿੱਤਾ ਸੀ ਪਰ ਕਈਆਂ ਨੇ ਯਾਰੀ ਪੁਗਾ ਦਿੱਤੀ। ਪੰਜਾਬ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਫ਼ਿਕਰ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਸਿੱਖੀ ਦੇ ਪ੍ਰਚਾਰ ਦੇ ਹੱਕ ਵਿਚ ਹਨ ਪ੍ਰੰਤੂ ਖ਼ਾਲਿਸਤਾਨ ਦੇ ਵਿਰੋਧ ਵਿਚ ਹਨ। ਇਸ ਦੌਰਾਨ ਉਨ੍ਹਾਂ ਭਾਰਤ ਜੋੜੋ ਯਾਤਰਾ ਦੇ ਪੰਜਾਬ ਆਮਦ ’ਤੇ ਕਾਂਗਰਸੀਆਂ ਨੂੰ ਪੂਰੇ ਉਤਸ਼ਾਹ ਵਿਚ ਪੁੱਜਣ ਦੀ ਅਪੀਲ ਵੀ ਕੀਤੀ। ਇਸਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਨਵਨਿਯੁਕਤ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਅਤੇ ਰਾਜਨ ਗਰਗ ਨੇ ਭਰੋਸਾ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਦੀ ਤਰੱਕੀ ਲਈ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨਗੇ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਸਾਬਕਾ ਚੇਅਰਮੈਨ ਕੇ.ਕੇ.ਅਗਰਵਾਲ, ਸਾਬਕਾ ਪ੍ਰਧਾਨ ਅਰੁਣ ਵਧਾਵਨ, ਬਲਜਿੰਦਰ ਠੇਕੇਦਾਰ, ਅਵਤਾਰ ਸਿੰਘ ਗੋਨਿਆਣ, ਅਨਿਲ ਭੋਲਾ, ਟਹਿਲ ਸਿੰਘ ਸੰਧੂ, ਪਵਨ ਮਾਨੀ, ਯੂਥ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਰਣਜੀਤ ਸਿੰਘ ਸੰਧੂ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਹਰਵਿੰਦਰ ਸਿੰਘ ਲੱਡੂ, ਸੁਖਦੀਪ ਸਿੰਘ ਰਾਮਨਗਰ, ਸੰਦੀਪ ਸਿੰਘ ਗੋਨਿਆਣਾ, ਕ੍ਰਿਸਨ ਸਿੰਘ ਭਾਂਗੀਵਾਦਰ, ਰਾਮ ਸਿੰਘ ਵਿਰਕ, ਰੁਪਿੰਦਰ ਬਿੰਦਰਾ, ਕਿਰਨਜੀਤ ਸਿੰਘ ਗਹਿਰੀ ਆਦਿ ਆਗੂ ਹਾਜ਼ਰ ਸਨ।
Share the post "ਪਾਰਟੀ ’ਚ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਦਿਖਾਂਵਗਾ ਬਾਹਰ ਦਾ ਰਾਸਤਾ: ਰਾਜਾ ਵੜਿੰਗ"