ਸੁਖਜਿੰਦਰ ਮਾਨ
ਬਠਿੰਡਾ, 27 ਦਸੰਬਰ: ਉੱਨਤ ਭਾਰਤ ਅਭਿਆਨ ਤਹਿਤ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ (ਬੀ.ਐਫ.ਸੀ.ਈ.ਟੀ.) ਨੇ ਗੁਰਲਾਲ ਲੈਬਾਰਟਰੀਜ਼, ਭੁੱਚੋ ਮੰਡੀ ਦੇ ਸਹਿਯੋਗ ਨਾਲ ਪਿੰਡ ਭੋਖੜਾ ਵਿਖੇ ਇੱਕ ਮੈਡੀਕਲ ਚੈੱਕਅਪ ਕੈਂਪ ਲਗਾਇਆ। ਜਿਸ ਦੌਰਾਨ ਪਿੰਡ ਵਾਸੀਆਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਮਲੇਰੀਆ ਅਤੇ ਡੇਂਗੂ ਆਦਿ ਬਾਰੇ ਜਾਗਰੂਕ ਕੀਤਾ ਅਤੇ ਇਨ੍ਹਾਂ ਸਮੱਸਿਆਵਾਂ ਦੀ ਰੋਕਥਾਮ ਲਈ ਸਾਵਧਾਨੀਆਂ ਬਾਰੇ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ। ਪਿੰਡ ਅਤੇ ਘਰ-ਘਰ ਸਰਵੇਖਣ ਫਾਰਮ ਭਰਨ ਵਾਲੀ ਟੀਮ ਦੀ ਮਦਦ ਕਰਨ ਅਤੇ ਮਾਰਗ ਦਰਸ਼ਨ ਕਰਨ ਲਈ ਪਿੰਡ ਭੋਖੜਾ ਦੇ ਸਰਪੰਚ ਸ. ਫਲੇਲ ਸਿੰਘ ਪੰਚਾਇਤ ਮੈਂਬਰਾਂ ਸਮੇਤ ਇਸ ਕੈਂਪ ਵਿੱਚ ਹਾਜ਼ਰ ਸਨ । ਇਸ ਜਾਗਰੂਕਤਾ ਗਤੀਵਿਧੀ ਦਾ ਡਾ. ਰਾਜ ਸਿੰਘ, ਡਾ. ਗੁਰਲਾਲ ਸਿੰਘ ਅਤੇ ਪਿੰਡ ਭੋਖੜਾ ਦੇ ਸਰਪੰਚ ਸ. ਫਲੇਲ ਸਿੰਘ ਨੇ ਉਦਘਾਟਨ ਕੀਤਾ ਅਤੇ ਪਿੰਡ ਵਾਸੀਆਂ ਨੂੰ ਇਸ ਗਤੀਵਿਧੀ ਵਿੱਚ ਸਰਗਰਮੀ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸਰਵੇਖਣ ਫਾਰਮ ਭਰਨ ਲਈ ਪਿੰਡ ਭੋਖੜਾ ਦੇ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਸਥਾਨਕ ਅਧਿਕਾਰੀਆਂ ਨਾਲ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਦੇ 69 ਵਿਦਿਆਰਥੀ ਮੌਜੂਦ ਸਨ। ਐਨ.ਸੀ.ਸੀ. ਵਿਭਾਗ ਤੋਂ ਉੱਨਤ ਭਾਰਤ ਅਭਿਆਨ ਦੇ ਪ੍ਰਧਾਨ ਇੰਜ. ਬਲਵੰਤ ਸਿੰਘ ਨੇ ਇਸ ਗਤੀਵਿਧੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਦਿਆਰਥੀਆਂ ਦਾ ਸਾਥ ਦਿੱਤਾ। ਪਿੰਡ ਵਾਸੀਆਂ ਤੋਂ ਫੀਡਬੈਕ ਲਿਆ ਗਿਆ ਤਾਂ ਉਹ ਮੈਡੀਕਲ ਚੈੱਕਅਪ ਕੈਂਪ ਲਈ ਸਕਾਰਾਤਮਿਕ ਅਤੇ ਊਰਜਾਵਾਨ ਸਨ। ਉਨ੍ਹਾਂ ਨੇ ਸੰਸਥਾ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਕਰਵਾਉਣ ਦੀ ਅਪੀਲ ਕੀਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬੀ.ਐਫ.ਸੀ.ਈ.ਟੀ. ਦੇ ਇਸ ਕਦਮ ਦੀ ਭਰਪੂਰ ਪ੍ਰਸੰਸਾ ਕੀਤੀ ।
ਬਾਬਾ ਫ਼ਰੀਦ ਕਾਲਜ ਪਿੰਡ ਭੋਖੜਾ ਵਿਖੇ ਮੈਡੀਕਲ ਚੈੱਕਅਪ ਕੈਂਪ ਆਯੋਜਿਤ ਕੀਤਾ
16 Views