ਸੁਖਜਿੰਦਰ ਮਾਨ
ਬਠਿੰਡਾ , 26 ਦਸੰਬਰ : ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਵੱਲੋਂ ਰਿਸਰਚ ਦੇ ਖੇਤਰ ਵਿੱਚ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ ਅਤੇੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਵਿੱਚ ਰਿਸਰਚ ਪ੍ਰਵਿਰਤੀਆਂ ਨੂੰ ਪ੍ਰਫੁੱਲਤ ਕਰਨ ਲਈ ਖੋਜ ਅਨੁਕੂਲ ਮਾਹੌਲ ਪ੍ਰਦਾਨ ਕਰਨ ਦੇ ਨਾਲ ਨਾਲ ਰਿਸਰਚ ਲਈ ਵੱਖਰਾ ਬਜਟ ਰੱਖਿਆ ਜਾਂਦਾ ਹੈ। ਸੰਸਥਾ ਦੇ ਡਿਪਾਰਟਮੈਂਟ ਆਫ਼ ਰਿਸਰਚ ਐਂਡ ਇਨੋਵੇਸ਼ਨ ਦੀ ਸਰਗਰਮ ਭੂਮਿਕਾ ਸਦਕਾ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਬੀ.ਐਫ.ਸੀ.ਈ.ਟੀ.) ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਆਈ. ਪੀ. ਇੰਡੀਆ ਅਤੇ ਭਾਰਤ ਸਰਕਾਰ ਦੇ ਉਦਯੋਗਿਕ ਅਤੇ ਵਣਜ ਮੰਤਰਾਲੇ ਦੇ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ਼ ਇੰਡਸਟਰੀ ਐਂਡ ਇੰਟਰਨਲ ਟਰੇਡ ਦੇ ਅਧੀਨ ਪੇਟੈਂਟ, ਡਿਜ਼ਾਈਨ ਅਤੇ ਟਰੇਡਮਾਰਕ ਲਈ ਕੰਟਰੋਲਰ ਜਨਰਲ ਦੇ ਦਫ਼ਤਰ ਦੁਆਰਾ ’ਏ ਰੋਡ ਸੋਲਡਰ ਲੇਇੰਗ ਐਂਡ ਰੀਕਲੇਮਰ ਮਸ਼ੀਨ’ ਦਾ ਪੇਟੈਂਟ ਸਰਟੀਫਿਕੇਟ ਹਾਸਲ ਕੀਤਾ ਹੈ। ਇਸ ਪ੍ਰਾਪਤੀ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਅਸਿਸਟੈਂਟ ਪ੍ਰੋਫੈਸਰ (ਸਿਵਲ ਇੰਜ.) ਇੰਜ. ਪੰਕਜ ਮਿੱਤਲ ਅਤੇ ਬੈਚ 2016-20 ਦੇ ਵਿਦਿਆਰਥੀ ਸੁਨੈਨਾ ਰਾਣੀ, ਹਰਵਿੰਦਰ ਸਿੰਘ ਤੇ ਰਾਹੁਲ ਰਾਜਪੂਤ ਨੇ ਕੀਤੀ ਹੈ ਜੋ ਵਧਾਈ ਦੇ ਹੱਕਦਾਰ ਹਨ। ਇਹ ਕਾਢ ਰੋਡ ਸੋਲਡਰ ਤਿਆਰ ਕਰਨ ਅਤੇ ਮੁਰੰਮਤ ਕਰਨ ਲਈ ਬਹੁ-ਮੰਤਵੀ ਵਰਤੋਂ ਨਾਲ ਸਬੰਧਿਤ ਹੈ ਜੋ ਕਿਸੇ ਵੀ ਹਾਲਤ ਵਿੱਚ ਰੋਡ ਸੋਲਡਰ ਨੂੰ ਮੁੜ ਰੀਕਲੇਮ ਜਾਂ ਮੁਰੰਮਤ ਕਰ ਸਕਦੀ ਹੈ ਅਤੇ ਆਪਣੀ ਡਿਜ਼ਾਈਨ ਸਮਰੱਥਾ ਦੇ ਕਾਰਨ ਇਹ ਮਸ਼ੀਨ ਬਿਨਾਂ ਕਿਸੇ ਵੱਡੇ ਬਦਲਾਅ ਦੇ ਸੜਕ ਨਿਰਮਾਣ ਵਿੱਚ ਕੰਮ ਕਰ ਸਕਦੀ ਹੈ। ਬੀ.ਐਫ.ਜੀ. ਆਈ. ਦੇ ਡੀਨ (ਰਿਸਰਚ ਐਂਡ ਇਨੋਵੇਸ਼ਨ) ਡਾ. ਮਨੀਸ਼ ਗੁਪਤਾ ਨੇ ਇਸ ਅਹਿਮ ਪ੍ਰਾਪਤੀ ’ਤੇ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਰਿਸਰਚ ਐਂਡ ਇਨੋਵੇਸ਼ਨ ਵਿਭਾਗ ਦੇ ਉਪਰਾਲਿਆਂ ਅਤੇ ਪ੍ਰੇਰਨਾ ਸਦਕਾ ਸੰਸਥਾ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਇਹ ਪੇਟੈਂਟ ਪ੍ਰਾਪਤ ਕੀਤਾ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬੀ.ਐਫ.ਸੀ.ਈ.ਟੀ. ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਅਹਿਮ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਨੇ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਲਗਾਤਾਰ ਅਜਿਹੀਆਂ ਪ੍ਰਾਪਤੀਆਂ ਜਾਰੀ ਰਹਿਣਗੀਆਂ।
Share the post "ਬੀ.ਐਫ.ਜੀ.ਆਈ. ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਨੇ ‘ਏ ਰੋਡ ਸੋਲਡਰ ਲੇਇੰਗ ਐਂਡ ਰੀਕਲੇਮਰ ਮਸ਼ੀਨ’ ਦਾ ਪੇਟੈਂਟ ਹਾਸਲ ਕੀਤਾ"